ਆਤਮਾ ਦੇ ਸਲਾਨਾ ਐਕਸ਼ਨ ਪਲਾਨ ਤਹਿਤ ਬਲਾਕ ਫਾਰਮਰ ਐਡਵਾਈਜ਼ਰੀ ਦੀ ਕੀਤੀ ਮੀਟਿੰਗ
ਆਤਮਾ ਦੇ ਸਲਾਨਾ ਐਕਸ਼ਨ ਪਲਾਨ ਤਹਿਤ ਬਲਾਕ ਫਾਰਮਰ ਐਡਵਾਈਜ਼ਰੀ ਦੀ ਕੀਤੀ ਮੀਟਿੰਗ
Publish Date: Thu, 29 Jan 2026 08:30 PM (IST)
Updated Date: Fri, 30 Jan 2026 04:13 AM (IST)

ਕੈਪਸ਼ਨ - ਆਤਮਾ ਦੇ ਸਲਾਨਾ ਐਕਸ਼ਨ ਪਲਾਨ ਤਹਿਤ ਬਲਾਕ ਫਾਰਮਰ ਐਡਵਾਈਜ਼ਰੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ. ਯਾਦਵਿੰਦਰ ਸਿੰਘ। * ਬਲਾਕ ਖਡੂਰ ਸਾਹਿਬ ਨੂੰ ਅੱਗ ਮੁਕਤ, ਜ਼ਹਿਰ ਮੁਕਤ ਤੇ ਬਾਗਬਾਨੀ ਯੁਕਤ ਕਰਨਾ ਸਾਡਾ ਟੀਚਾ : ਡਾ. ਯਾਦਵਿੰਦਰ ਸਿੰਘ ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹੇ ਨੂੰ ਅੱਗ ਮੁਕਤ, ਜ਼ਹਿਰ ਮੁਕਤ ਅਤੇ ਬਾਗਬਾਨੀ ਯੁਕਤ ਕਰਨ ਦੇ ਉਦੇਸ਼ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵੱਖ-ਵੱਖ ਸਕੀਮਾਂ, ਪ੍ਰਦਰਸ਼ਨੀਆਂ ਟਰੇਨਿੰਗ ਕੈਂਪਾਂ ਦੇ ਜਰੀਏ ਕਿਸਾਨਾਂ ਨੂੰ ਰਵਾਇਤੀ ਫਸਲਾਂ ਨੂੰ ਘੱਟ ਕਰਕੇ ਸਹਾਇਕ ਧੰਦੇ ਅਪਣਾਉਣ ਲਈ ਟਰੇਨਿੰਗਾਂ ਅਤੇ ਕਿਸਾਨ ਗੋਸ਼ਟੀਆਂ ਲਗਾਈਆਂ ਜਾ ਰਹੀਆਂ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਬਲਾਕ ਫਾਰਮਰ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਬੀਟੀਟੀ ਇੰਚਾਰਜ਼ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਬਲਾਕ ਫਾਰਮਰ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵਿਚ ਆਤਮਾ ਦੇ 2026-27 ਦੇ ਸਲਾਨਾ ਐਕਸ਼ਨ ਪਲਾਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਡਾ. ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਕਿਸਾਨ ਦੇ ਨਾਲ ਸਲਾਨਾ ਐਕਸ਼ਨ ਪਲਾਨ ਵਿਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਪ੍ਰਦਰਸ਼ਨੀ ਪਲਾਟ, ਸਕਿੱਲ ਡਿਵੈਲਪਮੈਂਟ ਕੰਪੋਨੈਂਟ, ਖਾਦ ਬੀਜ ਦਵਾਈਆਂ ਦੀ ਦੁਕਾਨ ਖੋਲਣ ਵਾਸਤੇ ਡਿਪਲੋਮਾ, ਕਿਸਾਨ ਅਵਾਰਡ, ਕਿਸਾਨ ਮਿੱਤਰਾਂ ਨੂੰ ਦਿੱਤਾ ਜਾਣ ਵਾਲਾ ਸਲਾਨਾ ਭੱਤਾ ਅਤੇ ਹੋਰ ਅਹਿਮ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਬਲਾਕ ਟੈਕਨੋਲੋਜੀ ਟੀਮ ਅਤੇ ਬਲਾਕ ਐਡਵਾਈਜ਼ਰੀ ਕਮੇਟੀ ਦੇ ਮੈਂਬਰਾਂ ਨੇ ਡਾ:ਯਾਦਵਿੰਦਰ ਸਿੰਘ ਦੁਆਰਾ ਪੇਸ਼ ਕੀਤੇ ਗਏ ਸਲਾਨਾ ਐਕਸ਼ਨ ਪਲਾਨ ਦੀ ਪ੍ਰੋੜਤਾ ਕੀਤੀ ਅਤੇ ਇਸ ਨੂੰ ਹੈਡਕੁਆਟਰ ’ਤੇ ਭੇਜਣ ਵਾਸਤੇ ਪ੍ਰਵਾਨਗੀ ਦਿੱਤੀ। ਡਾ. ਯਾਦਵਿੰਦਰ ਸਿੰਘ ਨੇ ਬਲਾਕ ਫਾਰਮਰ ਐਡਵਾਈ਼ਜਰੀ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਰਵਾਇਤੀ ਫ਼ਸਲਾਂ ਨੂੰ ਘੱਟ ਕਰਕੇ ਤੇਲ ਬੀਜ ਦਾਲਾਂ ਅਤੇ ਦਵਾਈਆਂ ਵਾਲੀਆਂ ਫ਼ਸਲਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੋ ਕਿ ਸਮੇਂ ਦੀ ਮੁੱਢਲੀ ਲੋੜ ਹੈ। ਅਜਿਹੀਆਂ ਫ਼ਸਲਾਂ ਦੇ ਨਾਲ ਪਾਣੀ ਦੀ ਬੱਚਤ ਹੁੰਦੀ ਹੈ, ਮਿੱਟੀ ਦੀ ਸਿਹਤ ਬਣਦੀ ਹੈ ਅਤੇ ਖਪਤਕਾਰਾਂ ਨੂੰ ਚੰਗੇ ਉਤਪਾਦ ਮਿਲ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਨੂੰ ਖੇਤੀ ਦੇ ਨਾਲ ਸਹਾਇਕ ਧੰਦੇ ਮੁਰਗੀ ਪਾਲਣ, ਮੱਛੀ ਪਾਲਣ, ਸੂਰ ਪਾਲਣ, ਬੱਕਰੀ ਪਾਲਣ ਡੇਅਰੀ ਅਤੇ ਹੋਰ ਅਜਿਹੇ ਧੰਦਿਆਂ ਨੂੰ ਅਪਣਾਉਣਾ ਪਵੇਗਾ, ਜਿਸ ਦੇ ਨਾਲ ਸਾਡੀ ਆਮਦਨ ਵਿਚ ਵੀ ਵਾਧਾ ਹੋਵੇਗਾ ਅਤੇ ਅਸੀਂ ਕੁਦਰਤੀ ਸੋਮਿਆਂ ਨੂੰ ਬਚਾਉਣ ਵਿਚ ਸਰਕਾਰ ਅਤੇ ਵਿਭਾਗ ਦਾ ਸਾਥ ਦੇ ਸਕਦੇ ਹਾਂ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਰਮਨਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬੇਲੋੜੀਆਂ ਸਪਰੇਆਂ ਤੋਂ ਬਚਿਆ ਜਾਵੇ ਅਤੇ ਸਮੇਂ ਸਿਰ ਆਪਣੀ ਫ਼ਸਲ ਦਾ ਨਿਰੀਖਣ ਕੀਤਾ ਜਾਵੇ ਅਤੇ ਜੇ ਕਿਤੇ ਪੀਲੀ ਕੁੰਗੀ ਦਾ ਹਮਲਾ ਨਜ਼ਰ ਆਉਂਦਾ ਹੈ, ਇਸ ਸਬੰਧੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ। ਅਖੀਰ ਵਿਚ ਡਾ: ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਵਲੋਂ ਵੱਖ-ਵੱਖ ਸਕੀਮਾਂ ਤਹਿਤ ਦਿੱਤੀਆਂ ਜਾਂਦੀਆਂ ਸਬਸਿਡੀਆਂ ਦਾ ਲਾਭ ਲੈਣ ਅਤੇ ਵਿਭਾਗ ਵਲੋਂ 50 ਫੀਸਦੀ ਸਬਸਿਡੀ ਤੇ ਆਈ ਜਿਪਸਮ ਆਪਣੇ ਖੇਤਾਂ ਵਿਚ ਪਾ ਕੇ ਮਿੱਟੀ ਦੀ ਗੁਣਵੱਤਾ ਬਣਾਉਣ ਤਾਂ ਜੋ ਹਵਾ ਅਤੇ ਪਾਣੀ ਦਾ ਸਹੀ ਤਰੀਕੇ ਨਾਲ ਅਦਾਨ ਪ੍ਰਦਾਨ ਹੋ ਸਕੇ। ਇਸ ਮੌਕੇ ਅਵਤਾਰ ਸਿੰਘ ਖੇਤੀਬਾੜੀ ਉਪ ਨਿਰੀਖਕ, ਕਮਲਜੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ, ਗੁਰਮੇਜ ਸਿੰਘ ਚੇਅਰਮੈਨ, ਹਰਪਾਲ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ, ਮੰਗਲ ਦਾਸ, ਕ੍ਰਿਸ਼ਨ ਕੁਮਾਰ, ਤਰਸੇਮ ਸਿੰਘ, ਵਜ਼ੀਰ ਸਿੰਘ, ਹੀਰਾ ਸਿੰਘ, ਹਰਪਾਲ ਸਿੰਘ, ਰਸ਼ਪਾਲ ਸਿੰਘ, ਕਰਮ ਸਿੰਘ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਗੁਰਪ੍ਰਤਾਪ ਸਿੰਘ ਬੇਲਦਾਰ ਅਤੇ ਅਗਾਂਹਵਧੂ ਕਿਸਾਨ ਹਾਜਰ ਸਨ।