ਘੋੜ ਦੌੜਾਂ, ਨੇਜੇਬਾਜ਼ੀ ਤੇ ਕਬੱਡੀ ਦੇ ਦਿਲ ਖਿੱਚਵੇਂ ਮੈਚਾਂ ਨਾਲ ਸੰਪੂਰਨ ਹੋਇਆ ਜੋੜ ਮੇਲਾ
ਘੋੜ ਦੌੜਾਂ, ਨੇਜੇਬਾਜ਼ੀ ਅਤੇ ਕਬੱਡੀ ਦੇ ਦਿਲ ਖਿੱਚਵੇਂ ਮੈਚਾਂ ਨਾਲ ਸੰਪੂਰਨ ਹੋਇਆ ਸਲਾਨਾ ਜੋੜ ਮੇਲਾ
Publish Date: Thu, 29 Jan 2026 06:24 PM (IST)
Updated Date: Fri, 30 Jan 2026 04:08 AM (IST)

ਕੈਪਸ਼ਨ- ਕੁਸ਼ਤੀ ਮੁਕਾਬਲੇ ਵਿਚ ਜੇਤੂ ਪਹਿਲਵਾਨ ਦਾ ਐਲਾਨ ਕਰਦੇ ਹੋਏ ਰੈਫਰੀ। ਕੈਪਸ਼ਨ- ਘੌੜ ਦੌੜ ਦਾ ਪ੍ਰਦਰਸ਼ਨ ਕਰਦੇ ਹੋਏ ਨਿਹੰਗ ਸਿੰਘ। ਕੈਪਸ਼ਨ- ਨੇਜ਼ੇਬਾਜੀ ਦਾ ਜੌਹਰ ਦਿਖਾਉਂਦਾ ਹੋਇਆ ਨਿਹੰਗ ਸਿੰਘ। ਕੈਪਸ਼ਨ- ਕਬੱਡੀ ਵਿਚ ਜੋਰ ਅਜਮਾਈ ਕਰਦੇ ਹੋਏ ਪਹਿਲਵਾਨ। ਕੈਪਸ਼ਨ- ਬਾਬਾ ਪ੍ਰੇਮ ਸਿੰਘ ਨੂੰ ਸਨਮਾਨਿਤ ਕਰਦੇ ਕਰਨਲ ਹਰਸਿਮਰਨ ਸਿੰਘ ਨਾਲ ਹਨ ਬਾਬਾ ਹਰਮਿੰਦਰ ਸਿੰਘ ਤੇ ਹੋਰ। ਕੈਪਸ਼ਨ- ਕਬੱਡੀ ਖਿਡਾਰੀ ਅਵਤਾਰ ਸਿੰਘ ਸੰਧੂ ਭਿੱਖੀਵਿੰਡ ਦਾ ਅਬਲਕ ਘੋੜੀ ਨਾਲ ਸਨਮਾਨ ਕਰਦੇ ਹੋਏ ਪ੍ਰਬੰਧਕ। * 25 ਤੋਂ ਆਰੰਭ ਹੋਏ ਮੇਲੇ ਦੌਰਾਨ ਲੱਖਾਂ ਦੀ ਗਿਣਤੀ ’ਚ ਸੰਗਤ ਪੁੱਜੀ ਗੁਰਦੁਆਰਾ ਜਨਮ ਅਸਥਾਨ ਪਹੂਵਿੰਡ ਸਾਹਿਬ * ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਚੱਲ ਰਿਹਾ ਸੀ ਜੋੜ ਮੇਲਾ ਰਾਜਨ ਚੋਪੜਾ, •ਪੰਜਾਬੀ ਜਾਗਰਣ ਭਿੱਖੀਵਿੰਡ : ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ 344ਵੇਂ ਜਨਮ ਦਿਹਾੜੇ ਮੌਕੇ 25 ਜਨਵਰੀ ਤੋਂ ਆਰੰਭ ਹੋਏ ਚਾਰ ਰੋਜ਼ਾ ਸਾਲਾਨਾ ਜੋੜ ਮੇਲੇ ਦੇ ਆਖ਼ਰੀ ਦਿਨ ਘੁੜਸਵਾਰੀ, ਨੇਜ਼ੇਬਾਜ਼ੀ ਦੇ ਜੌਹਰ ਵੇਖ ਜਿੱਥੇ ਸੰਗਤ ਦੰਗ ਰਹਿ ਗਈ। ਉਥੇ ਹੀ ਐਥਲੈਟਿਕ ਤੇ ਕਬੱਡੀ ਮੁਕਾਬਲੇ ਵੀ ਖਿੱਚ ਦਾ ਕੇਂਦਰ ਬਣੇ ਰਹੇ। ਇਨ੍ਹਾਂ ਮੁਕਾਬਲਿਆਂ ’ਚ ਜੇਤੂਆਂ ਨੂੰ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। 25 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਨਾਲ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸ਼ੁਰੂ ਹੋਏ ਮੇਲੇ ਦੇ ਪਹਿਲੇ ਦਿਨ ਨਗਰ ਕੀਰਤਨ ਸਮੇਤ 26 ਤੇ 27 ਜਨਵਰੀ ਨੂੰ ਭਾਰੀ ਦੀਵਾਨ ਸਜੇ, ਜਿਨ੍ਹਾਂ ’ਚ ਹਾਜ਼ਰੀ ਭਰਨ ਲਈ ਲੱਖਾਂ ਦੀ ਗਿਣਤੀ ’ਚ ਸੰਗਤ ਪੁੱਜੀ। ਸੰਗਤ ਨੇ ਇਸ ਦੌਰਾਨ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਸੀਸ ਨਿਵਾ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਫਾਊਂਡੇਸ਼ਨ ਪਹੂਵਿੰਡ ਦੇ ਪ੍ਰਧਾਨ ਕਰਨਲ ਹਰੀਸਿਮਰਨ ਸਿੰਘ ਸੰਧੂ ਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਦੀ ਦੇਖ-ਰੇਖ ਹੇਠ ਹੋਏ ਇਨ੍ਹਾਂ ਸਮਾਗਮਾ ਵਿਚ ਸੰਗਤ ਦੀ ਭਾਰੀ ਆਮਦ ਦੇ ਮੱਦੇਨਜ਼ਰ ਫਾਊਂਡੇਸ਼ਨ ਵੱਲੋਂ ਹਰ ਤਰ੍ਹਾ ਦੇ ਪ੍ਰਬੰਧ ਪੁਖ਼ਤਾ ਕੀਤੇ ਗਏ। ਜਦਕਿ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਰੌਸ਼ਨੀਆਂ ਦੇ ਨਾਲ ਅਲੋਕਿਕ ਸਜਾਵਟ ਵੇਖ ਕੇ ਸੰਗਤ ਧੰਨ ਧੰਨ ਹੋਈ। ਮੇਲੇ ਦੇ ਆਖਰੀ ਦਿਨ ਪਹੂਵਿੰਡ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕੱਪ ਅਤੇ ਕੁਸ਼ਤੀਆ ਦੇ ਮੁਕਾਬਲੇ ਕਰਵਾਏ ਗਏ। ਕੁਸ਼ਤੀ ਮੁਕਾਬਲੇ ਨੈਸ਼ਨਲ ਚੈਪੀਅਨਾਂ ’ਚ ਹੋਏ, ਜਿਸ ’ਚ ਵੱਖ-ਵੱਖ ਵਰਗ ਦੇ ਭਲਵਾਨਾਂ ਨੇ ਹਿੱਸਾ ਲਿਆ। ਕੋਚ ਮਾਸਟਰ ਮੋਹਨ ਸਿੰਘ ਵੱਲੋਂ ਰੈਫਰੀ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਫਾਊਂਡੇਸ਼ਨ ਪਹੂਵਿੰਡ ਦੇ ਪ੍ਰਧਾਨ ਕਰਨਲ ਹਰਸਿਮਰਨ ਸਿੰਘ ਸੰਧੂ ਨੇ ਦੱਸਿਆ ਕਿ ਇਹ ਕੱਪ ਫਾਊਂਡੇਸ਼ਨ, ਐੱਨਆਰਆਈਜ਼ ਨਗਰ ਵਾਸੀ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ। ਨਿਹੰਗ ਸਿੰਘਾਂ ਨੇ ਦਿਖਾਏ ਘੋੜ ਸਵਾਰੀ ਤੇ ਗੱਤਕੇ ਦੇ ਜੌਹਰ ਇਸ ਮੌਕੇ ਛੇਵੇਂ ਪਾਤਸ਼ਾਹ, ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰੋਂ-ਘਰੋਂ ਵਰੋਸਾਏ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਬਾਰ੍ਹਵੇਂ ਸਰੂਪ ਸਿੰਘ ਸਾਹਿਬ, ਜੱਥੇਦਾਰ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਮੌਜੂਦਾ ਮੁਖੀ ਸੰਪਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਸੁਰਸਿੰਘ ਵਾਲਿਆਂ ਦੇ ਸਪੁੱਤਰ ਬਾਬਾ ਪ੍ਰੇਮ ਸਿੰਘ ਦੇ ਨਾਲ ਪਹੁੰਚੇ ਦਲ ਪੰਥ ਬਾਬਾ ਬਿਧੀ ਚੰਦ ਜੀ ਦੇ ਨਿਹੰਗ ਸਿੰਘਾਂ ਵੱਲੋਂ ਘੋੜ ਦੌੜਾਂ, ਨੇਜੇਬਾਜ਼ੀ ਤੇ ਘੋੜਸਵਾਰੀ ਦੇ ਜੌਹਰ ਵਿਖਾਏ ਗਏ ਜੋ ਸੰਗਤਾਂ ਵਿਚ ਖਿੱਚ ਦਾ ਕੇਂਦਰ ਬਣੇ। ਜਿਸ ਦੌਰਾਨ ਦਲ ਪੰਥ ਦੇ ਨਿਹੰਗ ਸਿੰਘਾਂ ਵੱਲੋਂ ਚਾਰ ਘੋੜੇ, ਛੇ ਘੋੜੇ ਇਕੱਠੇ ਦੌੜਾ ਕੇ ਆਪਣੀ ਕਲਾ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਬਹੁਤ ਹੈਰਤ ਅੰਗੇਜ਼ ਜੌਹਰ ਦਿਖਾਏ, ਜਿਸ ਨੂੰ ਵੇਖ ਸੰਗਤ ਵੀ ਦੰਗ ਰਹਿ ਗਈ। ਉਪਰੰਤ ਆਪਣੀ ਕਲਾ ਦੇ ਜੌਹਰ ਵਿਖਾਉਣ ਵਾਲੇ ਨਿਹੰਗ ਸਿੰਘਾਂ ਨੂੰ ਬਾਬਾ ਪ੍ਰੇਮ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਦੇ ਪ੍ਰਬੰਧਕਾ ਵੱਲੋਂ ਗੁਰੂ ਘਰ ਦੀ ਬਖਸ਼ਿਸ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਕਬੱਡੀ ਦੇ ਮੈਚਾਂ ਦੌਰਾਨ ਸੁਰਸਿੰਘ ਦੀ ਕਬੱਡੀ ਟੀਮ ਰਹੀ ਪਹਿਲੇ ਸਥਾਨ ’ਤੇ ਇਸੇ ਤਰ੍ਹਾਂ ਹੀ ਕਬੱਡੀ ਦਾ ਸ਼ੋਅ ਮੈਚ ਹੋਏ, ਜਿਸ ਵਿਚ ਬਾਬਾ ਬਿਧੀ ਚੰਦ ਸੁਰਸਿੰਘ ਦੀ ਕਬੱਡੀ ਟੀਮ ਪਹਿਲੇ ਨੰਬਰ ’ਤੇ ਰਹੀ ਜਿਸ ਨੂੰ 81 ਹਜ਼ਾਰ ਰੁਪਏ ਦਾ ਸਨਮਾਨ ਅਤੇ ਕਬੱਡੀ ਕਲੱਬ ਧਾਰੀਵਾਲ ਦੀ ਟੀਮ ਦੂਸਰੇ ਨੰਬਰ ’ਤੇ ਰਹੀ। ਜਿਸ ਨੂੰ 71 ਹਜ਼ਾਰ ਰੁਪਏ ਨਾਲ ਸਨਮਾਨ ਕੀਤਾ ਗਿਆ ਤੇ ਦੁੱਲਾ ਗੱਗੋਬੂਹਾ ’ਤੇ ਮੰਨਾ ਚੱਠੂ ਨਵੇਂ ਪਿੰਡੀਆਂ ਬੈਸਟ ਰੇਡਰ ਬਣੇ ਅਤੇ ਬੀਰਾ ਤੇ ਸੁੱਗੇ ਵਾਲਾ ਟਾਵਰ ਬੈਸਟ ਜਾਫੀ ਬਣੇ। ਜਿੰਨ੍ਹਾਂ ਦਾ ਗਿਆਰਾਂ-ਗਿਆਰਾਂ ਹਜਾਰ ਰੁਪਏ ਨਾਲ ਸਨਮਾਨ ਕੀਤਾ ਗਿਆ। ਕੁੜੀਆਂ ਦੀ ਕਬੱਡੀ ਦੇ ਸ਼ੋਅ ਮੈਚ ਵਿਚ ਮਾਝਾ ਸਪੋਰਟਸ ਕਲੱਬ ਰਾਣੀਵਲਾਹ ਅਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਕਬੱਡੀ ਕਲੱਬ ਅਜਨੌਦ ਦੀ ਟੀਮ ਵਿੱਚ ਫਸ਼ਵੇ ਮੁਕਾਬਲੇ ਹੋਏ। ਇਸ ਸਾਰੇ ਪ੍ਰੋਗਰਾਮ ਅਤੇ ਕਬੱਡੀ ਕੱਪ ਦਾ ਲਾਈਵ ਪ੍ਰਸਾਰਣ ਪਹੂਵਿੰਡ ਟੀਵੀ ਵੱਲੋਂ ਕੀਤਾ ਗਿਆ। ਸਾਰੀਆਂ ਟੀਮਾਂ ਨੂੰ ਕਰਨਲ ਹਰੀਸਿਮਰਨ ਸਿੰਘ ਸੰਧੂ, ਬਾਬਾ ਰਮਿੰਦਰ ਸਿੰਘ ਸੇਵਾਦਾਰ ਮਾਤਾ ਕੌਲਾਂ ਜੀ ਭਲਾਈ ਕੇਂਦਰ, ਮੈਨੇਜਰ ਪ੍ਰਭਜੋਤ ਸਿੰਘ ਅਤੇ ਕੋਚ ਹਰਜੀਤ ਸਿੰਘ ਸਮੇਤ ਹੋਰ ਸ਼ਖ਼ਸੀਅਤਾ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਨੰਬਰਦਾਰ ਚਾਨਣ ਸਿੰਘ, ਲਿਖਾਰੀ ਸਰਵਨ ਸਿੰਘ ਪਹੂਵਿੰਡ, ਚਰਨਜੀਤ ਸਿੰਘ ਭਿੱਖੀਵਿੰਡ, ਫੌਜੀ ਚਰਨਜੀਤ ਸਿੰਘ, ਕੈਪਟਨ ਬਲਵੰਤ ਸਿੰਘ, ਸੁਖਜੀਤ ਸਿੰਘ ਰੋਜੀ, ਮਾਸਟਰ ਮੋਹਨ ਸਿੰਘ, ਤਰਨ ਸੰਧੂ, ਸਰੂਪ ਸਿੰਘ ਢੋਟੀਆਂ ਨਰੇਸ਼ ਕੁਮਾਰ ਥਾਣਾ ਮੁਖੀ ਭਿੱਖੀਵਿੰਡ, ਲਖਵਿੰਦਰ ਸਿੰਘ ਲੱਖੂ, ਸੇਵਾਦਾਰ ਜਸਕਰਨ ਸਿੰਘ, ਕਿਰਪਾ ਸਿੰਘ ਭਿੱਖੀਵਿੰਡ, ਤਲਜਿੰਦਰ ਸਿੰਘ, ਛੀਨਾ ਟੈਂਟ ਹਾਊਸ ਵਾਲੇ, ਰੇਸ਼ਮ ਸਿੰਘ ਆਦਿ ਹਾਜ਼ਰ ਸਨ।