ਜੰਡੋਕੇ ਸਰਹਾਲੀ ’ਚ ਚੱਲ ਰਿਹਾ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਬੇਨਕਾਬ
ਜੰਡੋਕੇ ਸਰਹਾਲੀ ’ਚ ਚੱਲ ਰਿਹਾ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਬੇਨਕਾਬ
Publish Date: Fri, 16 Jan 2026 08:56 PM (IST)
Updated Date: Fri, 16 Jan 2026 08:57 PM (IST)

- ਸਿਵਲ ਪ੍ਰਸ਼ਾਸਨ, ਸਿਹਤ ਵਿਭਾਗ ਤੇ ਪੁਲਿਸ ਨੇ ਕੀਤੀ ਸਾਂਝੀ ਛਾਪੇਮਾਰੀ - 17 ਵਿਅਕਤੀਆਂ ਨੂੰ ਰੈਸਕਿਊ ਕਰ ਕੇ ਠਰੂ ਦੇ ਨਸ਼ਾ ਛੁਡਾਊ ਕੇਂਦਰ ਭੇਜਿਆ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਜ਼ਿਲ੍ਹੇ ਦੇ ਪਿੰਡ ਜੰਡੋਕੇ ਸਰਹਾਲੀ ਵਿਚ ਚੱਲ ਰਹੇ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਨੂੰ ਸਿਹਤ ਵਿਭਾਗ ਨੇ ਬੇਨਕਾਬ ਕਰਨ ਦਾ ਦਾਅਵਾ ਕਰਦਿਆਂ ਸ਼ੁੱਕਰਵਾਰ ਨੂੰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਸਮੇਤ ਛਾਪੇਮਾਰੀ ਕਰਕੇ ਸੀਲ ਕਰ ਦਿੱਤਾ ਹੈ। ਜਿਸ ਦੌਰਾਨ ਅਣ ਮਨੁੱਖੀ ਤਰੀਕੇ ਨਾਲ ਇਕ ਹੀ ਕਮਰੇ ਵਿਚ ਬੰਦ ਕਰ ਕੇ ਰੱਖੇ 17 ਵਿਅਕਤੀਆਂ ਨੂੰ ਜਿੱਥੇ ਰੈਸਕਿਊ ਕਰ ਕੇ ਠਰੂ ਪਿੰਡ ਵਿਚਲੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚ ਭੇਜ ਦਿੱਤਾ ਗਿਆ ਹੈ। ਉੱਥੇ ਹੀ ਸਿਹਤ ਵਿਭਾਗ ਨੇ ਉਕਤ ਕੇਂਦਰ ਵਿੱਚੋਂ ਨਸ਼ੇ ਦੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਜਿਸ ਸਬੰਧੀ ਸਿਹਤ ਵਿਭਾਗ ਨੇ ਪੁਲਿਸ ਨੂੰ ਕਾਰਵਾਈ ਲਈ ਲਿਖਿਆ ਹੈ। ਸਿਵਲ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਪੁੱਜੇ ਤਰਨਤਾਰਨ ਦੇ ਐੱਸਡੀਐੱਮ ਗੁਰਮੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਪਿੰਡ ਜੰਡੋਕੇ ਸਰਹਾਲੀ ਵਿਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਤੇ ਛਾਪੇਮਾਰੀ ਕੀਤੀ ਗਈ ਸੀ। ਜਿੱਥੋਂ ਇਕ ਕਮਰੇ ਵਿਚ ਗੈਰ ਮਣੁੱਖੀ ਤਰੀਕੇ ਨਾਲ ਬੰਦ ਕਰ ਕੇ ਰੱਖੇ ਗਏ 17 ਨਸ਼ਾ ਪੀੜਤਾਂ ਨੂੰ ਛੁਡਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਥੇ ਨਸ਼ਾ ਪੀੜਤਾਂ ਨੂੰ ਨਸ਼ਾ ਛੱਡਣ ਦੀ ਨਹੀਂ ਬਲਕਿ ਨਸ਼ੇ ਦੀ ਹੀ ਦਵਾਈ ਦਿੱਤੀ ਜਾ ਰਹੀ ਸੀ। ਜਦੋਂਕਿ ਕੇਂਦਰ ਚਲਾਉਣ ਵਾਲੇ 15 ਤੋਂ 