ਪਾਕਿਸਤਾਨੀ ਤਸਕਰਾਂ ਕੋਲੋਂ ਡ੍ਰੋਨ ਰਾਹੀਂ ਨਸ਼ਾ ਤੇ ਅਸਲਾ ਮੰਗਵਾਉਣ ਵਾਲੇ ਤਿੰਨ ਕਾਬੂ
ਪਾਕਿਸਤਾਨੀ ਤਸਕਰਾਂ ਕੋਲੋਂ ਡ੍ਰੋਨ ਰਾਂਹੀ ਨਸ਼ਾ ਤੇ ਅਸਲਾ ਮੰਗਵਾਉਣ ਵਾਲੇ ਤਿੰਨ ਕਾਬੂ
Publish Date: Thu, 29 Jan 2026 07:15 PM (IST)
Updated Date: Fri, 30 Jan 2026 04:11 AM (IST)
ਕੈਪਸ਼ਨ- ਅਫੀਮ ਅਤੇ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਤਿੰਨ ਨੌਜਵਾਨਾਂ ਦੇ ਨਾਲ ਡੀਐੱਸਪੀ ਪ੍ਰੀਤਇੰਦਰ ਸਿੰਘ ਤੇ ਹੋਰ ਪੁਲਿਸ ਅਧਿਕਾਰੀ।
* ਮੁਲਜ਼ਮਾਂ ਤੋਂ 962 ਗ੍ਰਾਮ ਅਫੀਮ ਤੇ 300 ਗ੍ਰਾਮ ਹੈਰੋਇਨ ਬਰਾਮਦ, ਕੇਸ ਦਰਜ
ਰਾਜਨ ਚੋਪੜਾ/ਸਰਬਜੀਤ ਛੀਨਾ, •ਪੰਜਾਬੀ ਜਾਗਰਣ
ਭਿੱਖੀਵਿੰਡ/ਖਾਲੜਾ : ਪਾਕਿਸਤਾਨੀ ਸਮੱਗਲਰਾਂ ਨੂੰ ਲੋਕੇਸ਼ਨ ਭੇਜ ਕੇ ਡ੍ਰੋਨ ਦੀ ਮਦਦ ਨਾਲ ਸਰਹੱਦ ਪਾਰੋਂ ਨਸ਼ਾ ਤੇ ਹਥਿਆਰ ਮੰਗਵਾਉਣ ਵਾਲੇ ਤਿੰਨ ਨੌਜਵਾਨਾਂ ਨੂੰ ਥਾਣਾ ਖਾਲੜਾ ਦੀ ਪੁਲਿਸ ਨੇ ਵੱਡੀ ਮਾਤਰਾ ’ਚ ਹੈਰੋਇਨ ਤੇ ਅਫੀਮ ਬਰਾਮਦ ਕਰ ਕੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਉਕਤਾਂ ਨੂੰ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਸਰਹੱਦੀ ਪਿੰਡ ਮਾੜੀ ਕੰਬੋਕੇ ਦੀਆਂ ਬਹਿਕਾਂ ਕੋਲੋਂ ਫੜਿਆ। ਜਿਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਤੇ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਐੱਸਪੀ ਸਬ ਡਵੀਜ਼ਨ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਦੇ ਹੱਥ ਸੂਚਨਾ ਲੱਗੀ ਸੀ ਕਿ ਜਸ਼ਨਪ੍ਰੀਤ ਸਿੰਘ ਮੁੱਲਾ ਪੁੱਤਰ ਬਲਵਿੰਦਰ ਸਿੰਘ, ਇੰਦਰਜੀਤ ਸਿੰਘ ਗਾਂਧੀ ਪੁੱਤਰ ਮੇਜਰ ਸਿੰਘ ਤੇ ਜੋਬਨਪ੍ਰੀਤ ਸੰਘ ਭੇਡੂ ਪੁੱਤਰ ਬਲਦੇਵ ਸਿੰਘ ਤਿੰਨੇ ਵਾਸੀ ਪਿੰਡ ਮਾੜੀ ਕੰਬੋਕੇ ਪਾਕਿਸਤਾਨੀ ਸਮੱਗਲਰਾਂ ਨੂੰ ਲੋਕੇਸ਼ਨ ਭੇਜ ਕੇ ਸਰਹੱਦ ਪਾਰੋਂ ਹੈਰੋਇਨ, ਅਫੀਮ ਤੇ ਹਥਿਆਰ ਮੰਗਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਏਐੱਸਆਈ ਗੁਰਸਾਹਿਬ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਬੀਐੱਸਐੱਫ ਦੀ 142 ਬਟਾਲੀਅਨ ਅਧੀਨ ਆਉਂਦੀ ਚੌਕੀ ਵਾਂ ਤਾਰਾ ਸਿੰਘ ਦੇ ਕੰਪਨੀ ਕਮਾਂਡਰ ਰਵਿੰਦਰ ਕੁਮਾਰ ਦੀ ਅਗਵਾਈ ਹੇਠ ਜਵਾਨਾਂ ਨੂੰ ਨਾਲ ਲਿਆ ਤੇ ਉਕਤ ਤਿੰਨਾਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਦੇ ਕਬਜ਼ੇ ’ਚੋਂ 300 ਗ੍ਰਾਮ ਹੈਰੋਇਨ, 962 ਗ੍ਰਾਮ ਅਫੀਮ ਤੇ ਤਿੰਨ ਮੋਬਾਈਲ ਫੋਨ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ। ਇਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।