ਸਕਸ਼ਮ ਆਂਗਣਵਾੜੀ ਤੇ ਪੋਸ਼ਣ ਅਧੀਨ ਆਂਗਣਵਾੜੀ ਵਰਕਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਦਾ ਪਹਿਲਾ ਬੈਚ ਸਮਾਪਤ
ਸਕਸ਼ਮ ਆਂਗਣਵਾੜੀ ਤੇ ਪੋਸ਼ਣ ਅਧੀਨ ਆਂਗਣਵਾੜੀ ਵਰਕਰਾਂ ਦੀ ਤਿੰਨ ਦਿਨ੍ਹਾਂ ਟਰੇਨਿੰਗ ਦਾ ਪਹਿਲਾ ਬੈਚ ਸਮਾਪਤ
Publish Date: Thu, 29 Jan 2026 06:55 PM (IST)
Updated Date: Fri, 30 Jan 2026 04:10 AM (IST)

ਕੈਪਸ਼ਨ- ਬਲਾਕ ਨੌਸ਼ਹਿਰਾ ਪੰਨੂੰਆਂ ਦੀ ਲਗਾਈ ਗਈ ਟਰੇਨਿੰਗ ਵਿਚ ਹਿੱਸਾ ਲੈਂਦੀਆਂ ਆਂਗਣਵਾੜੀ ਵਰਕਰਾਂ। ਲਵਦੀਪ ਦੇਵਗਨ, •ਪੰਜਾਬੀ ਜਾਗਰਣ ਸਰਹਾਲੀ ਕਲਾਂ : ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਈ ਜਾ ਰਹੀ ਸਕਸ਼ਮ ਆਂਗਣਵਾੜੀ ਤੇ ਪੋਸ਼ਣ 2.0 ਯੋਜਨਾ ਅਧੀਨ ‘ਪੋਸ਼ਣ ਵੀ, ਪੜ੍ਹਾਈ ਵੀ’ ਮੁਹਿੰਮ ਤਹਿਤ ਜ਼ਿਲ੍ਹਾ ਤਰਨਤਾਰਨ ’ਚ ਆਂਗਣਵਾੜੀ ਵਰਕਰਾਂ ਲਈ ਟਾਇਰ ਟੂ ਤਿੰਨ ਦਿਨਾਂ ਦੀ ਟ੍ਰੇਨਿੰਗ ਦਾ ਪਹਿਲਾ ਬੈਚ ਅੱਜ ਸਫ਼ਲਤਾ ਪੂਰਵਕ ਸੰਪੰਨ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਹੁਲ ਅਰੋੜਾ ਨੇ ਦੱਸਿਆ ਕਿ ਅੱਜ ਬਲਾਕ ਨੌਸ਼ਹਿਰਾ ਪੰਨੂੰਆਂ ਦੀਆਂ ਆਂਗਣਵਾੜੀ ਵਰਕਰਾਂ ਲਈ ਕਰਵਾਈ ਗਈ ਟ੍ਰੇਨਿੰਗ ਦਾ ਤੀਜਾ ਤੇ ਆਖ਼ਰੀ ਦਿਨ ਸੀ। ਤਿੰਨ ਦਿਨਾਂ ਦੌਰਾਨ ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਦੀ ਸਮੁੱਚੀ ਵਿਕਾਸੀ ਪ੍ਰਕਿਰਿਆ, ਪੋਸ਼ਣ, ਸਿਹਤ, ਸ਼ੁਰੂਆਤੀ ਬਚਪਨ ਸਿੱਖਿਆ ਈਸੀਸੀਈ ਤੇ ਸਰਗਰਮੀ ਆਧਾਰਿਤ ਸਿੱਖਿਆ ਬਾਰੇ ਵਿਸਥਾਰ ਨਾਲ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਦੌਰਾਨ 3 ਤੋਂ 6 ਸਾਲ ਦੇ ਬੱਚਿਆਂ ਲਈ ਖੇਡ-ਅਧਾਰਿਤ ਪਲੇਅ-ਵੇ ਸਿੱਖਣ ਵਿਧੀਆਂ ’ਤੇ ਖ਼ਾਸ ਧਿਆਨ ਦਿੱਤਾ ਗਿਆ। ਇਸ ਅਧੀਨ ਭਾਸ਼ਾ ਵਿਕਾਸ, ਬੌਧਿਕ ਵਿਕਾਸ, ਰਚਨਾਤਮਕ ਵਿਕਾਸ, ਸਰੀਰਿਕ ਵਿਕਾਸ ਅਤੇ ਸੱਭਿਆਚਾਰਕ ਵਿਕਾਸ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਸ਼ਾਮਿਲ ਸਨ। ਇਸ ਮੌਕੇ ‘ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ’ ਦੀ ਟੀਮ ਵਲੋਂ ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਲਈ ਖੇਡ-ਅਧਾਰਿਤ ਅਤੇ ਸਰਗਰਮੀ ਆਧਾਰਿਤ ਸਿੱਖਿਆ ਸੰਬੰਧੀ ਵਿਹਾਰਕ ਡੈਮੋਨਸਟ੍ਰੇਸ਼ਨ ਦਿੱਤੀ ਗਈ। ਪ੍ਰਥਮ ਟੀਮ ਵਿਚ ਪ੍ਰਭਦੀਪ ਕੌਰ ਜ਼ਿਲ੍ਹਾ ਕੋਆਰਡੀਨੇਟਰ ਤਰਨਤਾਰਨ, ਸਾਹਿਲਪ੍ਰੀਤ ਕੌਰ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ, ਤਰਨਤਾਰਨ, ਗੁਰਪ੍ਰੀਤ ਕੌਰ ਜ਼ਿਲ੍ਹਾ ਕੋਆਰਡੀਨੇਟਰ, ਅੰਮ੍ਰਿਤਸਰ ਅਤੇ ਨਵਦੀਪ ਕੌਰ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ, ਅੰਮ੍ਰਿਤਸਰ ਸ਼ਾਮਿਲ ਸਨ। ਟ੍ਰੇਨਿੰਗ ਨੂੰ ਗੁਰਵੇਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪੋਸ਼ਣ ਦੀ ਅਗਵਾਈ ਹੇਠ ਸੁਚੱਜੇ ਢੰਗ ਨਾਲ ਕਰਵਾਇਆ ਗਿਆ, ਜਦਕਿ ਸੁਮਨਦੀਪ ਕੌਰ ਸੁਪਰਵਾਈਜ਼ਰ ਬਲਾਕ ਤਰਨਤਾਰਨ ਵਲੋਂ ਟਰੇਨਿੰਗ ਦੌਰਾਨ ਪੂਰਾ ਸਹਿਯੋਗ ਦਿੱਤਾ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਹੁਲ ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਟਰੇਨਿੰਗਾਂ ਨਾਲ ਆਂਗਣਵਾੜੀ ਵਰਕਰਾਂ ਦੀ ਸਮੱਰਥਾ ਵਿਚ ਵਾਧਾ ਹੁੰਦਾ ਹੈ, ਜਿਸ ਨਾਲ ਬੱਚਿਆਂ ਨੂੰ ਪੋਸ਼ਣ ਦੇ ਨਾਲ-ਨਾਲ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਉਣ ਵਿਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਵਿਚ ਜ਼ਿਲ੍ਹੇ ਦੇ ਹੋਰ ਬਲਾਕਾਂ ਵਿਚ ਵੀ ਅਗਲੇ ਬੈਚਾਂ ਦੀ ਟ੍ਰੇਨਿੰਗ ਕਰਵਾਈ ਜਾਵੇਗੀ।