7 ਨੂੰ ਠੇਕਾ ਮੁਲਾਜ਼ਮ ਪਰਿਵਾਰਾਂ ਸਮੇਤ ਵਿਸ਼ਾਲ ਇਕੱਠ ’ਚ ਕਰਨਗੇ ਸ਼ਮੂਲੀਅਤ
7 ਫਰਵਰੀ ਨੂੰ ਦਿੜ੍ਹਬਾ ਦਾਣਾ ਮੰਡੀ ਵਿਚ ਪੰਜਾਬ ਦੇ ਠੇਕਾ ਮੁਲਾਜ਼ਮਾਂ ਦਾ ਪਰਿਵਾਰਾਂ ਸਮੇਤ ਵਿਸ਼ਾਲ ਇਕੱਠ ਕਰਨਗੇ ਸ਼ਮੂਲੀਅਤ
Publish Date: Fri, 30 Jan 2026 05:11 PM (IST)
Updated Date: Fri, 30 Jan 2026 05:13 PM (IST)

- ਪੰਜਾਬ ਸਰਕਾਰ ਤੋਂ ਪੱਕੇ ਰੁਜ਼ਗਾਰ ਤੇ ਗੁਜ਼ਾਰੇ ਯੋਗ ਤਨਖਾਹ ਦੀ ਉਠਾਈ ਜਾਵੇਗੀ ਮੰਗ ਤੇਜਿੰਦਰ ਸਿੰਘ ਬੱਬੂ, •ਪੰਜਾਬੀ ਜਾਗਰਣ ਝਬਾਲ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਸੂਬਾਈ ਲੀਡਰਸ਼ਿਪ ਵੱਲੋਂ ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਦੇ ਜ਼ਿਲ੍ਹਾ ਖਜ਼ਾਨਚੀ ਰਕੇਸ਼ ਕੁਮਾਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ 7 ਫਰਵਰੀ ਨੂੰ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਬਿਜਲੀ ਵਿਭਾਗ, ਜਲ ਸਪਲਾਈ, ਸੀਵਰੇਜ ਬੋਰਡ, ਵੇਰਕਾ ਮਿਲਕ ਪਲਾਂਟ, ਪੀਡਬਲਯੂਡੀ, ਫਰਦ ਕੇਂਦਰ, ਵੇਅਰ ਹਾਊਸਿੰਗ ਆਦਿ ਵਿਚ ਕੰਮ ਕਰ ਰਹੇ ਹਜ਼ਾਰਾਂ ਆਊਟਸੋਰਸਡ, ਇਨਲਿਸਟਮੈਂਟ, ਦਿਹਾੜੀਦਾਰ ਅਤੇ ਠੇਕਾ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਦਿੜ੍ਹਬਾ ਦਾਣਾ ਮੰਡੀ ਵਿਚ ਇਕੱਠੇ ਹੋ ਕੇ ਇਕ ਰੋਹ ਭਰਪੂਰ ਅਤੇ ਮਿਸਾਲੀ ਰੈਲੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਰੈਲੀ ਵਿੱਤ ਮੰਤਰੀ ਪੰਜਾਬ ਅਤੇ ਕੈਬਨਿਟ ਸਬ ਕਮੇਟੀ ਦੇ ਮੁਖੀ ਹਰਪਾਲ ਸਿੰਘ ਚੀਮਾ ਦੇ ਹਲਕੇ ਵਿਚ ਕੀਤੀ ਜਾ ਰਹੀ ਹੈ। ਜਿਸ ਰਾਹੀਂ ਪੰਜਾਬ ਸਰਕਾਰ ਅੱਗੇ ਪੱਕੇ ਰੁਜ਼ਗਾਰ ਅਤੇ ਗੁਜ਼ਾਰੇ ਯੋਗ ਤਨਖਾਹ ਦੀ ਮਜ਼ਬੂਤ ਮੰਗ ਰੱਖੀ ਜਾਵੇਗੀ। ਆਗੂਆਂ ਵੱਲੋਂ ਦੱਸਿਆ ਗਿਆ ਕਿ ਇਸ ਰੈਲੀ ਨੂੰ ਕਿਸਾਨ, ਮਜ਼ਦੂਰ ਅਤੇ ਹੋਰ ਰੈਗੂਲਰ ਮੁਲਾਜ਼ਮ ਜਥੇਬੰਦੀਆਂ ਦਾ ਭਾਰੀ ਸਮਰਥਨ ਪ੍ਰਾਪਤ ਹੋਵੇਗਾ। ਰੈਲੀ ਦੀ ਤਿਆਰੀ ਮੁਲਾਜ਼ਮਾਂ ਦੀਆਂ ਵਿਆਪਕ ਮੀਟਿੰਗਾਂ ਅਤੇ ਆਗੂ ਟੀਮਾਂ ਵੱਲੋਂ ਘਰ-ਘਰ ਸੰਪਰਕ ਕਰ ਕੇ ਮੁਕੰਮਲ ਕੀਤੀ ਜਾ ਚੁੱਕੀ ਹੈ, ਜਿਸ ਕਾਰਨ ਇਸ ਰੈਲੀ ਵਿਚ ਇਤਿਹਾਸਕ ਇਕੱਠ ਹੋਣ ਦੀ ਪੂਰੀ ਸੰਭਾਵਨਾ ਹੈ। ਆਗੂਆਂ ਨੇ ਕਿਹਾ ਕਿ ਇਸ ਵਿਸ਼ਾਲ ਇਕੱਠ ਰਾਹੀਂ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਜਾਵੇਗੀ ਕਿ ਉਹ ਮੁਲਾਜ਼ਮਾਂ ਨੂੰ ਧੋਖਾ ਦੇਣ ਲਈ ਬਣਾਈਆਂ ਜਾ ਰਹੀਆਂ ਲਮਕਾਊ, ਟਰਕਾਊ ਅਤੇ ਪਾਟਕਪਾਊ ਨੀਤੀਆਂ ਨੂੰ ਛੱਡ ਕੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਤੁਰੰਤ ਗੱਲਬਾਤ ਰਾਹੀਂ ਹੱਲ ਕਰੇ। ਜੇਕਰ ਸਰਕਾਰ ਨੇ ਇਸ ਰੈਲੀ ਤੋਂ ਵੀ ਕੋਈ ਸਬਕ ਨਾ ਲਿਆ ਤਾਂ ਆਉਣ ਵਾਲੇ ਸਮੇਂ ਵਿਚ ਇਸ ਸੰਘਰਸ਼ ਨੂੰ ਹੋਰ ਵਿਸ਼ਾਲ ਅਤੇ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਜਨਰਲ ਸਕੱਤਰ ਮੋਹਨ ਭਗਤ, ਪ੍ਰੈੱਸ ਸਕੱਤਰ ਨਾਨਕ ਰਾਮ, ਮੀਡੀਆ ਸਕੱਤਰ ਬਲਜਿੰਦਰ ਸਿੰਘ ਸੋਨੀ ਆਦਿ ਹਾਜ਼ਰ ਸਨ।