- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਟੀ ਬੱਸ ਅੱਡੇ ਨੇੜ੍ਹੇ ਟ੍ਰੈਫਿਕ ਜਾਮ ’ਚ ਅੱਧਾ ਘੰਟਾ ਫ਼ਸੇ ਰਹੇ ਸਕੂਲੀ ਵਾਹਨ, ਕਈ ਸਕੂਲਾਂ ਦੇ ਬੱਚੇ ਹੋਏ ਲੇਟ

- ਸੜਕ ’ਤੇ ਖੜ੍ਹੇ ਵਾਹਨ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਜਾਣ ਦੀ ਉੱਠੀ ਮੰਗ
ਬੱਲੂ ਮਹਿਤਾ•, ਪੰਜਾਬੀ ਜਾਗਰਣ
ਪੱਟੀ : ਪੱਟੀ ਸ਼ਹਿਰ ਅੰਦਰ ਟ੍ਰੈਫਿਕ ਦੀ ਸਮੱਸਿਆਂ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਇਕ ਪਾਸੇ ਦੁਕਾਨਦਾਰਾਂ ਵੱਲੋਂ ਆਪਣੀ ਹਦੂਦ ਤੋਂ ਅੱਗੇ ਸਾਮਾਨ ਲਾਇਆ ਜਾਂਦਾ ਹੈ ਅਤੇ ਕੁਝ ਲੋਕਾਂ ਵੱਲੋਂ ਤਾਂ ਰਸਤੇ ਵਿਚ ਆਪਣੇ ਵਾਹਨ ਖੜ੍ਹੇ ਕਰ ਦਿੱਤੇ ਜਾਂਦੇ ਹਨ। ਜਿਸ ਕਰ ਕੇ ਸਵੇਰੇ ਸਕੂਲ ਲੱਗਣ ਸਮੇਂ ਅਤੇ ਦੁਪਹਿਰ ਛੁੱਟੀ ਸਮੇਂ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਸ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਜਾਂ ਟ੍ਰੈਫਿਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਦੀ। ਸ਼ੁੱਕਰਵਾਰ ਸਵੇਰੇ ਸਥਿਤੀ ਉਸ ਵੇਲੇ ਗੰਭੀਰ ਹੋ ਗਈ, ਜਦੋਂ ਸਵੇਰੇ ਜੈਨ ਮਾਡਲ ਸਕੂਲ ਦੇ ਨੇੜੇ ਸੜਕ ’ਤੇ ਲੱਗੀ ਇੱਕ ਕਾਰ ਨੂੰ ਲੈ ਕੇ ਅੱਧਾ ਘੰਟਾ ਲੋਕ ਟ੍ਰੈਫਿਕ ਜਾਮ ਵਿਚ ਫਸੇ ਰਹੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੁਲ ਜੈਨ ਨੇ ਕਿਹਾ ਕਿ ਰਸਤੇ ਵਿਚ ਲੱਗੀ ਕਾਰ ਕਰ ਕੇ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆਈਆਂ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਕੂਲਾਂ ਦੇ ਵਾਹਨ ਟ੍ਰੈਫਿਕ ਜਾਮ ਵਿਚ ਫਸੇ ਰਹੇ। ਜਿਸ ਕਾਰਨ ਬੱਚੇ ਸਕੂਲਾਂ ਵਿਚ ਲੇਟ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਜਾਮ ਨੂੰ ਕਾਬੂ ਕਰਨ ਲਈ ਟ੍ਰੈਫਿਕ ਪੁਲਿਸ ਦਾ ਕੋਈ ਵੀ ਮੁਲਾਜ਼ਮ ਨਹੀਂ ਦਿਸਿਆ। ਜਿਸ ਕਾਰਨ ਲੋਕਾਂ ਵਿਚ ਗੁੱਸਾ ਵੇਖਣ ਨੂੰ ਮਿਲਿਆ।
