ਵੰਦੇ ਮਾਤਰਮ ਸਮਾਗਮ ਦੀ ਟਰਾਫੀ ਸਕੂਲ ਆਫ਼ ਐਮੀਨੈਂਸ ਨੇ ਜਿੱਤੀ
‘ਵੰਦੇ ਮਾਤਰਮ’ ਸਮਾਗਮ ਦੀ ਜ਼ਿਲ੍ਹਾ ਪੱਧਰੀ ਓਵਰਆਲ ਟਰਾਫੀ ਸਕੂਲ ਆਫ਼ ਐਮੀਨੈਂਸ ਨੇ ਜਿੱਤੀ
Publish Date: Sun, 01 Feb 2026 04:41 PM (IST)
Updated Date: Sun, 01 Feb 2026 04:43 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੀ ਐੱਨਜੀਓ ਕਲਾ ਸੁਮਨ ਵੱਲੋਂ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ’ਤੇ ਸਰਕਾਰੀ ਐਮੀਨੈਂਸ ਸਕੂਲ ਵਿਖੇ ਫਾਈਨਲ ਜ਼ਿਲ੍ਹਾ ਪੱਧਰੀ ਸੰਸਕ੍ਰਿਤ, ਵਿੱਦਿਅਕ, ਗੀਤ-ਸੰਗੀਤ ਅਤੇ ਰਾਸ਼ਟਰੀ ਪ੍ਰੋਗਰਾਮ ਕਰਵਾਏ ਗਏ। ਇਸ ਪ੍ਰੋਗਰਾਮ ’ਚ ਜ਼ਿਲ੍ਹੇ ਦੇ ਕਈ ਸਕੂਲਾਂ ਨੇ ਹਿੱਸਾ ਲਿਆ। ਸਰਕਾਰੀ ਐਮੀਨੈਂਸ ਸਕੂਲ ਤਰਨਤਾਰਨ ਨੇ ਗੁਲਾਮ ਭਾਰਤ ਨੂੰ ਆਜ਼ਾਦੀ ਦੀ ਪ੍ਰੇਰਨਾ ਦੇਣ ਵਾਲੇ ਅਤੇ ਸਵ. ਬੰਕਿਮ ਚੰਦਰ ਚਟਰਜ਼ੀ ਵੱਲੋਂ ਰਚਿਤ ਰਾਸ਼ਟਰੀ ਗੀਤ ਵੰਦੇ ਮਾਤਰਮ ’ਤੇ ਆਧਾਰਿਤ ਕੋਰੀਓਗ੍ਰਾਫੀ ਪੇਸ਼ ਕਰ ਕੇ ਓਵਰਆਲ ਸ਼ੀਲਡ ਜਿੱਤ ਕੇ ਜਿੱਤ ਦਾ ਝੰਡਾ ਲਹਿਰਾਇਆ। ਇਸ ਤੋਂ ਪਹਿਲਾਂ ਕਲਾ ਸੁਮਨ ਦੇ ਡਾਇਰੈਕਟਰ ਠਾ. ਰਮੇਸ਼ ਸਿੰਘ ਚੰਦੇਲ ਨੇ ਦੱਸਿਆ ਕਿ ਵੀਰ ਰੱਸ ’ਚ ਡੁੱਬੇ ਇਸ ਗੀਤ ਦੀ ਇੰਨੀਂ ਜ਼ਿਆਦਾ ਕਸ਼ਿਸ ਹੈ ਕਿ ਬ੍ਰਿਟਿਸ਼ ਹਕੂਮਤ ਦੀ ਨੀਂਹ ਹਿੱਲ ਗਈ ਸੀ। ਪ੍ਰੋਗਰਾਮ ’ਚ ਚੰਦੇਲ ਨੇ ਦੇਸ਼ ਪਿਆਰ ਦਾ ਇੱਕ ਗੀਤ ‘ਮਾਤਾ ਨੇ ਆਦੇਸ਼ ਦਿਆ ਥਾ’ ਸੁਣਾ ਕੇ ਮਾਹੌਲ ਨੂੰ ਦੇਸ਼ ਪਿਆਰ ਦੇ ਰੰਗ ’ਚ ਰੰਗ ਦਿੱਤਾ। ਪ੍ਰੋਗਰਾਮ ਦੇ ਅਖੀਰ ’ਚ ਮੁੱਖ ਮਹਿਮਾਨ ਅਤੇ ਐਮੀਨੈਂਸ ਸਕੂਲ ਦੇ ਵਾਈਸ ਪ੍ਰਿੰਸੀਪਲ ਬਿਕਰਮਜੀਤ ਸਿੰਘ ਅਤੇ ਇਸੇ ਸਕੂਲ ਤੋਂ ਸੇਵਾਮੁਕਤ ਅਧਿਆਪਕ ਚੰਦੇਲ ਨੇ ਜ਼ਿਲ੍ਹੇ ਦੇ ਇਨ੍ਹਾਂ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ। ਦੂਜੇ ਨੰਬਰ ’ਤੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਰਟੌਲ ਰਿਹਾ। ਅਖੀਰ ’ਚ ਆਪਣੀਆਂ ਮਧੁਰ ਯਾਦਾਂ ਛੱਡਦਿਆਂ ਜ਼ਿਲ੍ਹਾ ਪੱਧਰ ਦਾ ਇਹ ਮੁਕਾਬਲਾ ਰਾਸ਼ਟਰੀ ਗੀਤ ਨਾਲ ਸਮਾਪਤ ਹੋਇਆ।