ਸ਼ਰਧਾ ਨਾਲ ਮਨਾਇਆ ਸੰਤ ਬਾਬਾ ਦਲੇਲ ਸਿੰਘ ਦਾ 124ਵਾਂ ਜਨਮ ਦਿਹਾੜਾ
ਸ਼ਰਧਾ ਨਾਲ ਮਨਾਇਆ ਸੰਤ ਬਾਬਾ ਦਲੇਲ ਸਿੰਘ ਜੀ ਦਾ 124ਵਾਂ ਜਨਮ ਦਿਹਾੜਾ
Publish Date: Sun, 01 Feb 2026 06:57 PM (IST)
Updated Date: Sun, 01 Feb 2026 07:01 PM (IST)

- ਨਿਰਮਲ ਕੁਟੀਆ ਸ਼ਹਾਬਪੁਰ ’ਚ ਪੁੱਜੇ ਵੱਡੀ ਗਿਣਤੀ ’ਚ ਸੰਤ ਮਹਾਪੁਰਸ਼ ਤੇ ਸੰਗਤ - ਜਥਿਆਂ ਨੇ ਕੀਰਤਨ ਤੇ ਕਥਾ ਵਿਚਾਰ ਰਾਹੀਂ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਿਆ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ ਤਰਨਤਾਰਨ : ਸ਼੍ਰੀਮਾਨ ਸੰਤ ਬਾਬਾ ਦਲੇਲ ਸਿੰਘ ਜੀ ਦਾ 124ਵਾਂ ਜਨਮ ਦਿਹਾੜਾ ਨਿਰਮਲ ਕੁਟੀਆ ਸ਼ਹਾਬਪੁਰ ਵਿਖੇ ਐਤਵਾਰ ਨੂੰ ਕੁਟੀਆ ਦੇ ਮੁੱਖ ਸੰਚਾਲਕ ਸੰਤ ਦਵਿੰਦਰ ਸਿੰਘ ਜੀ ਸੰਪਰਦਾਇ ਹੋਤੀ ਮਰਦਾਨ ਵਾਲਿਆਂ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕੁਟੀਆ ਦੇ ਦੀਵਾਨ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਨ ਗੁਰਮਤਿ ਅਤੇ ਸੰਤ ਸਮਾਗਮ ਵੀ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਥਾਵਾਂ ਤੋਂ ਜਿੱਥੇ ਸੰਤ ਸਮਾਜ ਨੇ ਸ਼ਮੂਲੀਅਤ ਕੀਤੀ। ਉੱਥੇ ਹੀ ਦੂਰ-ਦਰਾਡੇ ਤੋਂ ਆਏ ਜਥਿਆਂ ਅਤੇ ਕਥਾ ਵਾਚਕਾਂ ਨੇ ਦੀਵਾਨ ਵਿਚ ਜੁੜੀ ਸੰਗਤ ਨੂੰ ਹਰ ਜਸ ਸਰਵਣ ਕਰਵਾ ਕੇ ਨਿਹਾਲ ਕੀਤਾ। ਇਸ ਮੌਕੇ ਸੰਤ ਅਮੀਰ ਸਿੰਘ ਟਕਸਾਲ ਜਵੱਦੀ ਕਲਾਂ ਲੁਧਿਆਣਾ, ਬਾਬਾ ਬਲਵਿੰਦਰ ਸਿੰਘ ਗੁਰਦੁਆਰਾ ਜੋਤੀ ਸਰੂਪ ਫਤਹਿਗੜ ਸਾਹਿਬ, ਭਾਈ ਵਿਸ਼ਾਲ ਸਿੰਘ ਕਥਾ ਵਾਚ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਹਰਜੀਤ ਸਿੰਘ ਹਰਮਨ ਕਥਾ ਵਾਚਕ ਸ਼ਾਹਬਾਦ ਮਾਰਕੰਡਾ ਹਰਿਆਣਾ, ਭਾਈ ਜਤਿੰਦਰ ਸਿੰਘ ਬੋਪਾਰਾਏ, ਭਾਈ ਅਮਰਜੀਤ ਸਿੰਘ ਤਰਨਤਾਰਨ, ਕਾਰ ਸੇਵਾ ਭੂਰੀ ਸਾਹਿਬ ਦੇ ਮੁਖੀ ਬਾਬਾ ਕਸ਼ਮੀਰ ਸਿੰਘ ਤਰਫੋਂ ਬਾਬਾ ਸੁਖਵਿੰਦਰ ਸਿੰਘ, ਸੰਤ ਬਾਬਾ ਨੰਦ ਸਿੰਘ ਮੁੰਡਾਪਿੰਡ ਵਾਲੇ, ਸੰਤ ਬਾਬਾ ਪ੍ਰਿਤਪਾਲ ਸਿੰਘ ਰਸੂਲਪੁਰ, ਸੰਤ ਬਾਬਾ ਜਮਨਾ ਦਾਸ ਕੈਰੋਂ ਵਾਲੇ, ਸੰਤ ਬਾਬਾ ਮੰਗਲ ਸਿੰਘ ਮੁਗਲਚੱਕ ਵਾਲੇ, ਨਿਰਮਲ ਕੁਟੀਆ ਸੰਤ ਬਾਪੂ ਪਾਲ ਸਿੰਘ ਵੱਲੋਂ ਭੈਣ ਸਤਨਾਮ ਕੌਰ, ਵੈਦ ਸੰਤ ਬਲਵਿੰਦਰ ਸਿੰਘ ਖਡੂਰ ਸਾਹਿਬ ਨੇ ਜਿੱਥੇ ਸਮਾਗਮ ਵਿਚ ਸ਼ਮੂਲੀਅਤ ਕੀਤੀ। ਉੱਥੇ ਹੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸਤਪਾਲ ਸਿੰਘ ਅਤੇ ਭਾਈ ਹੀਰਾ ਸਿੰਘ ਕੰਗ ਨੇ ਕਥਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਉੱਥੇ ਹੀ ਪ੍ਰੋਫੈਸਰ ਨਿਸ਼ਾਨ ਸਿੰਘ ਤੇ ਬੱਚੀਆਂ ਸਵਰਲੀਨ ਕੌਰ ਅਤੇ ਗੁਨੀਤ ਕੌਰ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਦਵਿੰਦਰ ਸਿੰਘ ਸ਼ਹਾਬਪੁਰ ਵਾਲਿਆਂ ਨੇ ਸੰਗਤ ਨਾਲ ਕਥਾ ਵਿਚਾਰ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਸੰਤ ਬਾਬਾ ਦਲੇਲ ਸਿੰਘ ਜੀ 124ਵੇਂ ਜਨਮ ਦਿਹਾੜੇ ਮੌਕੇ ਮਹਾਨ ਗੁਰਮਤਿ ਅਤੇ ਸੰਤ ਸਮਾਗਮ ਕਰਵਾਇਆ ਗਿਆ ਹੈ। ਉਨ੍ਹਾਂ ਨੇ ਸਮਾਗਮ ਵਿਚ ਪੁੱਜੇ ਸੰਤ ਮਹਾਪੁਰਸ਼ਾਂ ਅਤੇ ਸਤਿਕਾਰਤ ਸ਼ਖ਼ਸੀਅਤਾਂ ਦੇ ਨਾਲ-ਨਾਲ ਕੀਰਤਨੀ ਜਥਿਆਂ, ਕਥਾ ਵਾਚਕਾਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਨਿਰਮਲ ਕੁਟੀਆ ਸ਼ਹਾਬਪੁਰ ਵਿਖੇ ਹਰ ਸਾਲ ਇਹ ਸਮਾਗਮ ਹੁੰਦਾ ਹੈ ਅਤੇ ਦੂਰ-ਦੁਰਾਡੇ ਤੋਂ ਸੰਗਤ ਤੇ ਜੱਥੇ ਇੱਥੇ ਪਹੁੰਚ ਕੇ ਸਮਾਗਮ ਵਿਚ ਹਾਜ਼ਰੀ ਭਰਦੇ ਹਨ। ਉਨ੍ਹਾਂ ਨੇ ਸਮੁੱਚੀ ਸੰਗਤ ਨੂੰ ਜੀ ਆਇਆਂ ਆਖਿਆ। ਉਨ੍ਹਾਂ ਦੱਸਿਆ ਕਿ ਦੂਸਰਾ ਸਮਾਗਮ 14 ਮਾਰਚ ਨੂੰ ਕਰਵਾਇਆ ਜਾਵੇਗਾ।