- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਕੁਸ਼ਟ ਨਿਵਾਰਣ ਦਿਵਸ ਮੌਕੇ 'ਸਪਰਸ਼' ਕੁਸ਼ਟ ਰੋਗ ਜਾਗਰੂਕਤਾ ਪੰਦਰਵਾੜਾ ਸ਼ੁਰੂ

- ਕੁਸ਼ਟ ਰੋਗ ਇਲਾਜਯੋਗ ਹੈ, ਸਿਹਤ ਕੇਂਦਰ ’ਚ ਆ ਕੇ ਕਰਵਾਓ ਜਾਂਚ ਤੇ ਇਲਾਜ : ਸਿਵਲ ਸਰਜਨ ਰਾਏ
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ
ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਵਿਚ ਵਿਸ਼ਵ ਕੁਸ਼ਟ ਰੋਗ ਦਿਵਸ ਮੌਕੇ ‘ਸਪਰਸ਼’ ਕੁਸ਼ਟ ਰੋਗ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ ਦਫ਼ਤਰ ਸਿਵਲ ਸਰਜਨ ਵਿਖੇ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਵੀ ਹਿੱਸਾ ਲਿਆ ਗਿਆ। ਇਸ ਮੌਕੇ ਸਿਹਤ ਕਰਮੀਆਂ ਅਤੇ ਵਿਦਿਆਰਥਣਾਂ ਵੱਲੋਂ ਕੁਸ਼ਟ ਰੋਗ ਦੀ ਰੋਕਥਾਮ ਅਤੇ ਰੋਗੀਆਂ ਨਾਲ ਭੇਦਭਾਵ ਵਿਰੁੱਧ ਸਹੁੰ ਵੀ ਚੁੱਕੀ। ਲੈਪਰੋਸੀ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਰਾਘਵ ਗੁਪਤਾ ਅਤੇ ਚਮੜੀ ਰੋਗ ਦੇ ਮਾਹਿਰ ਡਾਕਟਰ ਸਤਵਿੰਦਰ ਸਿੰਘ ਮੌਜੂਦ ਰਹੇ। ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਕੁਸ਼ਟ ਰੋਗ ਪੂਰੀ ਤਰ੍ਹਾਂ ਇਲਾਜ ਯੋਗ ਹੈ ਅਤੇ ਸਾਨੂੰ ਇਸ ਰੋਗ ਤੋਂ ਪੀੜਤ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਦੀ ਰੋਕਥਾਮ ਲਈ ਤਰਨਤਾਰਨ ਵਿਖੇ ਵਿਸ਼ੇਸ਼ ਲੈਪਰੋਸੀ ਵਿੰਗ ਸਥਾਪਿਤ ਕੀਤਾ ਹੈ, ਜਿੱਥੇ ਵਿਅਕਤੀ ਦੀ ਜਾਂਚ ਅਤੇ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਇਲਾਜ ਯੋਗ ਹੈ ਤੇ ਸਾਰੇ ਸਰਕਾਰੀ ਸਿਹਤ ਕੇਂਦਰਾਂ ’ਤੇ ਇਸ ਦਾ ਮੁਫ਼ਤ ਇਲਾਜ ਉਪਲੱਬਧ ਹੈ। ਸਿਵਲ ਸਰਜਨ ਡਾ. ਰਾਏ ਨੇ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਕੁਸ਼ਟ ਰੋਗ ਦੀ ਰੋਕਥਾਮ ਸਬੰਧੀ ਜਾਗਰੂਕਤਾ ਸਰਗਰਮੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਜ਼ਿਲ੍ਹੇ ਦੇ ਮਾਸ ਮੀਡੀਆ ਵਿੰਗ ਨੂੰ ਕੁਸ਼ਟ ਰੋਗ ਰੋਕਥਾਮ ਸਬੰਧੀ ਚੱਲ ਰਹੇ ਪੰਦਰਵਾੜੇ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਹਦਾਇਤ ਕੀਤੀ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਰੋਗ ਦੇ ਲੱਛਣਾਂ ਅਤੇ ਬਚਾਅ ਬਾਰੇ ਪਤਾ ਚੱਲ ਸਕੇ। ਨੋਡਲ ਅਫ਼ਸਰ ਡਾ. ਰਾਘਵ ਗੁਪਤਾ ਅਤੇ ਚਮੜੀ ਰੋਗ ਦੇ ਮਾਹਿਰ ਡਾ. ਸਤਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਚਮੜੀ ’ਤੇ ਹਲਕੇ ਤਾਂਬੇ ਰੰਗ ਦੇ ਸੁੰਨ ਨਿਸ਼ਾਨ ਹੋਣ, ਜਿਸ ’ਤੇ ਗਰਮ-ਠੰਢੇ ਦਾ ਪਤਾ ਨਾ ਲੱਗੇ ਤਾਂ ਇਹ ਕੁਸ਼ਟ ਰੋਗ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਨੇੜੇ ਦੇ ਹਸਪਤਾਲ ਜਾ ਕੇ ਚਮੜੀ ਦੇ ਮਾਹਿਰ ਡਾਕਟਰ ਕੋਲ ਜਾਂਚ ਕਰਵਾਈ ਜਾਵੇ, ਤਾਂ ਜੋ ਸਮੇਂ ਸਿਰ ਬਿਮਾਰੀ ਦਾ ਪਤਾ ਲਾ ਕੇ ਇਲਾਜ ਸ਼ੁਰੂ ਕੀਤਾ ਜਾ ਸਕੇ ਤੇ ਇਸ ਰੋਗ ਤੋਂ ਹੋਣ ਵਾਲੀ ਦਿਵਿਆਂਗਤਾ ਤੋਂ ਬਚਿਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਸੁਖਵੰਤ ਸਿੰਘ ਸਿੱਧੂ, ਲੈਪਰੋਸੀ ਵਿੰਗ ਸੁਪਰਵਾਈਜ਼ਰ ਮਨਿੰਦਰ ਕੌਰ ਆਦਿ ਮੌਜੂਦ ਸਨ।