- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਰੀਦੀ ਜਮੀਨ ਦੇ ਪੈਸੇ ਨਾ ਦੇ ਕੇ ਐੱਨਆਰਆਈਆਂ ਨਾਲ ਸਾਢੇ 24 ਲੱਖ ਦੀ ਮਾਰੀ ਠੱਗੀ

- ਐੱਨਆਰਆਈ ਮਾਝਾ ਵਿੰਗ ਐਸੋਸੀਏਸ਼ਨ ਦੇ ਪ੍ਰਧਾਨ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਐੱਮਆਰਆਈ ਪਰਿਵਾਰਾਂ ਕੋਲੋਂ ਤਰਨਤਾਰਨ ਦੇ ਕਸਬਾ ਦੋਬੁਰਜੀ ਵਿਚ ਖ਼ਰੀਦੀ ਗਈ ਜ਼ਮੀਨ ਦੀ ਰਜਿਸਟਰੀ ਕਰਵਾਉਣ ਉਪਰੰਤ ਪੂਰੇ ਪੈਸੇ ਨਾ ਦੇ ਕੇ ਕਰੀਬ ਸਾਢੇ 24 ਲੱਖ ਦੀ ਠੱਗੀ ਮਾਰਨ ਦੇ ਕਥਿਤ ਦੋਸ਼ ਹੇਠ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਐੱਨਆਰਆਈਆਂ ਦੇ ਹੀ ਨਜ਼ਦੀਕੀ ਰਿਸ਼ਤੇਦਾਰ ਪਤੀ, ਪਤਨੀ ਵਿਰੁੱਧ ਧੋਖਾਧੜਾ ਦੀ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਏਡੀਜੀਪੀ ਨੂੰ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਉਪਰੰਤ ਐੱਸਐੱਸਪੀ ਦੇ ਆਦੇਸ਼ਾਂ ’ਤੇ ਕੀਤੀ ਗਈ ਹੈ। ਜਦੋਂਕਿ ਵਿਦੇਸ਼ ਰਹਿੰਦੇ ਪਰਿਵਾਰਾਂ ਦੇ ਰਿਸ਼ਤੇਦਾਰ ਹਰਪਾਲ ਸਿੰਘ, ਜਿਸ ਦੀ ਸ਼ਿਕਾਇਤ ਉੱਪਰ ਇਹ ਕੇਸ ਦਰਜ ਹੋਇਆ ਹੈ, ਨੇ ਉਕਤ ਰਜਿਸਟਰੀ ਕੈਂਸਲ ਕਰਨ ਸਬੰਧੀ ਅਦਾਲਤ ਵਿਚ ਕੇਸ ਵੀ ਦਾਇਰ ਕਰ ਦਿੱਤਾ ਹੈ।
ਤਰਨਤਾਰਨ ’ਚ ਪੱਤਰਕਾਰ ਵਾਰਤਾ ਦੌਰਾਨ ਹਰਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਪਿੰਡ ਦੋਬੁਰਜੀ ਵਾਸੀ ਸੂਬੇਦਾਰ ਚੰਨਣ ਸਿੰਘ ਦੇ ਤਿੰਨ ਲੜਕੇ ਇਕਬਾਲ ਸਿੰਘ ਢਿੱਲੋਂ, ਕੁਲਦੀਪ ਸਿੰਘ ਢਿੱਲੋਂ ਅਤੇ ਜਗਤਾਰ ਸਿੰਘ ਢਿੱਲੋਂ ਹਨ। ਜਿਨ੍ਹਾਂ ਵਿੱਚੋਂ ਕੁਲਦੀਪ ਸਿੰਘ ਜੋ ਪੰਜਾਬ ਰਹਿੰਦਾ ਹੈ ਦੀ ਮੌਤ ਹੋ ਚੁੱਕੀ ਹੈ। ਕੁਲਦੀਪ ਸਿੰਘ ਦੀ ਲੜਕੀ ਗੁਰਪ੍ਰੀਤ ਕੌਰ ਅਤੇ ਜਵਾਈ ਰਾਜਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਨਿਊ ਅੰਮ੍ਰਿਤਸਰ ਨੇ ਜਗਤਾਰ ਸਿੰਘ ਪੁੱਤਰ ਚੰਨਣ ਸਿੰਘ ਅਤੇ ਜਗਦੀਪ ਸਿੰਘ ਪੁੱਤਰ ਇਕਬਾਲ ਸਿੰਘ ਜੋ ਕੈਨੇਡਾ ਦੇ ਸਰੀ ਸ਼ਹਿਰ ਵਿਚ ਰਹਿੰਦੇ ਹਨ, ਦੀ 27 ਕਨਾਲ 15 ਮਰਲੇ ਜਮੀਨ, ਜਿਸ ਨੂੰ ਉਹ ਪਹਿਲਾਂ ਹੀ ਠੇਕੇ ’ਤੇ ਵਾਹ ਰਹੇ ਸਨ। ਉਕਤ ਜਮੀਨ ਦਾ 82 ਲੱਖ 37 ਹਜ਼ਾਰ 240 ਰੁਪਏ ’ਚ ਸੌਧਾ ਕਰ ਲਿਆ। 3 ਮਈ 2024 ’ਚ ਉਕਤ ਜ਼ਮੀਨ ਦੀ ਰਜਿਸਟਰੀ ਤਰਨਤਾਰਨ ਤਹਿਸੀਲ ਵਿਚ ਹੋਈ ਤਾਂ ਰਾਜਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ 57 ਲੱਖ 97 ਹਜ਼ਾਰ ਰੁਪਏ ਜਗਤਾਰ ਸਿੰਘ ਦੇ ਖਾਤੇ ਵਿਚ ਪਾ ਦਿੱਤੇ ਅਤੇ ਬਾਕੀ 24 ਲੱਖ 40 ਹਜ਼ਾਰ 240 ਰੁਪਏ ਗਵਾਹਾਂ ਦੇ ਸਾਹਮਣੇ ਇਹ ਕਹਿ ਕੇ ਘਰੋਂ ਦੇਣ ਲਈ ਕਹਿ ਦਿੱਤਾ ਕਿ ਚੋਣ ਜਾਬਤਾ ਲੱਗਾ ਹੋਣ ਕਰ ਕੇ ਉਹ ਪੈਸੇ ਨਾਲ ਨਹੀਂ ਲਿਆ ਸਕਿਆ। ਜਗਤਾਰ ਸਿੰਘ ਨੇ ਰਾਜਵਿੰਦਰ ਸਿੰਘ ਜੋ ਉਸ ਦੇ ਭਰਾ ਦਾ ਹੀ ਜਵਾਈ ਸੀ, ’ਤੇ ਵਿਸ਼ਵਾਸ ਕਰ ਲਿਆ। ਪਰ ਰਜਿਸਟਰੀ ਤੋਂ ਬਾਅਦ ਰਾਜਵਿੰਦਰ ਸਿੰਘ ਪੈਸੇ ਦੇਣ ਤੋਂ ਟਾਲ-ਮਟੋਲ ਕਰਨ ਲੱਗ ਪਿਆ। ਇਸੇ ਦੌਰਾਨ ਜਗਤਾਰ ਸਿੰਘ ਤੇ ਜਗਦੀਪ ਸਿੰਘ ਨੇ ਵਿਦੇਸ਼ ਜਾਣ ਤੋਂ ਪਹਿਲਾਂ ਮੁੜ ਰਾਜਵਿੰਦਰ ਕੋਲੋਂ ਪੈਸੇ ਮੰਗੇ ਤਾਂ ਉਸ ਨੇ ਖਾਤੇ ਵਿਚ ਪਾ ਦੇਣ ਦਾ ਭਰੋਸਾ ਦੇ ਕੇ ਇੱਕ ਵਾਰ ਫਿਰ ਉਨ੍ਹਾਂ ਨੂੰ ਟਾਲ ਦਿੱਤਾ। ਜਦੋਂਕਿ ਬਾਅਦ ਵਿਚ ਖਾਤੇ ਉਸ ਨੇ ਐੱਨਆਰਆਈਆਂ ਦੇ ਖਾਤੇ ’ਚ ਇਕ ਵੀ ਪੈਸਾ ਨਹੀਂ ਪਾਇਆ। ਹਰਪਾਲ ਸਿੰਘ ਨੇ ਦੱਸਿਆ ਕਿ ਉਕਤ ਠੱਗੀ ਸਬੰਧੀ ਉਨ੍ਹਾਂ ਨੇ ਏਡੀਜੀਪੀ ਨੂੰ ਸ਼ਿਕਾਇਤ ਕਰ ਦੱਤੀ। ਜਿਸਦੀ ਜਾਂਚ ਡੀਐੱਸਪੀ ਪੱਧਰ ਦੇ ਅਧਿਕਾਰੀ ਵੱਲੋਂ ਕੀਤੀ ਗਈ ਅਤੇ ਅਖੀਰ ਥਾਣਾ ਸਿਟੀ ਤਰਨਤਾਰਨ ਵਿਖੇ ਰਾਜਵਿੰਦਰ ਸਿੰਘ ਤੇ ਗੁਰਪ੍ਰੀਤ ਕੌਰ ਵਿਰੁੱਧ ਪੁਲਿਸ ਨੇ ਧੋਖਾਧੜੀ ਦਾ ਕੇਸ ਦਰਜ ਕਰ ਲਿਆ। ਉਨ੍ਹਾਂ ਦੱਸਿਆ ਕਿ ਉਹ ਐੱਨਆਰਆਈ ਮਾਝਾ ਵਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਨ ਅਤੇ ਪ੍ਰਵਾਸੀ ਭਾਰਤੀਆਂ ਨਾਲ ਹੁੰਦੀਆਂ ਠੱਗੀਆਂ ਸਬੰਧੀ ਆਵਾਜ਼ ਚੁੱਕਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਕਸਰ ਪ੍ਰਵਾਸੀਆਂ ਦੀਆਂ ਜ਼ਮੀਨਾਂ, ਜਾਇਦਾਦਾਂ ’ਤੇ ਕਬਜ਼ੇ ਜਾਂ ਵਰਗਲਾ ਕੇ ਸੌਧੇ ਕਰਨ ਉਪਰੰਤ ਉਨ੍ਹਾਂ ਨੂੰ ਡਰਾ ਧਮਕਾ ਕੇ ਵਿਦੇਸ਼ ਜਾਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ ਅਤੇ ਇਸ ਕੇਸ ਵਿਚ ਵੀ ਅਜਿਹਾ ਹੀ ਹੋਇਆ ਹੈ।
- ਨਾਮਜ਼ਦ ਜੋੜੇ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਮੰਗ
ਹਰਪਾਲ ਸਿੰਘ ਯੂਕੇ ਨੇ ਰਾਜਵਿੰਦਰ ਸਿੰਘ ਤੇ ਗੁਰਪ੍ਰੀਤ ਕੌਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਪੁਲਿਸ ਪ੍ਰਸ਼ਾਸਨ ਕੋਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦਾ ਸਲਾਖਾਂ ਪਿੱਛੇ ਜਾਣਾ ਬਹੁਤ ਜ਼ਰੂਰੀ ਹੈ, ਜੋ ਜ਼ਮੀਨ ਅਤੇ ਪੈਸੇ ਦੇ ਖਾਤਰ ਆਪਣੇ ਸਕਿਆਂ ਨਾਲ ਹੀ ਕਥਿਤ ਤੌਰ ’ਤੇ ਠੱਗੀ ਮਾਰ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਉਕਤ ਰਜਿਸਟਰੀ ਨੂੰ ਕੈਂਸਲ ਕਰਨ ਸਬੰਧੀ ਸਿਵਲ ਕੋਰਟ ਵਿਚ ਕੇਸ ਵੀ ਦਾਇਰ ਕਰ ਦਿੱਤਾ ਹੈ। ਇਸ ਮੌਕੇ ਸੰਜੀਵ ਕੁਮਾਰ, ਹਰਿੰਦਰ ਸਿੰਘ, ਸੰਤੋਖ ਸਿੰਘ, ਗਗਨਦੀਪ ਸਿੰਘ ਅਤੇ ਗੁਰਮੀਤ ਸਿੰਘ ਆਦਿ ਮੌਜੂਦ ਸਨ।