ਬਿਨਾਂ ਠੇਕਾ ਦਿੱਤੇ ਮਟਰ ਤੋੜਨ ਤੋਂ ਰੋਕਿਆ ਤਾਂ ਦੋ ਜਣਿਆਂ ਦੀ ਕੀਤੀ ਕੁੱਟਮਾਰ
ਬਿਨ੍ਹਾਂ ਠੇਕਾ ਦਿੱਤੇ ਮਟਰ ਤੋੜਨ ਤੋਂ ਰੋਕਿਆ ਤਾਂ ਦੋ ਜਣਿਆਂ ਦੀ ਕੀਤੀ ਕੁੱਟਮਾਰ
Publish Date: Sun, 01 Feb 2026 04:24 PM (IST)
Updated Date: Sun, 01 Feb 2026 04:25 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪਿੰਡ ਨਾਗੋਕੇ ’ਚ ਬਿਨਾਂ ਜ਼ਮੀਨ ਦਾ ਠੇਕਾ ਦਿੱਤਿਆਂ ਮਟਰ ਤੋੜਨ ਤੋਂ ਰੋਕੇ ਜਾਣ ਕਰ ਕੇ ਦੋ ਵਿਅਕਤੀਆਂ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ ਨੂੰ ਮੀਆਂਵਿੰਡ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਤਿੰਨ ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਸਬੀਰ ਕੌਰ ਪਤਨੀ ਲਖਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 30 ਜਨਵਰੀ ਨੂੰ ਸਵੇਰੇ ਕਰੀਬ 9 ਵਜੇ ਕੁਲਤਾਰ ਸਿੰਘ ਪੁੱਤਰ ਬਖਸ਼ੀਸ਼ ਵਾਸੀ ਨਾਗੋਕੇ ਨੇ ਉਨ੍ਹਾਂ ਨੂੰ ਫੋਨ ਕੀਤਾ ਕਿ ਰਣਜੀਤ ਸਿੰਘ ਗੋਲਡੀ ਪੁੱਤਰ ਹਰਭਜਨ ਸਿੰਘ ਆਦਿ ਉਨ੍ਹਾਂ ਦੀ ਜ਼ਮੀਨ ਵਿਚ ਬੀਜੇ ਮਟਰ ਤੋੜ ਰਹੇ ਹਨ ਤੇ ਆਲੂ ਪੁੱਟ ਰਹੇ ਹਨ। ਜਿਸ ਕਾਰਨ ਉਸ ਦੀ ਮਾਤਾ ਮਹਿੰਦਰ ਕੌਰ ਅਤੇ ਲੜਕੇ ਅਤਿੰਦਰਬੀਰ ਸਿੰਘ ਨੇ ਮਜ਼ਦੂਰਾਂ ਨੂੰ ਮਟਰ ਤੋੜਨ ਤੋਂ ਇਹ ਕਹਿ ਕੇ ਰੋਕ ਦਿੱਤਾ ਕਿ ਜਿਨ੍ਹਾਂ ਚਿਰ ਜ਼ਮੀਨ ਦੇ ਠੇਕੇ ਦੇ ਪੈਸੇ ਨਹੀਂ ਮਿਲਦੇ, ਫ਼ਸਲ ਨਾ ਤੋੜਨ। ਜਿਸ ਕਰ ਕੇ ਰਣਜੀਤ ਸਿੰਘ ਗੋਲਡੀ ਨੇ ਗੁਰਦਿਆਲ ਸਿੰਘ ਅਤੇ ਅਨਮੋਲ ਸਿੰਘ ਮੋਲਾ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੇ ਲੜਕੇ ਅਤਿੰਦਰਬੀਰ ਸਿੰਘ ਤੋਂ ਇਲਾਵਾ ਕੁਲਤਾਰ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ, ਗੁਰਦਿਆਲ ਸਿੰਘ ਅਤੇ ਅਨਮੋਲ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।