- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਰਨਤਾਰਨ ਦੇ ਸ਼ਮਸ਼ਾਨਘਾਟ ’ਚ ਸਾਹਮਣੇ ਆਈ ਵੱਡੀ ਲਾਪਰਵਾਹੀ...

- ਮ੍ਰਿਤਕਾਂ ਦੀਆਂ ਅਸਥੀਆਂ ਬਦਲੀਆਂ, ਪਰਿਵਾਰ ਨੇ ਘੰਟਿਆਬੱਧੀ ਕੀਤਾ ਵਿਰੋਧ
- ਮੈਨੇਜਮੈਂਟ ਖ਼ਿਲਾਫ਼ ਕੱਢੀ ਭੜਾਸ, ਮੈਂਬਰਾਂ ਦੇ ਨਾਂ ਵਾਲੇ ਬੋਰਡ ’ਤੇ ਕਾਲਖ ਪੋਥੀ
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ
ਤਰਨਤਾਰਨ : ਤਰਨਤਾਰਨ ਸ਼ਹਿਰ ਦੇ ਮੁੱਖ ਸ਼ਮਸ਼ਾਨਘਾਟ ’ਚ ਸ਼ੁੱਕਰਵਾਰ ਨੂੰ ਉਸ ਵੱਲੇ ਵੱਡੀ ਲਾਪ੍ਰਵਾਹੀ ਸਾਹਮਣੇ ਆਈ, ਜਦੋਂ ਕਰਮਚਾਰੀਆਂ ਵੱਲੋਂ ਮ੍ਰਿਤਕਾਂ ਦੀਆਂ ਅਸਥੀਆਂ ਹੀ ਬਦਲ ਦਿੱਤੀਆਂ ਗਈਆਂ। ਜਿਸ ਕਾਰਨ ਦੋ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਜਿੱਥੇ ਠੇਸ ਪੁੱਜੀ। ਉੱਥੇ ਹੀ ਹਰੀਦੁਆਰ ਜਾਣ ਲਈ ਅਸਥੀਆਂ ਲੈਣ ਪੁੱਜੇ ਪਰਿਵਾਰ ਨੂੰ ਜਦੋਂ ਆਪਣੇ ਬਜ਼ੁਰਗ ਦੀਆਂ ਅਸਥੀਆਂ ਨਾ ਮਿਲੀਆਂ ਤਾਂ ਉਨ੍ਹਾਂ ਨੇ ਮੈਨੇਜਮੈਂਟ ਖ਼ਿਲਾਫ਼ ਭੜਾਸ ਕੱਢਿਆਂ ਪ੍ਰਬੰਧਾਂ ’ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕੀਤੇ। ਹਾਲਾਂਕਿ ਮਾਮਲਾ ਭਖਦਾ ਵੇਖ ਚੌਕੀ ਟਾਊਨ ਦੀ ਪੁਲਿਸ ਪਾਰਟੀ ਵੀ ਸ਼ਮਸ਼ਾਨਘਾਟ ਪੁੱਜ ਗਈ ਅਤੇ ਦੋ ਕਰਮਚਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ।
ਜਾਣਕਾਰੀ ਅਨੁਸਾਰ ਤਨਤਾਰਨ ਦੀ ਗਲੀ ਕਸ਼ਮੀਰੀਆਂ ਵਾਲੀ ਵਾਸੀ ਤਿਲਕ ਰਾਜ ਦਾ 21 ਜਨਵਰੀ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਪੋਤਰਾ ਤੇ ਪੋਤਰੀ ਵਿਦੇਸ਼ ਹੋਣ ਕਾਰਨ ਪਰਿਵਾਰ ਨੇ 24 ਜਨਵਰੀ ਨੂੰ ਸਥਾਨਕ ਸੱਚ ਖੰਡ ਰੋਡ ਸਥਿਤ ਸ਼ਮਸ਼ਾਨਘਾਟ ਵਿਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ। ਸ਼ੁੱਕਰਵਾਰ ਨੂੰ ਪਰਿਵਾਰ ਤਿਲਕ ਰਾਜ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਲਿਜਾਣ ਵਾਸਤੇ ਜਦੋਂ ਸ਼ਮਸ਼ਾਨਘਾਟ ਪੁੱਜਾ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਉਸ ਵੇਲੇ ਜ਼ਮੀਨ ਨਿਕਲ ਗਈ, ਜਦੋਂ ਸ਼ਮਸ਼ਾਨਘਾਟ ਵਿੱਚੋਂ ਅਸਥੀਆਂ ਗਾਇਬ ਪਾਈਆਂ ਗਈਆਂ। ਕਰਮਚਾਰੀਆਂ ਨੂੰ ਪੁੱਛਣ ’ਤੇ ਖੁਲਾਸਾ ਹੋਇਆ ਕਿ ਤਿਲਕ ਰਾਜ ਦੀਆਂ ਅਸਥੀਆਂ ਕੋਈ ਹੋਰ ਪਰਿਵਾਰ ਲੈ ਗਿਆ ਹੈ। ਜਿਸ ਕਾਰਨ ਤਿਲਕ ਰਾਜ ਦੇ ਪੁੱਤਰ ਨਵੀਨ ਕਾਲੀਆ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤੀ। ਨਵੀਨ ਕਾਲੀਆ ਨੇ ਦੋਸ਼ ਲਾਇਆ ਕਿ ਕਰਮਾਚਰੀਆਂ ਨੇ ਘੋਰ ਅਣਗਹਿਲੀ ਵਰਤਦਿਆਂ ਉਨ੍ਹਾਂ ਦੇ ਪਿਤਾ ਦੀਆਂ ਅਸਥੀਆਂ ਕਿਸੇ ਹੋਰ ਨੂੰ ਸੌਂਪ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਇਨ੍ਹਾਂ ਨੂੰ ਲਾਪ੍ਰਵਾਹੀ ਵਰਣਤ ਬਾਰੇ ਪੁੱਛਿਆ ਤਾਂ ਅੱਗੋਂ ਇਨ੍ਹਾਂ ਨੇ ਹੱਥੋਂਪਾਈ ਕੀਤੀ। ਅਸਥੀਆਂ ਦੇ ਬਦਲੇ ਜਾਣ ਨੂੰ ਲੈ ਕੇ ਘੰਟਿਆਂਬੱਧੀ ਹੰਗਾਮਾ ਚਲਦਾ ਰਿਹਾ ਅਤੇ ਪਰਿਵਾਰ ਨੇ ਇਸ ਦੀ ਸੂਚਨਾ ਪੁਲਿਸ ਦੀ 112 ਹੈਲਪਲਾਈਨ ’ਤੇ ਦੇ ਦਿੱਤੀ। ਜਿਸ ਤੋਂ ਬਾਅਦ ਮੌਕੇ ’ਤੇ ਚੌਕੀ ਟਾਊਨ ਦੀ ਪੁਲਿਸ ਪਾਰਟੀ ਪੁੱਜੀ ਤੇ ਮੁੱਖ ਕਰਮਚਾਰੀ ਵਿਜੇ ਕੁਮਾਰ ਸਮੇਤ ਦੋ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ। ਪਰਿਵਾਰ ਨੇ ਵੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਅਣਗਹਿਲੀ ਵਰਤਣ ਵਾਲੇ ਕਰਮਚਾਰੀਆਂ ਅਤੇ ਉਨ੍ਹਾਂ ਨਾਲ ਹੱਥੋਂਪਾਈ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਉੱਧਰ ਰੌਲੇ ਕਾਰਨ ਸ਼ਮਸ਼ਾਨਘਾਟ ਦੀ ਮੈਨੇਜਮੈਂਟ ਦੇ ਮੈਂਬਰ ਸਵਿੰਦਰ ਸਿੰਘ ਅਰੋੜਾ ਸਾਬਕਾ ਕੌਂਸਲਰ ਅਤੇ ਕੰਵਰਦੀਪ ਸਿੰਘ ਵੀ ਪਹੁੰਚ ਗਏ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਕੋਲੋਂ ਵੱਡੀ ਅਣਗਿਹਲੀ ਹੋਈ ਹੈ। ਜਿਸ ਕਾਰਨ ਮੈਨੇਜਮੈਂਟ ਦੀ ਮੀਟਿੰਗ ਬੁਲਾ ਕੇ ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਅਣਗਿਹਲੀ ਦਾ ਮੈਨੇਜਮੈਂਟ ਨੂੰ ਖੇਦ ਹੈ।
- ਪਰਿਵਾਰ ਨੇ ਮੈਨੇਜਮੈਂਟ ਦੇ ਨਾਂਵਾਂ ਵਾਲੇ ਬੋਰਡ ’ਤੇ ਪੋਥੀ ਕਾਲਖ
ਇਸੇ ਦੌਰਾਨ ਨਵੀਨ ਕਾਲੀਆ ਨੇ ਕਿਹਾ ਕਿ ਮੈਨੇਜਮੈਂਟ ਦਾ ਸ਼ਮਨਸ਼ਾਨਘਾਟ ਵੱਲ ਕੋਈ ਧਿਆਨ ਨਹੀਂ ਹੈ। ਕਰਮਚਾਰੀ ਇੱਥੇ ਆਪਣੀ ਮਨਮਰਜ਼ੀ ਕਰਦੇ ਹਨ ਅਤੇ ਇੱਥੇ ਆਉਣ ਵਾਲੇ ਪੀੜਤਾਂ ਕੋਲੋਂ ਵਾਧੂ ਪੈਸਿਆਂ ਦੀ ਵੀ ਮੰਗ ਕਰਦੇ ਹਨ। ਉਨ੍ਹਾਂ ਨੇ ਕਥਿਤ ਤੌਰ ’ਤੇ ਦੋਸ਼ ਲਾਇਆ ਕਿ ਕਰਮਚਾਰੀ ਨਸ਼ੇ ਦੀ ਹਾਲਤ ਵਿਚ ਹੁੰਦੇ ਹਨ ਅਤੇ ਇਹ ਅਣਗਿਹਲੀ ਇਸੇ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਜਿਸ ਪਰਿਵਾਰ ਨੂੰ ਇਨ੍ਹਾਂ ਨੇ ਉਨ੍ਹਾਂ ਦੇ ਪਿਤਾ ਦੀਆਂ ਅਸਥੀਆਂ ਦਿੱਤੀਆਂ ਸਨ। ਉਹ ਵੀਰਵਾਰ ਰਾਤ ਹੀ ਹਰੀਦੁਆਰ ਚਲੇ ਗਏ ਅਤੇ ਸ਼ੁੱਕਰਵਾਰ ਸਵੇਰੇ ਸਾਢੇ 5 ਵਜੇ ਉਨ੍ਹਾਂ ਨੇ ਆਪਣੇ ਪਿਤਾ ਪ੍ਰੇਮ ਕੁਮਾਰ ਦੀਆਂ ਅਸਥੀਆਂ ਵਜੋਂ ਉਨ੍ਹਾਂ ਨੂੰ ਜਲ ਪ੍ਰਵਾਹ ਵੀ ਕਰ ਦਿੱਤਾ। ਜਦੋਂਕਿ ਹੁਣ ਉਨ੍ਹਾਂ ਦਾ ਪਰਿਵਾਰ ਆਪਣੇ ਪਿਤਾ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਤੋਂ ਵੀ ਵਾਂਝਾ ਹੋ ਗਿਆ ਹੈ। ਜਦੋਂਕਿ ਅੰਤਿਮ ਰਸਮਾਂ ਕਰਨ ਲਈ ਬੱਚੇ ਆਸਟ੍ਰੇਲੀਆ ਤੋਂ ਇੱਥੇ ਪੁੱਜੇ ਹਨ।