ਹਥਿਆਰਾਂ ਦੀ ਨੋਕ ’ਤੇ ਰਾਹਗੀਰਾਂ ਕੋਲੋਂ ਲੁੱਟ-ਖੋਹ ਕਰਨ ਵਾਲਾ ਗਿਰੋਹ ਬੇਨਕਾਬ
ਹਥਿਆਰਾਂ ਦੀ ਨੋਕ ’ਤੇ ਰਾਹਗੀਰਾਂ ਕੋਲੋਂ ਲੁੱਟ ਖੋਹ ਕਰਨ ਵਾਲਾ ਗਿਰੋਹ ਬੇਨਕਾਬ
Publish Date: Fri, 30 Jan 2026 06:57 PM (IST)
Updated Date: Fri, 30 Jan 2026 06:58 PM (IST)
- ਪੰਜ ਗ੍ਰਿਫ਼ਤਾਰ, ਦੋ ਪਿਸਤੌਲ ਤੇ ਬਰੀਜਾ ਕਾਰ ਬਰਾਮਦ, ਕੇਸ ਦਰਜ
ਪੱਤਰ ਪ੍ਰਰੇਕ, •ਪੰਜਾਬੀ ਜਾਗਰਣ, ਤਰਨਤਾਰਨ : ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਹਥਿਆਰਾਂ ਦੀ ਨੋਕ ’ਤੇ ਰਾਹਗੀਰਾਂ ਕੋਲੋਂ ਲੁੱਟ-ਖੋਹ ਕਰਨ ਵਾਲੇ ਪੰਜ ਮੈਂਬਰੀ ਗਿਰੋਹ ਨੂੰ ਬੇਨਕਾਬ ਕਰਨ ਦਾ ਦਾਅਵਾ ਕਰਦਿਆਂ ਪੰਜਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਨ੍ਹਾਂ ਕੋਲੋਂ ਬਰੀਜਾ ਕਾਰ ਅਤੇ ਦੋ ਪਿਸਤੌਲਾਂ ਤੋਂ ਇਲਾਵਾ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਏ ਹਨ। ਜਦੋਂਕਿ ਗ੍ਰਿਫ਼ਤਾਰ ਕੀਤੇ ਗਏ ਪੰਜਾਂ ਵਿਅਕਤੀਆਂ ਵਿਰੁੱਧ ਥਾਣਾ ਸਿਟੀ ਤਰਨਤਾਰਨ ’ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਮੌਕੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸੀਆਈਏ ਸਟਾਫ ਤਰਨਤਾਰਨ ਦੇ ਹੱਥ ਸੂਚਨਾ ਲੱਗੀ ਸੀ ਕਿ ਅਜੇਪਾਲ ਸਿੰਘ ਅਜੇ ਪੁੱਤਰ ਕੁਲਵੰਤ ਸਿੰਘ, ਸੁਰਜੀਤ ਸਿੰਘ ਪੁੱਤਰ ਮਨਜਿੰਦਰ ਸਿੰਘ, ਜਸਪਾਲ ਸਿੰਘ ਜੱਸ ਪੁੱਤਰ ਮਨਜਿੰਦਰ ਸਿੰਘ ਵਾਸੀ ਕੱਕਾ ਕੰਡਿਆਲਾ, ਗੁਰਪ੍ਰੀਤ ਸਿੰਘ ਗੋਪੀ ਪੁੱਤਰ ਮਿਲਖਾ ਸਿੰਘ ਵਾਸੀ ਮੁਗਲਚੱਕ ਅਤੇ ਕੰਵਲਪ੍ਰੀਤ ਸਿੰਘ ਵਿਜੇ ਪੁੱਤਰ ਸਰਵਨ ਸਿੰਘ ਵਾਸੀ ਕੋਟਲੀ ਨੇ ਗਿਰੋਹ ਬਣਾਇਆ ਹੋਇਆ ਹੈ ਅਤੇ ਇਹ ਲੋਕ ਹਥਿਆਰਾਂ ਦੀ ਨੋਕ ’ਤੇ ਰਾਹਗੀਰਾਂ ਨਾਲ ਲੁੱਟ-ਖੋਹ ਕਰਦੇ ਹਨ। ਉਕਤ ਲੋਕਾਂ ਦੇ ਬਰੀਜਾ ਕਾਰ ਨੰਬਰ ਐੱਚਆਰ 36 ਏਡੀ 5682 ’ਚ ਸਵਾਰ ਹੋ ਕੇ ਕੱਕਾ ਕੰਡਿਆਲਾ ਕੋਲ ਬਣ ਰਹੇ ਨਵੇਂ ਰੇਲਵੇ ਬਰਿੱਜ ਕੋਲ ਹੋਣ ਦੀ ਖ਼ਬਰ ਵੀ ਹੱਥ ਲੱਗੀ ਸੀ। ਜਿਸ ਕਾਰਨ ਏਐੱਸਆਈ ਮਹਿਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਕਾਰ ’ਚ ਬੈਠੇ ਉਕਤ ਪੰਜਾਂ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਨ੍ਹਾਂ ਕੋਲੋਂ ਦੋ ਪਿਸਤੌਲ, ਚਾਰ ਕਾਰਤੂਸ ਅਤੇ ਤਿੰਨ ਦਾਤਰ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।