ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਮਨਾਇਆ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਮਨਾਇਆ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ
Publish Date: Sun, 01 Feb 2026 06:40 PM (IST)
Updated Date: Sun, 01 Feb 2026 06:43 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਤਰਨਤਰਨ ਆਸ਼ਰਮ ’ਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਸੁਆਮੀ ਰਣਜੀਤਾਨੰਦ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਸਮੇਂ ਮਨੁੱਖੀ ਸਮਾਜ ਧਰਮ ਤੋਂ ਹੀਣਾ ਹੋ ਜਾਂਦਾ ਹੈ, ਤਾਂ ਉਸ ਅੰਦਰ ਅਨੇਕਾਂ ਕੁਰੀਤੀਆਂ ਅਤੇ ਵਹਿਮ ਭਰਮ ਜਨਮ ਲੈ ਲੈਂਦੇ ਹਨ। ਸਮਾਜ ਅੰਦਰ ਜਾਤ-ਪਾਤ ਅਤੇ ਛੂਤ-ਛਾਤ ਵਰਗੀਆਂ ਬਿਮਾਰੀਆਂ ਮਨੁੱਖਤਾ ਦੀ ਵੇਲ ਨੂੰ ਥਾਂ-ਥਾਂ ਤੋਂ ਟੁੱਕ ਦਿੰਦੀਆਂ ਹਨ। ਜਿਸ ਕਾਰਨ ਸਮਾਜ ਅੰਦਰ ਅਨੇਕਤਾ ਦੀਆਂ ਗੰਢਾਂ ਬੱਝਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕਾਸ਼ੀ ਨਗਰੀ ਦੇ ਅੰਦਰ ਅਜਿਹੇ ਹੀ ਹਾਲਾਤਾਂ ਨੂੰ ਚੁਣੌਤੀ ਦੇਣ ਲਈ ਇੱਕ ਮਹਾਨ ਕ੍ਰਾਂਤੀਕਾਰੀ ਸਮਾਜ ਸੁਧਾਰਕ ਤੇ ਯੁੱਗ ਪਰਿਵਰਤਕ ਧਰਮ ਪੁਰਸ਼ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਨਮ ਲਿਆ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸੱਚ ਦੀ ਜੋ ਆਵਾਜ਼ ਬੁਲੰਦ ਕੀਤੀ। ਉਸ ਦੁਆਰਾ ਦੱਬੀ ਕੁਚਲੀ ਨਿਮਾਣੀ ਜਨਤਾ ਅੰਦਰ ਇੱਕ ਨਵੀਂ ਜਾਗ੍ਰਿਤੀ ਆਈ। ਉਨ੍ਹਾਂ ਦੇ ਅਲੌਕਿਕ ਜੀਵਨ ਅਤੇ ਲਾਸਾਨੀ ਸ਼ਖ਼ਸੀਅਤ ਅੱਗੇ ਉਸ ਸਮੇਂ ਦੇ ਰਾਜੇ ਮਹਾਰਾਜਿਆਂ ਨੂੰ ਵੀ ਝੁਕਣਾ ਪਿਆ। ਉਨ੍ਹਾਂ ਨੇ ਆਪਣੇ ਜੀਵਨ ਨੂੰ ਇੱਕ ਮਿਸਾਲ ਦੇ ਰੂਪ ਵਿਚ ਪੇਸ਼ ਕਰਦਿਆਂ ਹੋਇਆਂ ਇਹ ਪ੍ਰੇਰਨਾ ਦਿੱਤੀ ਕਿ ਮਹਾਪੁਰਸ਼ ਦਇਆ ਅਤੇ ਤਿਆਗ ਦੀ ਮੂਰਤ ਹੁੰਦੇ ਹਨ ਅਤੇ ਉਨ੍ਹਾਂ ਦਾ ਜੀਵਨ ਸਿਰਫ ਪਰਮਾਰਥ ਦੀ ਅਸਲ ਪਰਿਭਾਸ਼ਾ ਨੂੰ ਹੀ ਸਾਰਥਕ ਕਰਦਾ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਪ੍ਰੇਮ ਦੇ ਅਲੌਕਿਕ ਪੱਧਰ ਨੂੰ ਬਿਆਨ ਕਰਦੀ ਹੋਈ ਜੀਵ ਆਤਮਾ ਨੂੰ ਪ੍ਰਭੂ ਰੰਗ ਵਿਚ ਰੰਗੇ ਜਾਣ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਨੇ ਆਪਣੀ ਬਾਣੀ ਵਿਚ ਪ੍ਰਭੂ ਪ੍ਰਾਪਤੀ ਲਈ ਤੜਫ, ਅਰਦਾਸ, ਬੇਨਤੀ, ਵੈਰਾਗ ਅਤੇ ਪ੍ਰਭੂ ਪ੍ਰੀਤਮ ਨਾਲ ਪੱਕਾ ਰਿਸ਼ਤਾ ਗੰਢਣ ਸਬੰਧੀ ਵਿਸ਼ਿਆਂ ਦਾ ਸੰਜੀਵ ਚਿਤਰਨ ਕੀਤਾ ਹੈ। ਉਨ੍ਹਾਂ ਨੇ ਆਪਣੇ ਵਿਚਾਰਾਂ ਅੰਦਰ ਸਭ ਨੂੰ ਇਹੀ ਉਪਦੇਸ਼ ਦਿੱਤਾ ਕਿ ਜਿਸ ਨੂੰ ਵੀ ਮਾਨਵ ਤਨ ਮਿਲਿਆ ਹੈ। ਉਹ ਉਸ ਸੱਚੇ ਰੱਬ ਦੀ ਬੰਦਗੀ ਕਰਨ ਦਾ ਅਧਿਕਾਰੀ ਹੈ। ਜਾਤ-ਪਾਤ ਅਤੇ ਛੂਤ-ਛਾਤ ਦੀ ਅਗਿਆਨਤਾ ਵਾਲੀ ਸੋਚ ਹੀ ਸਾਡੀ ਧਾਰਮਿਕ ਏਕਤਾ ਨੂੰ ਖੇਰੂੰ ਖੇਰੂੰ ਕਰ ਰਹੀ ਹੈ। ਉਨ੍ਹਾਂ ਨੇ ਧਾਰਮਿਕਤਾ ਦੇ ਨਾਮ ’ਤੇ ਹੋ ਰਹੇ ਪਾਖੰਡ ਦਾ ਡੱਟ ਕੇ ਵਿਰੋਧ ਕੀਤਾ ਕਿ ਬਾਹਰ ਧਰਮ ਦਾ ਦਿਖਾਵਾ ਹੈ, ਪਰ ਮਨ ਤਰ੍ਹਾਂ-ਤਰ੍ਹਾਂ ਦੇ ਮਾਇਆਵੀ ਵਿਕਾਰਾਂ ਨਾਲ ਗ੍ਰਸਤ ਹੈ। ਜਿੱਥੇ ਮੇਰਾ ਤੇਰਾ ਹੈ, ਉੱਥੇ ਰੱਬ ਨਹੀਂ, ਬਲਕਿ ਉੱਥੇ ਤਾਂ ਸੰਕੀਰਣਤਾ ਦਾ ਪਹਿਰਾ ਹੈ। ਜਦੋਂ ਇਹੀ ਜਾਣ ਲਿਆ ਕਿ ਪਰਮਾਤਮਾ ਤਾਂ ਮੇਰੇ ਮਨ ਮੰਦਰ ਵਿਚ ਰਹਿੰਦਾ ਹੈ, ਤਾਂ ਫਿਰ ਦੂਈ ਦਵੈਤ ਕਿੱਥੇ ਰਹਿ ਜਾਵੇਗੀ। ਮਨੁੱਖੀ ਸਮਾਜ ਦੇ ਪਤਨ ਦਾ ਇਹ ਕਾਰਨ ਹੈ ਕਿ ਸਾਡੇ ਕੋਲ ਉਨ੍ਹਾਂ ਵਾਲੀ ਦਿਵਯ ਦ੍ਰਿਸ਼ਟੀ ਭਾਵ ਬ੍ਰਹਮ ਗਿਆਨ ਨਹੀਂ ਹੈ। ਜਿਸ ਦੁਆਰਾ ਉਸ ਇੱਕ ਨੂੰ ਦੇਖਿਆ ਜਾਂਦਾ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਭ ਲਈ ਇਹੀ ਸੰਦੇਸ਼ ਹੈ ਕਿ ਪੂਰਨ ਗੁਰੂ ਦੀ ਸ਼ਰਨ ਵਿਚ ਜਾ ਕੇ ਉਸ ਇੱਕ ਨੂੰ ਜਾਣੋ। ਜੋ ਤੁਹਾਡੇ ਹਿਰਦੇ ਦੇ ਅੰਦਰ ਬਿਰਾਜਮਾਨ ਹੈ, ਉਸੇ ਸਥਾਨ ਨੂੰ ਉਨ੍ਹਾਂ ਨੇ ਬੇਗਮਪੁਰਾ ਕਿਹਾ ਹੈ। ਪ੍ਰੋਗਰਾਮ ਦੌਰਾਨ ਸਾਧਵੀ ਰਮਨਦੀਪ ਭਾਰਤੀ, ਸਾਧਵੀ ਲਖਵਿੰਦਰ ਭਾਰਤੀ ਨੇ ਗੁਰਬਾਣੀ ਸ਼ਬਦ ਕੀਰਤਨ ਦਾ ਗਾਇਨ ਕੀਤਾ।