ਸਿੱਖਿਆ ਖੇਤਰ ’ਚ ਸ਼ਾਨਦਾਰ ਸੇਵਾਵਾਂ ਲਈ ਮਾਸਟਰ ਅਮਨਦੀਪ ਸਿੰਘ ਕਰੀਰ ਦਾ ਸਨਮਾਨ
ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਲਈ ਮਾਸਟਰ ਅਮਨਦੀਪ ਸਿੰਘ ਕਰੀਰ ਦਾ ਸਨਮਾਨ
Publish Date: Thu, 29 Jan 2026 06:29 PM (IST)
Updated Date: Fri, 30 Jan 2026 04:08 AM (IST)

ਕੈਪਸ਼ਨ - ਅਮਨਦੀਪ ਸਿੰਘ ਕਰੀਰ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਝੁੱਗੀਆਂ ਕਾਲੂ ਨੂੰ ਸਨਮਾਨਿਤ ਕਰਦੇ ਹੋਏ ਐੱਸਡੀਐੱਮ ਭਿੱਖੀਵਿੰਡ ਸਿਮਰਨਜੀਤ ਸਿੰਘ। ਸਤਨਾਮ ਸਿੰਘ ਚੀਮਾ, •ਪੰਜਾਬੀ ਜਾਗਰਣ ਘਰਿਆਲਾ : ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਕਰਵਾਏ ਵਿਸ਼ੇਸ਼ ਸਮਾਰੋਹ ’ਚ ਅਮਨਦੀਪ ਸਿੰਘ ਕਰੀਰ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਝੁੱਗੀਆਂ ਕਾਲੂ, ਸੈਂਟਰ ਤੂਤ ਬਲਾਕ ਵਲਟੋਹਾ ਨੂੰ ਉਨ੍ਹਾਂ ਦੀਆਂ ਸਿੱਖਿਆ ਦੇ ਖੇਤਰ ’ਚ ਕੀਤੀਆਂ ਅਹਿਮ ਪ੍ਰਾਪਤੀਆਂ ਲਈ ਉਪ ਮੰਡਲ ਮੈਜਿਸਟਰੇਟ ਭਿੱਖੀਵਿੰਡ ਸਿਮਰਨਜੀਤ ਸਿੰਘ ਵੱਲੋਂ ਉਚੇਚੇ ਰੂਪ ’ਚ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਮਾਸਟਰ ਅਮਨਦੀਪ ਸਿੰਘ ਕਰੀਰ ਨੇ 24 ਮਈ 2022 ਨੂੰ ਸਰਕਾਰੀ ਐਲੀਮੈਂਟਰੀ ਸਕੂਲ ਝੁੱਗੀਆਂ ਕਾਲੂ ਵਿਖੇ ਸਕੂਲ ਮੁਖੀ ਦਾ ਅਹੁਦਾ ਸੰਭਾਲਿਆ। ਉਨ੍ਹਾਂ ਸਕੂਲ ਮੁਖੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਬੱਚਿਆਂ ਦੀ ਗਿਣਤੀ ’ਚ ਵਾਧਾ ਕਰਨਾ, ਸਕੂਲ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਵਾਉਣਾ, ਵਿਦਿਆਰਥੀਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਕਰਨਾ, ਨਵੋਦਿਆ ਪ੍ਰਵੇਸ਼ ਪ੍ਰੀਖਿਆ ’ਚ ਵਿਦਿਆਰਥੀਆਂ ਦਾ ਦਾਖ਼ਲਾ ਕਰਾਉਣਾ, ਹਰ ਸਾਲ 100 ਫ਼ੀਸਦੀ ਨਤੀਜਾ, ਵਿਦਿਆਰਥੀਆਂ ਦੀ ਗਿਣਤੀ ’ਚ ਵਾਧਾ ਕਰਨਾ ਆਦਿ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਮਾਸਟਰ ਅਮਨਦੀਪ ਸਿੰਘ ਕਰੀਰ ਨੇ ਆਪਣੀ ਸਫ਼ਲਤਾ ਦਾ ਸਿਹਰਾ ਬਲਾਕ ਸਿੱਖਿਆ ਅਫ਼ਸਰ ਵਲਟੋਹਾ ਪਾਰਸ ਕੁਮਾਰ ਖੁੱਲਰ ਦੀ ਅਗਵਾਈ, ਬੀਐੱਮਟੀ ਜਾਰਜ ਮਸੀਹ ਤੇ ਪੰਕਜ ਮਹਿਤਾ ਦੀ ਪ੍ਰੇਰਨਾ, ਸੈਂਟਰ ਹੈਡ ਟੀਚਰ ਮਿਹਰ ਸਿੰਘ ਦੇ ਮਾਰਗਦਰਸ਼ਨ ਤੇ ਆਪਣੇ ਮਾਤਾ-ਪਿਤਾ ਦੇ ਨੇਕ ਸੰਸਕਾਰਾਂ, ਆਪਣੇ ਵਿਦਿਆਰਥੀ ਦੀਆਂ ਦੁਆਵਾਂ ਅਤੇ ਸਕੂਲ ਦੇ ਮਿਹਨਤੀ ਸਟਾਫ਼ ਦੇ ਸਹਿਯੋਗ ਨੂੰ ਦਿੰਦੇ ਹੋਏ ਕਿਹਾ ਕਿ ਅਧਿਆਪਕ ਜਥੇਬੰਦੀਆਂ ਬੀਐੱਡ ਅਧਿਆਪਕ ਫਰੰਟ, ਗੌਰਮੈਂਟ ਟੀਚਰ ਯੂਨੀਅਨ ਅਤੇ ਸਮਾਜ ਸੇਵੀ ਸੰਸਥਾਵਾਂ-ਸ਼ਹੀਦ ਬਾਬਾ ਦੀਪ ਸਿੰਘ ਕੀਰਤਨ ਦਰਬਾਰ ਸੁਸਾਇਟੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਲੋੜ੍ਹਵੰਦ ਪਰਿਵਾਰ ਰਾਸ਼ਨ ਸੇਵਾ ਸੁਸਾਇਟੀ ਨਾਲ ਜੁੜੇ ਹੋਣ ਕਾਰਨ ਵੀ ਉਨ੍ਹਾਂ ਨੂੰ ਸਮਾਜ ਤੇ ਵਿਦਿਆਰਥੀਆਂ ਦੀ ਭਲਾਈ ਕਰਨ ਦੀ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਪਿੰਡ ਝੁੱਗੀਆ ਕਾਲੂ ਦੇ ਸਰਪੰਚ ਗੁਰਸਾਹਿਬ ਸਿੰਘ ਤੇ ਇਲਾਕਾ ਵਾਸੀਆਂ ਨੇ ਉਨ੍ਹਾਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈਆਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।