ਇਲਾਜ ਦੌਰਾਨ ਫੌਜ ਦੇ ਨਾਂ ’ਤੇ ਕੇਂਦਰ ਦੇ ਖਜ਼ਾਨੇ ਨੂੰ ਚੂਨਾ ਲਾਉਣ ਵਾਲੇ ਹਸਪਤਾਲਾਂ ਦੀ ਹੋਵੇ ਜਾਂਚ
ਇਲਾਜ ਦੌਰਾਨ ਫੌਜ ਦੇ ਨਾਂ ’ਤੇ ਕੇਂਦਰ ਦੇ ਖਜ਼ਾਨੇ ਨੂੰ ਚੂਨਾ ਲਾਉਣ ਵਾਲੇ ਹਸਪਤਾਲਾਂ ਦੀ ਹੋਵੇ ਜਾਂਚ
Publish Date: Thu, 29 Jan 2026 07:55 PM (IST)
Updated Date: Fri, 30 Jan 2026 04:11 AM (IST)

ਕੈਪਸ਼ਨ - ਲਾਜਰ ਲਾਖਣਾ। ਦਲਜਿੰਦਰ ਰਾਜਪੂਤ, •ਪੰਜਾਬੀ ਜਾਗਰਣ, ਅਲਗੋਂ ਕੋਠੀ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਲਾਜਰ ਲਾਖਣਾ ਨੇ ਕਿਹਾ ਹੈ ਕਿ ਕੁਝ ਪ੍ਰਾਈਵੇਟ ਹਸਪਤਾਲਾਂ ਵਲੋਂ ਫੌਜ ਅਤੇ ਹੋਰ ਇਲਾਜ ਕਾਰਡਾਂ ਦੇ ਨਾਂ ਉਪਰ ਕਥਿਤ ਤੌਰ ’ਤੇ ਵੱਡੀ ਪੱਧਰ ’ਤੇ ਕੇਂਦਰ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਜਿਸਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਲਾਖਣਾ ਨੇ ਕਿਹਾ ਕਿ ਇਕ ਪਾਸੇ ਤਾਂ ਗਰੀਬ ਲੋਕਾਂ ਨੂੰ ਪ੍ਰਾਈਵੇਟ ਹਸਪਤਾਲ ਦਾ ਥੜ੍ਹਾ ਤੱਕ ਚੜ੍ਹਨ ਲਈ ਹੱਥ ਪੈਰ ਜੋੜਨੇ ਪੈਂਦੇ ਹਨ। ਉਥੇ ਹੀ ਆਰਮੀ ਦੀ ਆੜ ਲੈ ਕੇ ਫੌਜੀਆਂ ਦੇ ਨਾਂ ’ਤੇ ਕੇਂਦਰ ਸਰਕਾਰ ਦੇ ਖਜ਼ਾਨੇ ਨੂੰ ਬੇਰਹਿਮੀ ਨਾਲ ਲੁੱਟਿਆ ਜਾ ਰਿਹਾ ਹੈ। ਕਿਉਂਕਿ ਫੌਜੀਆਂ ਦੇ ਇਲਾਜ ਦੇ ਨਾਂ ’ਤੇ ਸਿੱਧੀ ਬਿਲਿੰਗ ਕੇਂਦਰ ਸਰਕਾਰ ਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਵਿਚ ਆਰਮੀ ਦੇ ਨਾਂ ’ਤੇ ਹਸਪਤਾਲਾਂ ਵਿਚ ਕਥਿਤ ਤੌਰ ’ਤੇ ਜਾਅਲੀ ਭਰਤੀਆਂ ਵੀ ਕੀਤੀਆਂ ਜਾ ਰਹੀਆਂ ਹਨ। ਫੌਜੀਆਂ ਦੇ ਕਾਰਡਾਂ ਦੀ ਗਲਤ ਵਰਤੋਂ ਕਰਕੇ ਹਸਪਤਾਲ ਕੇਂਦਰ ਦੇ ਖਜ਼ਾਨੇ ਤੋਂ ਲੱਖਾਂ ਹੀ ਨਹੀਂ, ਸਗੋਂ ਕਰੋੜਾਂ ਰੁਪਏ ਦੀ ਲੁੱਟ ਕਰ ਰਹੇ ਹਨ। ਲਾਜਰ ਲਾਖਣਾ ਨੇ ਦਾਅਵਾ ਕੀਤਾ ਕਿ ਜੇਕਰ ਕੇਂਦਰ ਸਰਕਾਰ ਦੀਆਂ ਜਾਂਚ ਏਜੰਸੀਆਂ, ਇੰਟੈਲੀਜੈਂਸ ਵਿਭਾਗ ਜਾਂ ਸੀਬੀਆਈ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ, ਤਾਂ ਫੌਜੀਆਂ ਦੇ ਕਾਰਡਾਂ ਨਾਲ ਜੁੜਿਆ ਇਕ ਵੱਡਾ ਘੁਟਾਲਾ ਬੇਨਕਾਬ ਹੋ ਸਕਦਾ ਹੈ। ਲਾਜਰ ਲਾਖਣਾ ਨੇ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਜਦੋਂ ਪਹਿਲਾਂ ਆਯੂਸ਼ਮਾਨ ਭਾਰਤ ਸਿਹਤ ਕਾਰਡ ਲਾਗੂ ਕੀਤੇ ਗਏ ਸਨ, ਉਸ ਸਮੇਂ ਵੀ ਸ਼ਰੇਆਮ ਗਰੀਬ ਵਰਗ ਦੀ ਲੁੱਟ ਹੋਈ ਸੀ। ਬਿਨ੍ਹਾਂ ਮਰੀਜ਼ਾਂ ਨੂੰ ਜਾਣਕਾਰੀ ਦਿੱਤੇ ਹੀ ਕਾਰਡਾਂ ਵਿਚੋਂ ਰਕਮ ਕੱਢ ਲਈ ਜਾਂਦੀ ਸੀ ਅਤੇ ਕਈ ਵਾਰ ਮਰੀਜ਼ ਨੂੰ ਇਹ ਵੀ ਨਹੀਂ ਦੱਸਿਆ ਜਾਂਦਾ ਸੀ ਕਿ ਕਿਸ ਇਲਾਜ ਦੇ ਨਾਂ ’ਤੇ ਕਿਨ੍ਹਾਂ ਖਰਚਾ ਦਿਖਾਇਆ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਜਦੋਂ ਕਿਸੇ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਮਿਲੇ, ਤਾਂ ਉਸਨੂੰ ਬਿੱਲ ਉਪਰ ਹਰ ਜਾਣਕਾਰੀ ਦਿੱਤੀ ਜਾਵੇ। ਮਰੀਜ਼ ਨੂੰ ਸਪੱਸ਼ਟ ਤੌਰ ’ਤੇ ਦੱਸਿਆ ਜਾਵੇ ਕਿ ਕਿਸ ਇਲਾਜ, ਦਵਾਈ, ਟੈਸਟ ਜਾਂ ਸਹੂਲਤ ਦਾ ਕਿਨ੍ਹਾਂ ਬਿੱਲ ਬਣਿਆ ਹੈ, ਤਾਂ ਜੋ ਗਰੀਬ ਵਰਗ ਨਾਲ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ।