ਠੇਕਾ ਮੁਲਾਜ਼ਮ ਪਰਿਵਾਰਾਂ ਸਮੇਤ 7 ਨੂੰ ਕਰਨਗੇ ਸੂਬਾ ਪੱਧਰੀ ਇਕੱਤਰਤਾ
ਠੇਕਾ ਮੁਲਾਜ਼ਮ ਪਰਿਵਾਰਾਂ ਸਮੇਤ 7 ਫਰਵਰੀ ਨੂੰ ਦਿੜ੍ਹਬਾ 'ਚ ਕਰਨਗੇ ਸੂਬਾ ਪੱਧਰੀ ਇੱਕਤਰਤਾ
Publish Date: Fri, 30 Jan 2026 04:36 PM (IST)
Updated Date: Fri, 30 Jan 2026 04:37 PM (IST)
- ਪੰਜਾਬ ਸਰਕਾਰ ਤੋਂ ਪੱਕੇ ਕੰਮ ਦੀ ਕੀਤੀ ਜਾਵੇਗੀ ਮੰਗ : ਰਮਨਦੀਪ ਸਿੰਘ
ਗੁਰਪ੍ਰੀਤ ਸਿੰਘ ਕੱਦਗਿੱਲ, •ਪੰਜਾਬੀ ਜਾਗਰਣ
ਤਰਨਤਾਰਨ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਸੂਬਾਈ ਲੀਡਰਸ਼ਿਪ ਵੱਲੋਂ ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਨੇ ਕਿਹਾ ਕਿ 7 ਫਰਵਰੀ ਨੂੰ ਵਿੱਤ ਮੰਤਰੀ ਪੰਜਾਬ ਅਤੇ ਕੈਬਨਿਟ ਸਬ ਕਮੇਟੀ ਦੇ ਮੁਖੀ ਹਰਪਾਲ ਸਿੰਘ ਚੀਮਾ ਦੇ ਹਲਕੇ ਵਿਚ ਪੰਜਾਬ ਦੇ ਬਿਜਲੀ ਵਿਭਾਗ, ਜਲ ਸਪਲਾਈ, ਸੀਵਰੇਜ ਬੋਰਡ, ਵੇਰਕਾ ਮਿਲਕ ਪਲਾਂਟ, ਪੀਡਬਲਯੂਡੀ, ਫ਼ਰਦ ਕੇਂਦਰ, ਵੇਅਰਹਾਊਸਿੰਗ ਆਦਿ ਵਿਚ ਕੰਮ ਕਰ ਰਹੇ ਹਜ਼ਾਰਾਂ ਆਊਟਸੋਰਸਡ, ਇਨਲਿਸਟਮੈਂਟ, ਦਿਹਾੜੀਦਾਰ ਅਤੇ ਠੇਕਾ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਦਿੜ੍ਹਬਾ ਦਾਣਾ ਮੰਡੀ ਵਿਚ ਇਕੱਠੇ ਹੋ ਕੇ ਇਕ ਰੋਹ ਭਰਪੂਰ ਅਤੇ ਮਿਸਾਲੀ ਰੈਲੀ ਕਰ ਕੇ ਪੰਜਾਬ ਸਰਕਾਰ ਅੱਗੇ ਪੱਕੇ ਰੁਜ਼ਗਾਰ ਅਤੇ ਗੁਜ਼ਾਰੇ ਯੋਗ ਤਨਖਾਹ ਦੀ ਮਜ਼ਬੂਤ ਮੰਗ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਰੈਲੀ ਨੂੰ ਕਿਸਾਨ, ਮਜ਼ਦੂਰ ਅਤੇ ਹੋਰ ਰੈਗੂਲਰ ਮੁਲਾਜ਼ਮ ਜਥੇਬੰਦੀਆਂ ਦਾ ਭਾਰੀ ਸਮਰਥਨ ਪ੍ਰਾਪਤ ਹੋਵੇਗਾ। ਰੈਲੀ ਦੀ ਤਿਆਰੀ ਮੁਲਾਜ਼ਮਾਂ ਦੀਆਂ ਵਿਆਪਕ ਮੀਟਿੰਗਾਂ ਅਤੇ ਆਗੂ ਟੀਮਾਂ ਵੱਲੋਂ ਘਰ-ਘਰ ਸੰਪਰਕ ਕਰਕੇ ਮੁਕੰਮਲ ਕੀਤੀ ਜਾ ਚੁੱਕੀ ਹੈ।