- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਫ਼ਤਾਵਾਰੀ ਚੁਪਹਿਰਾ ਸਮਾਗਮ ਦੌਰਾਨ ਗੁਰਦੁਆਰਾ ਸ੍ਰੀ ਲਕੀਰ ਸਾਹਿਬ ’ਚ ਜੁੜੀ ਹਜਾਰਾਂ ਸੰਗਤ

ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਤਰਨਤਾਰਨ ਵਿਖੇ ਐਤਵਾਰ ਨੂੰ ਹਫ਼ਤਾਵਾਰੀ ਚੁਪਹਿਰਾ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਸਮਾਗਮ ’ਚ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ ਅਤੇ ਸੰਗਤੀ ਰੂਪ ਵਿਚ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਕੀਤੇ ਗਏ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਸੰਗਤ ਨੂੰ ਸਮੂਹਿਕ ਪਾਠ ਕਰਵਾਉਣ ਦੀ ਸੇਵਾ ਨਿਭਾਈ ਗਈ।
ਗੁਰਦੁਆਰਾ ਸ੍ਰੀ ਲਕੀਰ ਸਾਹਿਬ ਵਿਚ ਹਰ ਐਤਵਾਰ ਨੂੰ ਚੁਪਹਿਰਾ ਸਮਾਗਮ ਹੁੰਦਾ ਹੈ ਅਤੇ ਹਰ ਹਫ਼ਤੇ ਇੱਥੇ ਵੱਡੀ ਗਿਣਤੀ ’ਚ ਸੰਗਤ ਹਾਜ਼ਰੀ ਭਰਨ ਲਈ ਪਹੁੰਚਦੀ ਹੈ। ਸ਼ਰਧਾਲੂਆਂ ਦੀ ਭਾਰੀ ਆਮਦ ਕਾਰਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਮੈਨੇਜਰ ਪ੍ਰਿੰਸੀਪਲ ਬਖਸ਼ੀਸ਼ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨਤਾਰਨ ਸ਼ਹਿਰ ਦੇ ਨਾਲ-ਨਾਲ ਆਸ-ਪਾਸ ਦੇ ਇਲਾਕਿਆਂ ਤੋਂ ਵੀ ਸੰਗਤ ਇੱਥੇ ਪਹੁੰਚਦੀ ਹੀ ਹੈ। ਨਾਲ ਹੀ ਪਿੰਡਾਂ ਤੋਂ ਵੀ ਸ਼ਰਧਾਲੂ ਚੁਪਹਿਰਾ ਸਮਾਗਮ ਵਿਚ ਹਾਜ਼ਰੀ ਭਰਨ ਲਈ ਪਹੁੰਚਣ ਲੱਗੇ ਹਨ। ਜਿਨ੍ਹਾਂ ਦੀ ਸਹੂਲਤ ਲਈ ਦੀਵਾਨ ਹਾਲ ਵਿਚ ਜਿੱਥੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ। ਉੱਥੇ ਹੀ ਗੁਰੂ ਕੇ ਲੰਗਰ ਵੀ ਵਿਸ਼ੇਸ਼ ਤੌਰ ’ਤੇ ਤਿਆਰ ਹੁੰਦੇ ਹਨ। ਸਾਰਾ ਦਿਨ ਛਬੀਲ ਦਾ ਪ੍ਰਬੰਧ ਸ਼ਰਧਾਲੂਆਂ ਵੱਲੋਂ ਕੀਤਾ ਜਾਂਦਾ ਹੈ ਅਤੇ ਜੋੜਾ ਘਰ ਸੇਵਕ ਜਥੇ ਦੀ ਸੰਗਤ ਤਨਦੇਹੀ ਨਾਲ ਸੇਵਾ ਨਿਭਾਉਂਦੀ ਹੈ।
