ਆਲਟੋ ਕਾਰ ਸਵਾਰ ਨੇ ਕੀਤੀ ਥਾਰ ਗੱਡੀ ’ਤੇ ਫਾਇਰਿੰਗ, ਇੱਕ ਜ਼ਖ਼ਮੀ
ਆਲਟੋ ਕਾਰ ਸਵਾਰ ਨੇ ਕੀਤੀ ਥਾਰ ਗੱਡੀ ’ਤੇ ਫਾਇਰਿੰਗ, ਇਕ ਜ਼ਖਮੀ
Publish Date: Sun, 01 Feb 2026 06:32 PM (IST)
Updated Date: Sun, 01 Feb 2026 06:34 PM (IST)

- ਦੋਵਾਂ ਹੱਥਾਂ ’ਚ ਫੜੇ ਸੀ ਪਿਸਤੌਲ, ਪੁਲਿਸ ਨੇ ਦਰਜ ਕੀਤਾ ਕੇਸ ਤੇਜਿੰਦਰ ਸਿੰਘ ਬੱਬੂ, •ਪੰਜਾਬੀ ਜਾਗਰਣ ਝਬਾਲ : ਜ਼ਿਲ੍ਹੇ ਦੇ ਪਿੰਡ ਮੰਨਣ ਦੇ ਅੱਡੇ ’ਤੇ ਇੱਕ ਥਾਰ ਵਿਚ ਸਵਾਰ ਵਿਅਕਤੀ ਉੱਪਰ ਕਥਿਤ ਤੌਰ ’ਤੇ ਆਲਟੋ ਸਵਾਰ ਵੱਲੋਂ ਫਾਇਰੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ਦੌਰਾਨ ਥਾਰ ਵਿਚ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ। ਜਿਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮੌਕੇ ’ਤੇ ਪੁੱਜੀ ਥਾਣਾ ਝਬਾਲ ਦੀ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਵਿਅਕਤੀ ਵਿਰੁੱਧ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਸਰਬਰਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਮੰਨਣ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਪਿਤਾ ਅਤੇ ਨੌਕਰ ਰੇਸ਼ਮ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਸਮੇਤ ਥਾਰ ਗੱਡੀ ਨੰਬਰ ਪੀਬੀ08 ਸੀਐੱਚ 0536 ’ਤੇ ਸਵਾਰ ਹੋ ਕੇ ਪਿੰਡ ਨੂਰਦੀ ਰਾਹੀਂ ਆਪਣੇ ਘਰ ਜਾ ਰਹੇ ਸੀ। ਜਦੋਂ ਉਹ ਸ਼ਾਮ ਸਾਢੇ 7 ਵਜੇ ਅੱਡਾ ਮੰਨਣ ਦੇ ਗੇਟ ਕੋਲ ਪੁੱਜੇ ਤਾਂ ਇਕ ਆਲਟੋ ਕਾਰ ਇਕਦਮ ਉਨ੍ਹਾਂ ਦੀ ਗੱਡੀ ਅੱਗੇ ਆ ਗਈ। ਜਿਸ ਕਾਰਨ ਉਨ੍ਹਾਂ ਦੀ ਗੱਡੀ ਕਾਰ ਦੇ ਪਿਛਲੇ ਪਾਸੇ ਟਕਰਾ ਗਈ। ਆਲਟੋ ਵਿੱਚੋਂ ਉਨ੍ਹਾਂ ਦੇ ਹੀ ਪਿੰਡ ਦਾ ਸੁਰਿੰਦਰ ਸਿੰਘ ਬੱਬਾ ਪੁੱਤਰ ਕਸ਼ਮੀਰ ਸਿੰਘ ਉੱਤਰਿਆ, ਜਿਸ ਦੇ ਦੋਵਾਂ ਹੱਥਾਂ ਵਿਚ ਪਿਸਤੌਲ ਸਨ। ਉਸ ਨੇ ਇੱਕ ਪਿਸਤੌਲ ਨਾਲ ਦੋ ਗੋਲੀਆਂ ਉਨ੍ਹਾਂ ਦੀ ਗੱਡੀ ਵੱਲ ਚਲਾਈਆਂ। ਜਿਨ੍ਹਾਂ ਵਿਚੋਂ ਇੱਕ ਗੋਲੀ ਥਾਰ ਦੀ ਬਾਰੀ ’ਤੇ ਲੱਗੀ ਅਤੇ ਦੂਜੀ ਬਾਰੀ ਦੇ ਸ਼ੀਸ਼ੇ ਨੂੰ ਤੋੜਦੀ ਹੋਈ ਉਸ ਦੇ ਨੌਕਰ ਰੇਸ਼ਮ ਸਿੰਘ, ਜੋ ਉਸ ਦੀ ਨਾਲ ਵਾਲੀ ਸੀਟ ’ਤੇ ਬੈਠਾ ਸੀ, ਦੀ ਬਾਂਹ ਵਿਚ ਜਾ ਲੱਗੀ। ਸਰਬਰਿੰਦਰ ਸਿੰਘ ਨੇ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜ਼ਿਸ਼ ਤਹਿਤ ਕੀਤਾ ਗਿਆ ਹੈ ਅਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਉੱਪਰ ਹਮਲੇ ਕੀਤੇ ਜਾ ਚੁੱਕੇ ਹਨ। ਇਸ ਸਬੰਧੀ ਜਿੱਥੇ ਕੇਸ ਦਰਜ ਹੈ, ਉੱਥੇ ਹੀ ਕੁਝ ਘਟਨਾਵਾਂ ਦੀਆਂ ਸ਼ਿਕਾਇਤਾਂ ਉੱਚ ਅਧਿਕਾਰੀਆਂ ਕੋਲ ਵਿਚਾਰ ਅਧੀਨ ਵੀ ਹਨ। ਜਦੋਂਕਿ ਇਸੇ ਦੌਰਾਨ ਹੀ ਉਨ੍ਹਾਂ ਉੱਪਰ ਇੱਕ ਹੋਰ ਹਮਲਾ ਕਰ ਦਿੱਤਾ ਗਿਆ। ਮੌਕੇ ’ਤੇ ਪੁੱਜੇ ਏਐੱਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਸਰਬਰਿੰਦਰ ਸਿੰਘ ਦੇ ਬਿਆਨ ਕਲਮਬੰਦ ਕਰ ਕੇ ਸੁਰਿੰਦਰ ਸਿੰਘ ਬੱਬਾ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।