- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਤਰਫੋਂ ਕਿਸਾਨਾਂ ਦੇ ਹੱਕ ਕਾਰਪੋਰੇਟ ਘਰਾਣਿਆਂ ਨੂੰ ਦੇਣੇ ਅਤਿਅੰਤ ਚਿੰਤਾ ਜਨਕ - ਸਿੱਕੀ

ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਸੇਰੋਂ ਖੰਡ ਮਿੱਲ ਤੇ ਕਾਰਪੋਰੇਸ਼ਨ ਦਾ ਕਬਜ਼ਾ ਰੋਕਣ ਲਈ ਕਾਂਗਰਸ ਪਾਰਟੀ ਕਿਸਾਨ ਜਥੇਬੰਦੀਆਂ ਦਾ ਪੂਰਨ ਸਮੱਰਥਨ ਕਰੇਗੀ। ਇਹ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਸਰਕਾਰ ਵਲੋਂ ਸਹਿਕਾਰੀ ਖੰਡ ਮਿੱਲ ਦੀ ਜ਼ਮੀਨ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੀਆਂ ਖਬਰਾਂ ਉਪਰੰਤ ਕੀਤਾ।
ਸਿੱਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਸੂਬੇ ਦੀ ਸੱਤਾ ’ਤੇ ਕਾਬਜ਼ ਹੋਈ ਹੈ, ਉਦੋਂ ਤੋਂ ਹੀ ਇਹ ਸਰਕਾਰ ਕਿਸਾਨ, ਮਜ਼ਦੂਰ, ਵਪਾਰੀ ਅਤੇ ਮੁਲਾਜ਼ਮ ਭਾਵ ਕਿ ਹਰ ਵਰਗ ਨਾਲ ਧੱਕਾ ਕਰ ਰਹੀ ਹੈ। ਕੋਈ ਅਜਿਹਾ ਦਿਨ ਨਹੀਂ ਹੁੰਦਾ, ਜਦੋਂ ਪੰਜਾਬ ਦੀਆਂ ਸੜਕਾਂ, ਚੁਰਾਹਿਆਂ ਅਤੇ ਦਫਤਰਾਂ ਅੱਗੇ ਇਸ ਸਰਕਾਰ ਤੋਂ ਅੱਕੇ ਹੋਏ ਲੋਕਾਂ ਨੂੰ ਆਪਣੀਆਂ ਜਾਇਜ਼ ਮੰਗਾਂ ਵਾਸਤੇ ਧਰਨੇ, ਮੁਜ਼ਾਹਰੇ ਅਤੇ ਰੋਸ ਪ੍ਰਦਰਸ਼ਨ ਕਰਨੇ ਨਾ ਪੈ ਰਹੇ ਹੋਣ।
ਹੁਣ ਇਕ ਵਾਰ ਫਿਰ ਇਹ ਸਰਕਾਰ ਤਰਨਤਾਰਨ ਜ਼ਿਲ੍ਹੇ ਨਾਲ ਇਕ ਹੋਰ ਬਹੁਤ ਵੱਡਾ ਧੋਖਾ ਕਰਨ ਜਾ ਰਹੀ ਹੈ। ਜਿਸ ਨਾਲ ਇਸ ਦੀ ਇਹ ਸਾਜਿਸ਼ੀ ਪੋਲ ਖੁੱਲ੍ਹਦੀ ਹੈ, ਕਿ ਇਹ ਸਰਕਾਰ ਸੂਬੇ ਦੇ ਲੋਕਾਂ ਦੀ ਨਹੀਂ, ਬਲਕਿ ਕਾਰਪੋਰੇਟ ਘਰਾਣਿਆਂ ਦੀ ਹਮਾਇਤੀ ਹੈ। ਇਹ ਵਿਚਾਰ ਅੱਜ ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਵਿਧਾਇਕ ਸਰਦਾਰ ਰਮਨਜੀਤ ਸਿੰਘ ਸਿੱਕੀ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਉਨ੍ਹਾਂ ਨੇ ਕਿਹਾ ਕਿ ਹੁਣ ਇਹ ਸਰਕਾਰ, ਸਰਕਾਰੀ ਸ਼ੂਗਰ ਮਿੱਲ ਸੇਰੋਂ ਨੂੰ ਕਿਸੇ ਪ੍ਰਾਈਵੇਟ ਘਰਾਣੇ ਨੂੰ ਦੇਣ ਦੀਆਂ ਕੋਝੀਆਂ ਚਾਲਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸ਼ੂਗਰ ਮਿੱਲ ਵਿਚ 60 ਫ਼ੀਸਦੀ ਹਿੱਸਾ ਕਿਸਾਨਾਂ ਦਾ ਹੈ। ਇਸ ਲਈ ਸਰਕਾਰ ਦਾ ਇਹ ਫੈਸਲਾ ਜਿਥੇ ਇਲਾਕੇ ਦੇ ਕਿਸਾਨਾਂ ਲਈ ਮੰਦਭਾਗਾ ਹੈ, ਉਥੇ ਉਨ੍ਹਾਂ ਨਾਲ ਜਬਰ ਤੇ ਧੋਖਾ ਵੀ ਹੈ ਅਤੇ ਨਾਲ ਕਿਸਾਨਾਂ ਦੇ ਹੱਕਾਂ ’ਤੇ ਡਾਕਾ ਵੀ ਹੈ।
ਸਿੱਕੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼ੂਗਰ ਮਿੱਲ ਦੀ ਨਿੱਜੀ ਕਰਨ ਮਲਕੀਅਤ ਨੂੰ ਤੁਰੰਤ ਕੈਂਸਲ ਕਰ ਕੇ ਮਿੱਲ ਨੂੰ ਸਰਕਾਰੀ ਮਲਕੀਅਤ ਅਧੀਨ ਤਰੁੰਤ ਚਾਲੂ ਕੀਤਾ ਜਾਵੇ, ਨਹੀਂ ਤਾਂ ਕਾਂਗਰਸ ਪਾਰਟੀ ਨੂੰ ਇਸ ਸਰਕਾਰੀ ਫੈਸਲੇ ਦੇ ਵਿਰੁੱਧ ਕੁਝ ਸੋਚਣ ਲਈ ਮਜਬੂਰ ਹੋਣਾ ਪਵੇਗਾ। ਬਿਹਤਰ ਹੋਵੇਗਾ ਕਿ ਜੇਕਰ ਸਰਕਾਰ ਇਸ ਮਿੱਲ ਨੂੰ ਉਚਿੱਤ ਤਰੀਕੇ ਨਾਲ ਚਾਲੂ ਕਰਵਾ ਕੇ ਇਸਦਾ ਲਾਭ ਕਿਸਾਨਾਂ ਨੂੰ ਦੇਵੇ।
ਉਨ੍ਹਾਂ ਨੇ ਕਿਹਾ ਕਿ ਵੈਸੇ ਇਸ ਸਰਕਾਰ ਨੇ ਸੂਬੇ ਨੂੰ ਦਿਵਾਲੀਆ ਕਰਕੇ ਰੱਖ ਦਿੱਤਾ ਹੈ। ਸਰਕਾਰ ਵਲੋਂ ਪਹਿਲਾਂ ਵੀ ਕਈ ਵਾਰ ਪੰਜਾਬ ਦੀਆਂ ਬੇਸ਼ੁਮਾਰ ਕੀਮਤੀ ਜਾਇਦਾਦਾਂ ਨੂੰ ਵੇਚਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਗਈਆਂ ਹਨ। ਪਰ ਸੂਬੇ ਦੇ ਲੋਕ ਅਜਿਹਾ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਨੇ ਪੰਜਾਬ ਕਾਂਗਰਸ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਚੋਣਾਂ ਬਹੁਤੀ ਦੂਰ ਨਹੀਂ ਹਨ, ਕੁਝ ਮਹੀਨੇ ਹੀ ਬਾਕੀ ਹਨ, ਸੂਬੇ ਦੇ ਸੂਝਵਾਨ ਵੋਟਰ ਆਉਣ ਵਾਲੇ ਸਮੇਂ ਵਿਚ ਇਸ ਸਰਕਾਰ ਨੂੰ ਬਿਲਕੁਲ ਵੀ ਮੂੰਹ ਨਹੀਂ ਲਾਉਣਗੇ। ਪੰਜਾਬ ਵਿਚ ਕਾਂਗਰਸ ਪਾਰਟੀ ਦਾ ਸਾਥ ਦੇਣਗੇ। ਉਨ੍ਹਾਂ ਨੇ ਕਿਹਾ ਕਾਂਗਰਸ ਪਾਰਟੀ ਦੀ ਸਰਕਾਰ ਹੀ ਪੰਜਾਬ ਵਿਚ ਖੁਸ਼ਹਾਲੀ ਬਹਾਲ ਕਰ ਸਕਦੀ ਹੈ।
ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਕਿਸਾਨ ਜਥੇਬੰਦੀਆਂ ਵਲੋਂ ਜੋ ਵੀ ਫੈਸਲਾ ਲਿਆ ਜਾਵੇਗਾ, ਅਸੀ ਪੂਰਨ ਸਮੱਰਥਨ ਦੇਵਾਂਗੇ ਅਤੇ ਖੰਡ ਮਿੱਲ ਸੇਰੋਂ ਦੀ ਜ਼ਮੀਨ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਹਰ ਲੜਾਈ ਲੜਨ ਲਈ ਤਿਆਰ ਹੈ।