ਉਨ੍ਹਾਂ ਦੱਸਿਆ ਕਿ ਦੁਪਹਿਰ 12 ਤੋਂ ਸ਼ਾਮ 4 ਵਜੇ ਤਕ ਹੋਣ ਵਾਲੇ ਇਸ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸੰਗਤ ਨੂੰ ਪਾਠ ਕਰਵਾਉਣ ਦੀ ਸੇਵਾ ਨਿਭਾਉਂਦੇ ਹਨ ਅਤੇ ਅਰਦਾਸ ਉਪਰੰਤ ਚੁਪਹਿਰਾ ਸਮਾਗਮ ਦੀ ਸਮਾਪਤੀ ਹੁੰਦੀ ਹੈ। ਸਰਦੀ ਹੋਵੇ ਜਾਂ ਗਰਮੀ, ਸੰਗਤ ਸਮਾਗਮ ਦੌਰਾਨ ਹਾਜਰੀ ਭਰਨ ਲਈ ਗੁਰੂ ਘਰ ਜ਼ਰੂਰ ਪੁੱਜਦੀ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ, ਜਤਿੰਦਰ ਸਿੰਘ, ਲਖਵਿੰਦਰ ਸਿੰਘ, ਜਗਦੀਸ਼ ਸਿੰਘ, ਹਰਿੰਦਰ ਸਿੰਘ ਨੰਬਰਦਾਰ, ਹੈੱਡ ਗ੍ਰੰਥੀ ਬਾਬਾ ਸਤਨਾਮ ਸਿੰਘ, ਗ੍ਰੰਥੀ ਭਾਈ ਮੁਖਤਾਰ ਸਿੰਘ, ਭਾਈ ਰਣਜੀਤ ਸਿੰਘ, ਭਾਈ ਨਿਰਮਲ ਸਿੰਘ, ਭਾਈ ਸਿਮਰਨਜੀਤ ਸਿੰਘ ਸਮੇਤ ਹੋਰ ਸੇਵਾਦਾਰ ਜਿੱਥੇ ਮੌਜੂਦ ਸਨ। ਉੱਥੇ ਹੀ ਵੱਡੀ ਗਿਣਤੀ ਸੇਵਾਦਾਰਾਂ ਨੇ ਜੋੜਾ ਘਰ ਅਤੇ ਛਬੀਲ ਤੋਂ ਇਲਾਵਾ ਪਾਰਕਿੰਗ ਵਿਚ ਵੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ।
- ਸੰਗਤ ਦੇ ਸਹਿਯੋਗ ਨਾਲ ਪਾਰਕਿੰਗ ਲਈ ਹੋ ਰਹੇ ਨੇ ਵੱਡੇ ਪ੍ਰਬੰਧ : ਮੈਨੇਜਰ
ਮੈਨੇਜਰ ਬਖਸੀਸ਼ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਵਿਖੇ ਹੋਣ ਵਾਲੇ ਚੁਪਹਿਰਾ ਸਮਾਗਮ ’ਚ ਸੰਗਤ ਦੀ ਵੱਧ ਰਹੀ ਆਮਦ ਨੂੰ ਧਿਆਨ ਵਿਚ ਰੱਖਦਿਆਂ ਪਾਰਕਿੰਗ ਦੇ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸ ਲਈ ਸੰਗਤ ਦੇ ਸਹਿਯੋਗ ਨਾਲ ਇੱਕ ਹੋਰ ਪਲਾਟ ਖਰੀਦਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰੂ ਘਰ ਦੇ ਵਿਸਥਾਰ ਤੇ ਵਿਕਾਸ ਲਈ ਕਈ ਸੇਵਾਵਾਂ ਚੱਲ ਰਹੀਆਂ ਹਨ। ਜਿਨ੍ਹਾਂ ਨੂੰ ਸੰਗਤ ਦੇ ਸਹਿਯੋਗ ਨਾਲ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲੀ ਕੀਤੀ ਕਿ ਚੱਲ ਰਹੀਆਂ ਸੇਵਾਵਾਂ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਣ।