ਡੀਜੇ ’ਤੇ ਨੱਚਦਿਆਂ ਚਲਾਈ ਗੋਲ਼ੀ ਨੇ ਲਈ ਛੁੱਟੀ ਆਏ ਫੌਜੀ ਦੀ ਜਾਨ
ਡੀਜੇ ’ਤੇ ਨੱਚਦਿਆਂ ਚਲਾਈ ਗੋਲੀ ਨੇ ਲਈ ਛੁੱਟੀ ਆਏ ਫੌਜੀ ਜਵਾਨ ਦੀ ਜਾਨ
Publish Date: Fri, 30 Jan 2026 06:59 PM (IST)
Updated Date: Sat, 31 Jan 2026 04:11 AM (IST)
* ਪੰਜ ਦਿਨ ਪਹਿਲਾਂ ਹੋਇਆ ਸੀ ਵਿਆਹ, ਪੁਲਿਸ ਨੇ ਗੋਲ਼ੀ ਚਲਾਉਣ ਵਾਲਾ ਕੀਤਾ ਕਾਬੂ
ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ
ਤਰਨਤਾਰਨ : ਪਿੰਡ ਮੱਲਮੋਹਰੀ ਵਿਖੇ ਵਿਆਹ ਸਮਾਗਮ ਦੌਰਾਨ ਲੱਗੇ ਡੀਜੇ ’ਤੇ ਨੱਚਦਿਆਂ ਚਲਾਈ ਗਈ ਗੋਲ਼ੀ ਨਾਲ ਛੁੱਟੀ ’ਤੇ ਆਏ ਫੌਜੀ ਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਅਜੇ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਹ ਆਪਣੇ ਵਿਆਹ ਕਰ ਕੇ ਹੀ ਛੁੱਟੀ ’ਤੇ ਆਇਆ ਸੀ। ਦੂਜੇ ਪਾਸੇ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਗੋਲ਼ੀ ਚਲਾਉਣ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਪ੍ਰਗਟ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਖਡੂਰ ਸਾਹਿਬ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਲੜਕਾ ਗੁਰਸੇਵਕ ਸਿੰਘ (27), ਜੋ ਭਾਰਤੀ ਫੌਜ ’ਚ ਨੌਕਰੀ ਕਰਦਾ ਹੈ, ਆਪਣੇ ਵਿਆਹ ਕਰ ਕੇ ਛੁੱਟੀ ’ਤੇ ਆਇਆ ਹੋਇਆ ਸੀ। ਗੁਰਸੇਵਕ ਸਿੰਘ ਵੀਰਵਾਰ ਨੂੰ ਆਪਣੇ ਦੋਸਤ ਜੋਬਨਪ੍ਰੀਤ ਸਿੰਘ ਵਾਸੀ ਮੱਲਮੋਹਰੀ ਦੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਗਿਆ, ਜਿੱਥੇ ਦੇਰ ਰਾਤ ਡੀਜੇ ਉੱਪਰ ਗੁਰਸੇਵਕ ਸਿੰਘ, ਸਰੋਵਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਖਡੂਰ ਸਾਹਿਬ ਤੇ ਹੋਰ ਰਿਸ਼ਤੇਦਾਰ ਨੱਚ ਰਹੇ ਸਨ। ਇਸੇ ਦੌਰਾਨ ਸਰੋਵਰ ਸਿੰਘ ਡੱਬ ’ਚੋਂ ਪਿਸਟਲ ਕੱਢ ਕੇ ਫਾਇਰ ਕਰਨ ਲੱਗਾ ਤੇ ਇਕ ਗੋਲ਼ੀ ਉਸ ਦੇ ਲੜਕੇ ਗੁਰਸੇਵਕ ਸਿੰਘ ਦੇ ਢਿੱਡ ’ਚ ਲੱਗ ਗਈ। ਜਿਸ ਨੂੰ ਗੰਭੀਰ ਹਾਲਤ ’ਚ ਉਹ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਲੈ ਆਇਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਜਾਣਕਾਰੀ ਦਿੰਦਿਆਂ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸਰੋਵਰ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੋ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਦਕਿ ਲਾਸ਼ ਸਿਵਲ ਹਸਪਤਾਲ ਤਰਨਤਾਰਨ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।