ਸਰਹੱਦ ਪਾਰੋਂ ਡ੍ਰੋਨ ਦੀ ਮਦਦ ਨਾਲ ਸੁੱਟੀ 700 ਗ੍ਰਾਮ ਅਫੀਮ ਬਰਾਮਦ
ਸਰਹੱਦ ਪਾਰੋਂ ਡ੍ਰੋਨ ਦੀ ਮਦਦ ਨਾਲ ਸੁੱਟੀ ਗਈ ਅਫੀਮ ਦੀ ਖੇਪ ਬਰਾਮਦ
Publish Date: Thu, 29 Jan 2026 07:36 PM (IST)
Updated Date: Fri, 30 Jan 2026 04:11 AM (IST)
ਸਰਬਜੀਤ ਸਿੰਘ ਛੀਨਾ, •ਪੰਜਾਬੀ ਜਾਗਰਣ, ਖਾਲੜਾ : ਸਰਹੱਦੀ ਕਸਬਾ ਖਾਲੜਾ ਦੇ ਖੇਤਾਂ ’ਚ ਸਰਹੱਦ ਪਾਰੋਂ ਡ੍ਰੋਨ ਦੀ ਮਦਦ ਨਾਲ ਸੁੱਟੀ ਗਈ ਅਫੀਮ ਦੀ ਖੇਪ ਥਾਣਾ ਖਾਲੜਾ ਦੀ ਪੁਲਿਸ ਨੇ ਬੀਐੱਸਐੱਫ ਜਵਾਨਾਂ ਸਮੇਤ ਸਾਂਝੀ ਤਲਾਸ਼ੀ ਮੁਹਿੰਮ ਚਲਾ ਕੇ ਬਰਾਮਦ ਕੀਤੀ ਹੈ। ਇਹ ਬਰਾਮਦਗੀ ਐਂਟੀ ਡ੍ਰੋਨ ਸਿਸਟਮ ਵੱਲੋਂ ਦਰਜ ਕੀਤੀ ਗਈ ਡ੍ਰੋਨ ਗਤੀਵਿਧੀ ਕਾਰਨ ਹੋਈ। ਜਿਸ ਸਬੰਧੀ ਥਾਣਾ ਖਾਲੜਾ ’ਚ ਐੱਨਡੀਪੀਐੱਸ ਤੇ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਐਂਟੀ ਡ੍ਰੋਨ ਸਿਸਟਮ ’ਚ ਡ੍ਰੋਨ ਗਤੀਵਿਧੀ ਰਿਕਾਰਡ ਹੋਈ ਸੀ। ਜਿਸਦੇ ਅਧਾਰ ’ਤੇ ਥਾਣਾ ਖਾਲੜਾ ਦੇ ਮੁਖੀ ਸਬ ਇੰਸਪੈਕਟਰਕ ਸਾਹਿਬ ਸਿੰਘ ਨੇ ਖਾਲੜਾ ਪੋਸਟ ’ਤੇ ਤਾਇਨਾਤ ਬੀਐੱਸਐੱਫ ਦੀ 115 ਬਟਾਲੀਅਨ ਦੇ ਕੰਪਨੀ ਕ ਮਾਂਡਰ ਸੰਜੇ ਕੁਮਾਰ ਸ਼ਰਮਾ ਨੂੰ ਸੂਚਿਤ ਕੀਤਾ। ਜਦੋਂ ਦੋਵਾਂ ਫੋਰਸਾਂ ਨੇ ਰਡਾਰ ’ਤੇ ਆਏ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਤਾਂ ਪਿੰਡ ਖਾਲੜਾ ਦੀ ਪੰਚਾਇਤੀ ਜਮੀਨ ਜੋ ਹਰਜਿੰਦਰ ਸਿੰਘ ਪੁੱਤਰ ਪਿੱਪਪਲ ਸਿੰਘ ਨੇ ਠੇਕੇ ’ਤੇ ਲਈ ਹੋਈ ਹੈ, ਵਿੱਚੋਂ ਪੀਲੇ ਰੰਗ ਦਾ ਪੈਕੇਟ ਬਰਾਮਦ ਹੋਇਆ। ਜਾਂਚ ਕਰਨ ’ਤੇ ਪੈਕਟ ਵਿੱਚੋਂ 700 ਗ੍ਰਾਮ ਅਫੀਮ ਮਿਲੀ। ਉਨ੍ਹਾਂ ਦੱਸਿਆ ਕਿ ਫਿਲਹਾਲ ਅਣਪਛਾਤੇ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਗਈ ਹੈ। ਪਰ ਜਲਦ ਹੀ ਉਕਤ ਖੇਪ ਨੂੰ ਮੰਗਵਾਉਣ ਵਾਲੇ ਦਾ ਪਤਾ ਲਗੇ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ।