ਸਿਵਲ ਹਸਪਤਾਲ ’ਚ ਸੂਟਾਂ ਦਾ ਵਪਾਰ ਕਰਨ ਵਾਲੀ ਮਹਿਲਾ ਅਧਿਕਾਰੀ ਦਾ ਤਬਾਦਲਾ
ਸਿਵਲ ਹਸਪਤਾਲ ’ਚ ਸੂਟਾਂ ਦਾ ਵਪਾਰ ਕਰਨ ਵਾਲੀ ਮਹਿਲਾ ਅਧਿਕਾਰੀ ਦਾ ਹੋਇਆ ਤਬਾਦਲਾ
Publish Date: Thu, 29 Jan 2026 08:14 PM (IST)
Updated Date: Fri, 30 Jan 2026 04:13 AM (IST)

ਕੈਪਸ਼ਨ - ਜੈਸਮੀਨ ਕੌਰ। ਕੈਪਸ਼ਨ - ਜੁਗਰਾਜ ਕੌਰ। ਕੈਪਸ਼ਨ - ਡਾ. ਗੁਰਪ੍ਰੀਤ ਸਿੰਘ ਰਾਏ। * ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸਨ ਦੇ ਲਗਾਤਾਰ ਕੀਤੇ ਜਾ ਰਹੇ ਸੰਘਰਸ਼ ਨੂੰ ਪਿਆ ਬੂਰ ਗੁਰਪ੍ਰੀਤ ਸਿੰਘ ਕੱਦਗਿੱਲ, •ਪੰਜਾਬੀ ਜਾਗਰਣ ਤਰਨਤਾਰਨ : ਜ਼ਿਲ੍ਹੇ ਦੀਆਂ ਸਮੂਹ ਸੀਐੱਚਓ ਵੱਲੋਂ ਬੀਤੇ ਦਿਨਾਂ ਤੋਂ ਤਰਨਤਾਰਨ ਦੇ ਸਿਵਲ ਹਸਪਤਾਲ ਵਿਖੇ ਵੱਡੀ ਪੱਧਰ ’ਤੇ ਇਕੱਤਰ ਹੋ ਕੇ ਇਥੇ ਪਿਛਲੇ 15 ਸਾਲ ਤੋਂ ਤਾਇਨਾਤ ਡੀਐੱਮਈਓ ਲਵਲੀਨ ਕੌਰ ਖਿਲਾਫ਼ ਸੰਘਰਸ਼ ਵਿੱਢਿਆ ਹੋਇਆ ਸੀ। ਮੁਲਾਜ਼ਮਾਂ ਦਾ ਦੋਸ਼ ਸੀ ਕਿ ਉਕਤ ਅਧਿਕਾਰੀ ਵੱਲੋਂ ਮੀਟਿੰਗਾਂ ਦੌਰਾਨ ਮਾੜੀ ਸ਼ਬਦਾਵਲੀ ਬੋਲੀ ਜਾਂਦੀ ਹੈ ਤੇ ਡਿਊਟੀ ਦੌਰਾਨ ਸਸਤੇ ਸੂਟ ਲਿਆ ਕੇ ਮਹਿੰਗੇ ਭਾਅ ਜ਼ਬਰਦਸਤੀ ਮਹਿਲਾ ਸਟਾਫ਼ ਨੂੰ ਵੇਚੇ ਜਾਂਦੇ ਹਨ। ਉਕਤ ਮੁਲਾਜ਼ਮਾਂ ਵਲੋਂ ਰੋਸ ਧਰਨਾ ਦੇ ਕੇ ਉਚ ਅਧਿਕਾਰੀਆਂ ਕਾਰਵਾਈ ਕਰਨ ਤੇ ਅਧਿਕਾਰੀ ਦੀ ਬਦਲੀ ਲਈ ਕੀਤੀ ਜਾ ਰਹੀ ਮੰਗ ਨੂੰ ਉਸ ਵੇਲੇ ਬੂਰ ਪੈ ਗਿਆ, ਜਦੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਭਰ ’ਚ ਹੋ ਰਹੇ ਵਿਰੋਧ ਨੂੰ ਧਿਆਨ ’ਚ ਰੱਖਦਿਆਂ ਉਕਤ ਮਹਿਲਾ ਅਧਿਕਾਰੀ ਦੀ ਬਦਲੀ ਮਾਨਸਾ ਕਰ ਦਿੱਤੀ ਗਈ। ਇਸ ਫੈਸਲੇ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸਨ ਤਰਨਤਾਰਨ ਨੇ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਯੂਨੀਅਨ ਦੇ ਮੈਂਬਰਾਂ ਅਤੇ ਆਗੂਆਂ ਵਲੋਂ ਕੀਤੇ ਗਏ ਸੰਘਰਸ਼ ਦੀ ਵੱਡੀ ਜਿੱਤ ਹੋਈ ਹੈ। ਜ਼ਿਕਰਯੋਗ ਹੈ ਕਿ ਉਕਤ ਐਸੋਸੀਏਸ਼ਨ ਵਲੋ ਕੀਤੇ ਜਾ ਰਹੇ ਸੰਘਰਸ਼ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਬੀਤੇ ਦਿਨੀਂ ਗਣਤੰਤਰ ਦਿਵਸ ਮੌਕੇ ਉਕਤ ਮਹਿਲਾ ਅਧਿਕਾਰੀ ਨੂੰ ਸਿਵਲ ਹਸਪਤਾਲ ਵਿਖੇ ਹੋਏ ਇਕ ਸਮਾਗਮ ਵਿਚ ਵਧੀਆ ਸੇਵਾਵਾਂ ਬਦਲੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵਲੋਂ ਸਨਮਾਨਿਤ ਕਰ ਦਿੱਤਾ ਗਿਆ। ਜਿਸ ਕਰ ਕੇ ਜ਼ਿਲ੍ਹੇ ਭਰ ’ਚ ਹੋਰ ਵੀ ਰੋਸ ਦੀ ਲਹਿਰ ਜ਼ੋਰ ਫੜ ਗਈ। ਇਸ ਨੂੰ ਕਿ ਸੰਘਰਸ਼ ਤਿੱਖਾ ਕਰਨ ਲਈ ਰੂਪ ਰੇਖਾ ਉਲੀਕੀ ਜਾਣ ਲੱਗੀ ਤਾਂ ਇਹ ਮਾਮਲਾ ਮੁੜ ਤੋਂ ਮੀਡੀਆ ਵਿਚ ਆਉਣ ’ਤੇ ਉਚ ਅਧਿਕਾਰੀਆਂ ਵਲੋਂ ਇਸ ਮਹਿਲਾ ਮੁਲਾਜ਼ਮ ਦਾ ਇਥੋਂ ਤਬਾਦਲਾਂ ਕਰਨਾ ਹੀ ਮੁਨਾਸਿਬ ਸਮਝਿਆ । ਜ਼ਿਲ੍ਹਾ ਪ੍ਰਧਾਨ ਜੈਸਮੀਨ ਕੌਰ ਤੇ ਜੁਗਰਾਜ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ 6 ਸਾਲਾਂ ਤੋਂ ਪਿੰਡਾਂ ਵਿਚ ਕਮਿਊਨਟੀ ਹੈਲਥ ਅਫ਼ਸਰਾਂ ਵਲੋਂ ਸਿਹਤ ਸੇਵਾਵਾਂ ਦਿੱਤੀਆ ਜਾ ਰਹੀਆਂ ਹਨ। ਜਿਸ ਵਿਚ ਮੁੱਖ ਰੂਪ ਤੇ ਨਾਨ ਕਮਿਊਨਟੀ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ, ਬੱਚਾ-ਬੱਚਾ ਸਿਹਤ ਸੇਵਾਵਾਂ, ਲਗਭਗ ਸਾਰੇ ਨੈਸ਼ਨਲ ਹੈਲਥ ਪ੍ਰੋਗਰਾਮ ਆਦਿ ਆਉਂਦੇ ਹਨ। ਸਮੂਹ ਕਮਿਊਨਟੀ ਹੈਲਥ ਅਫ਼ਸਰ ਆਪਣੀ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਇਹ ਸੇਵਾਵਾਂ ਪਿੰਡਾਂ ਦੇ ਲੋਕਾਂ ਨੂੰ ਦੇ ਰਹੇ ਹਨ। ਪਰ ਉਚ ਅਧਿਕਾਰੀਆ ਵਲੋਂ ਇਨ੍ਹਾਂ ਦੇ ਕੰਮ ਦੀ ਹੌਸਲਾ ਅਫ਼ਜਾਈ ਕਰਨ ਦੀ ਬਜਾਏ ਉਲਟ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਤਰਨਤਾਰਨ ਸਿਵਲ ਹਸਪਤਾਲ ਵਿਖੇ ਤਾਇਨਾਤ ਲਵਲੀਨ ਕੌਰ ਡੀਐੱਮਈਓ ਜ਼ਿਲ੍ਹੇ ਵਲੋਂ ਦਫ਼ਤਰੀ ਮੀਟਿੰਗ ਦੌਰਾਨ ਕਮਿਊਨਟੀ ਹੈਲਥ ਅਫਸਰਾਂ ਨੂੰ ਬਹੁਤ ਹੀ ਨਿੰਦਣਯੋਗ ਭਾਸ਼ਾ ਵਿਚ ਸੰਬੋਧਿਤ ਕੀਤਾ ਜਾਂਦਾ ਹੈ, ਇਥੋਂ ਤੱਕ ਕਿ ਨੌਕਰੀ ਵਿਚ ਕਢਵਾ ਦੇਣ ਦੀਆਂ ਧਮਕੀਆਂ ਤੱਕ ਦਿੱਤੀਆਂ ਜਾਂਦੀਆਂ ਸਨ। ਇਸ ਦਾ ਯੂਨੀਅਨ ਵਲੋਂ ਡੱਟ ਕੇ ਵਿਰੋਧ ਹੋਣ ਦੇ ਬਾਵਜੂਦ ਵੀ ਗਣਤੰਤਰ ਦਿਵਸ ’ਤੇ ਡੀਐੱਮਈਓ ਲਵਲੀਨ ਕੌਰ ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ, ਜੋ ਉਨ੍ਹਾਂ ਸਾਡੇ ਨਾਲ ਬੇਇਨਸਾਫੀ ਸੀ। ਗਣਤੰਤਰ ਦਿਵਸ ਮੌਕੇ ਲਵਲੀਨ ਕੌਰ ਨੂੰ ਕੀਤਾ ਗਿਆ ਸੀ ਸਨਮਾਨਿਤ : ਸਿਵਲ ਸਰਜਨ ਮਹਿਲਾ ਅਧਿਕਾਰੀ ਲਵਲੀਨ ਕੌਰ ਨੂੰ ਗਣਤੰਤਰ ਦਿਵਸ ’ਤੇ ਸਨਮਾਨਿਤ ਕਰਨ ਸਬੰਧੀ ਜਦੋਂ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਲਵਲੀਨ ਕੌਰ ਵੱਲੋਂ ਪਿਛਲੇ ਸਮੇਂ ਦੌਰਾਨ ਨਿਭਾਈਆਂ ਚੰਗੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਿਵਲ ਹਸਪਤਾਲ ਵਿਖੇ ਮਨਾਏ ਗਏ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ ਸੀ।