20 ਹਜਾਰ ਰੁਪਏ ਇਕ ਮਰੀਜ਼ ਕੋਲੋਂ ਵਸੂਲ ਰਹੇ ਸਨ। ਉਨ੍ਹਾਂ ਦੱਸਿਆ ਕਿ ਕੇਂਦਰ ਵਿਚ ਕੋਈ ਡਾਕਟਰ ਵੀ ਨਹੀਂ ਸੀ। ਤਰਨਤਾਰਨ ਡੀਐੱਮਸੀ ਡਾ. ਰੂਪਮ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਇਸੇ ਕੇਂਦਰ ਵਿਚ ਦਾਖਲ ਰਹੇ ਇਕ ਵਿਅਕਤੀ ਨੇ ਸੂਚਨਾ ਦਿੱਤੀ ਸੀ ਕਿ ਪਿੰਡ ਜੰਡੋਕੇ ’ਚ ਬਿਨਾ ਨਾਂ ਦੇ ਚੱਲ ਰਹੇ ਉਕਤ ਕੇਂਦਰ ਵਿਚ ਜਿਥੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉੱਥੇ ਹੀ ਇਕ ਕਮਰੇ ਵਿਚ ਹੀ ਬੰਦ ਰੱਖਿਆ ਜਾਂਦਾ ਹੈ। ਜਦੋਂਕਿ ਉਨ੍ਹਾਂ ਨੂੰ ਦਵਾਈ ਦੀ ਜਗ੍ਹਾ ਨਸ਼ਾ ਹੀ ਦਿੱਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸ਼ੁੱਕਰਵਾਰ ਨੂੰ ਐੱਸਡੀਐੱਮ ਗੁਰਮੀਤ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਦੋਂ ਜੰਡੋਕੇ ਸਰਹਾਲੀ ਦੇ ਇਸ ਨਸ਼ਾ ਛੁਡਾਊ ਕੇਂਦਰ ਉੱਪਰ ਛਾਪੇਮਾਰੀ ਕੀਤੀ ਗਈ ਤਾਂ ਉੱਥੋਂ ਦੇ ਹਾਲਾਤ ਸ਼ਿਕਾਇਤ ਮੁਤਾਬਿਕ ਹੀ ਮਿਲੇ। ਉਨ੍ਹਾਂ ਦੱਸਿਆ ਕਿ ਬੁਰੀ ਹਾਲਤ ਵਿਚ ਰੱਖੇ ਹੋਏ 17 ਵਿਅਕਤੀਆਂ ਨੂੰ ਇੱਥੋਂ ਰੈਸਕਿਊ ਕਰ ਕੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਠਰੂ ਵਿਖੇ ਪਹੁੰਚਾ ਦਿੱਤਾ ਗਿਆ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਕੇਂਦਰ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਐੱਨਡੀਪੀਐੱਸ ਐਕਟ ਦੇ ਅਧੀਨ ਆਉਂਦੀਆਂ ਹਨ। ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਮੌਕੇ ਉੱਪਰ ਪੁੱਜੇ ਚੌਕੀ ਨੌਸ਼ਹਿਰਾ ਪਨੂੰਆਂ ਦੇ ਇੰਚਾਰਜ ਏਐੱਸਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜੰਡੋਕੇ ਸਰਹਾਲੀ ਵਿਚ ਚੱਲਦੇ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰਨ ਦੀ ਕਾਰਵਾਈ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ 17 ਮਰੀਜ਼ਾਂ ਨੂੰ ਜਿੱਥੇ ਛੁਡਵਾਇਆ ਗਿਆ। ਉੱਥੇ ਹੀ ਇੱਕ ਵਿਅਕਤੀ ਜਿਸ ਦੀ ਪਛਾਣ ਸਾਰਜ ਸਿੰਘ ਵਾਸੀ ਪੱਟੀ ਵਜੋਂ ਹੋਈ ਹੈ, ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ। ਇਹ ਕੇਂਦਰ ਦਾ ਸੰਚਾਲਕ ਹੈ ਜਾਂ ਮੁਲਾਜ਼ਮ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।