ਕਾਮਰੇਡ ਜਸਪਾਲ ਸਿੰਘ ਝਬਾਲ ਦਾ ਦੇਹਾਂਤ
ਸੀਪੀਐੱਮ ਅਤੇ ਆਰਐੱਮਪੀਆਈ ਦੇ ਆਗੂ ਕਾਮਰੇਡ ਜਸਪਾਲ ਸਿੰਘ ਝਬਾਲ ਦਾ ਦੇਹਾਂਤ
Publish Date: Thu, 29 Jan 2026 07:07 PM (IST)
Updated Date: Fri, 30 Jan 2026 04:11 AM (IST)

ਕੈਪਸ਼ਨ - ਕਾਮਰੇਡ ਜਸਪਾਲ ਸਿੰਘ ਝਬਾਲ। ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸੀਪੀਐੱਮ ਪੰਜਾਬ ਤੇ ਆਰਐੱਮਪੀਆਈ ਦੀ ਸਥਾਪਨਾ ਕਰਨ ਵਾਲੇ ਮੁੱਢਲੇ ਆਗੂਆਂ ’ਚ ਸ਼ੁਮਾਰ ਕਾਮਰੇਡ ਜਸਪਾਲ ਸਿੰਘ ਝਬਾਲ ਵੀਰਵਾਰ ਸਵੇਰੇ ਸਦੀਵੀਂ ਵਿਛੋੜਾ ਦੇ ਗਏ ਹਨ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਸਨ। ਸਾਥੀ ਝਬਾਲ ਨੇ ਮਜ਼ਦੂਰਾਂ-ਕਿਸਾਨਾਂ, ਮਿਹਨਤੀ ਤਬਕਿਆਂ ਦੇ ਹੱਕਾਂ-ਹਿੱਤਾਂ ਦੀ ਰਾਖੀ ਲਈ ਲੜੇ ਗਏ ਅਨੇਕਾਂ ਘੋਲਾਂ ਦੀ ਸਿਦਕ ਦਿਲੀ ਨਾਲ ਅਗਵਾਈ ਕੀਤੀ ਸੀ। ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਚਮਨ ਲਾਲ ਦਰਾਜਕੇ, ਮੁਖਤਿਆਰ ਸਿੰਘ ਮੱਲ੍ਹਾ, ਬਲਦੇਵ ਸਿੰਘ ਪੰਡੋਰੀ ਨੇ ਦੱਸਿਆ ਕਿ ਝਬਾਲ ਦੀ ਸ਼ਾਨਦਾਰ ਸ਼ਖਸ਼ੀਅਤ ਦੀ ਸਭ ਤੋਂ ਸਖ਼ਤ ਪਰਖ ਉਦੋਂ ਹੋਈ ਸੀ, ਜਦੋਂ ਦਹਿਸ਼ਤਗਰਦਾਂ ਦੇ ਗ਼ੈਰ-ਮਨੁੱਖੀ ਕਾਰਿਆਂ ਦਾ ਵਿਰੋਧ ਕਰਦਿਆਂ ਉਹ ਅਨੇਕਾਂ ਵਾਰ ਮੌਤ ਦੇ ਮੂੰਹ ’ਚ ਜਾਣ ਕਿਨਾਰੇ ਪਹੁੰਚੇ। ਸਾਥੀ ਝਬਾਲ ਨੇ ਉਦੋਂ ਜਾਨ ਹੂਲ ਕੇ ਮਾਨਵੀ ਸਰਕਾਰਾਂ ਤੇ ਪਾਰਟੀ ਦੀ ਲਾਈਨ ‘ਤੇ ਡੱਟਵਾਂ ਪਹਿਰਾ ਦਿੱਤਾ। ਸਾਥੀ ਝਬਾਲ ਨੇ ਆਪਣੀਆਂ ਦੋਨੋਂ ਧੀਆਂ ਰੋਜ਼ਦੀਪ ਤੇ ਵਤਨਦੀਪ ਨੂੰ ਪਾਰਟੀ ਨਾਲ ਜੋੜਿਆ ਤੇ ਉਨ੍ਹਾਂ ਦੇ ਵਿਆਹ ਵੀ ਪਾਰਟੀ ਤੇ ਖੱਬੀ ਲਹਿਰ ਨਾਲ ਜੁੜੇ ਪਰਿਵਾਰਾਂ ’ਚ ਹੀ ਕੀਤੇ। ਬੀਕੇਯੂ ਉਗਰਾਹਾਂ ਦੇ ਹਰਿਆਣਾ ਦੇ ਆਗੂ ਨਿਰਭੈ ਸਿੰਘ ਰਤੀਆ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਮਨਜਿੰਦਰ ਸਿੰਘ ਢੇਸੀ ਉਨ੍ਹਾਂ ਦੇ ਜਵਾਈ ਹਨ। ਜਸਪਾਲ ਝਬਾਲ ਦੀ ਪਤਨੀ ਲਖਵਿੰਦਰ ਕੌਰ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਛੋਟੀ ਭੈਣ ਹੈ। ਜਸਪਾਲ ਝਬਾਲ ਦੇ ਦੁਖਦਾਈ ਵਿਛੋੜੇ ਨਾਲ ਪਾਰਟੀ ਲਹਿਰ ਤੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਪਾਰਟੀ ਦੀ ਤਰਨਤਾਰਨ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਚਮਨ ਲਾਲ ਦਰਾਜਕੇ, ਮੁਖਤਿਆਰ ਸਿੰਘ ਮੱਲ੍ਹਾ, ਬਲਦੇਵ ਸਿੰਘ ਪੰਡੋਰੀ ਨੇ ਸਾਥੀ ਜਸਪਾਲ ਝਬਾਲ ਦੀਆਂ ਘਾਲਣਾਵਾਂ ਨੂੰ ਸੂਹਾ ਸਲਾਮ ਪੇਸ਼ ਕਰਦਿਆਂ ਪਰਿਵਾਰ ਦਾ ਦੁਖ ਵੰਡਾਇਆ ਹੈ। ਪਾਰਟੀ ਦੀ ਸਮੁੱਚੀ ਜ਼ਿਲ੍ਹਾ ਕਮੇਟੀ ਅਤੇ ਤਹਿਸੀਲ ਕਮੇਟੀ ਨੇ ਪਰਿਵਾਰ ਨਾਲ ਡਾਢੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਵਲੋਂ ਆਪਣੀ ਜ਼ਿੰਦਗੀ ਦਾ ਇਕ ਇਕ ਪਲ ਕਿਰਤੀ ਲੋਕਾਂ ਦੇ ਲਾਉਣ ’ਤੇ ਸੂਹੀ ਸਲਾਮ ਕੀਤੀ।