ਇਸ ਮੌਕੇ ਜਾਮ ’ਚ ਫਸੇ ਰਮਨ ਸ਼ਰਮਾ, ਅਮਨ ਭੁੱਲਰ, ਰਾਜੇਸ਼ ਕੁਮਾਰ, ਮਹਿੰਦਰਪਾਲ ਸਿੰਘ ਨੇ ਕਿਹਾ ਕਿ ਬਾਜ਼ਾਰਾਂ ਅੰਦਰ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੀ ਹਦੂਦ ਤੋਂ ਅੱਗੇ ਸਾਮਾਨ ਲਾਇਆ ਹੈ ਅਤੇ ਉਸ ਤੋਂ ਅੱਗੇ ਗਾਹਕਾਂ ਦੇ ਵਾਹਨ ਖੜ੍ਹੇ ਹੋ ਜਾਦੇ ਹਨ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਟ੍ਰੈਫਿਕ ਜਾਮ ਸਬੰਧੀ ਸਵੇਰ ਮੌਕੇ ਹਾਜ਼ਰ ਲੋਕਾਂ ਵੱਲੋਂ ਪੱਟੀ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਮੌਕੇ ਏਐੱਸਆਈ ਅਸ਼ੋਕ ਕੁਮਾਰ ਪਹੁੰਚੇ। ਜਿਨ੍ਹਾਂ ਨੇ ਜਾਮ ਖੁੱਲ੍ਹਵਾਇਆ। ਉਨ੍ਹਾਂ ਕਿਹਾ ਕਿ ਸੜਕ ’ਤੇ ਖੜ੍ਹੀ ਕਾਰ ਦਾ ਚਾਲਾਨ ਕੱਟਿਆ ਜਾ ਰਿਹਾ ਹੈ। ਇਸ ਮੌਕੇ ਸ਼ਹਿਰ ਵਾਸੀਆਂ ਨੇ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ, ਨਗਰ ਕੌਂਸਲ ਪ੍ਰਧਾਨ ਲਖਬੀਰ ਕੌਰ ਭੁੱਲਰ ਅਤੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਟ੍ਰੈਫਿਕ ਦੀ ਸਮੱਸਿਆਂ ਦਾ ਹੱਲ ਕੀਤਾ ਜਾਵੇ। ਸਕੂਲ ਲੱਗਣ ਅਤੇ ਛੁੱਟੀ ਸਮੇਂ ਟ੍ਰੈਫਿਕ ਪੁਲਿਸ ਤਾਇਨਾਤ ਕੀਤੀ ਜਾਾਵੇ। ਨਗਰ ਕੌਂਸਲ ਪੱਟੀ ਦੁਕਾਨਦਾਰਾਂ ਨੂੰ ਸਾਮਾਨ ਆਪਣੀ ਹਦੂਦ ਅੰਦਰ ਲਗਾਉਣ ਲਈ ਹਦਾਇਤ ਕੀਤੀ ਜਾਵੇ।
- ਦੁਕਾਨਦਾਰ ਆਪਣੀ ਹਦੂਦ ਅੰਦਰ ਲਾਉਣ ਸਾਮਾਨ : ਈਓ
ਇਸ ਸਬੰਧੀ ਨਗਰ ਕੌਂਸਲ ਪੱਟੀ ਦੇ ਕਾਰਜਸਾਧਕ ਅਫ਼ਸਰ ਧਰਮਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਾਰ-ਵਾਰ ਸ਼ਹਿਰ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਦੁਕਾਨਦਾਰ ਆਪਣੀ ਹਦੂਦ ਦੇ ਅੰਦਰ ਹੀ ਸਾਮਾਨ ਰੱਖਣ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਦੁਕਾਨਦਾਰ ਅਜਿਹਾ ਨਹੀਂ ਕਰਦਾ ਤਾਂ ਨਗਰ ਕੌਂਸਲ ਵੱਲੋਂ ਟ੍ਰੈਫਿਕ ਪੁਲਿਸ ਨਾਲ ਸਾਂਝੇ ਤੌਰ ’ਤੇ ਬਾਜ਼ਾਰਾਂ ਵਿਚ ਜਾ ਕੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਜਾਣਗੇ ਅਤੇ ਬਾਹਰ ਪਏ ਸਾਮਾਨ ਨੂੰ ਜ਼ਬਤ ਕਰ ਕੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।