- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੱਕਾ ਕੰਡਿਆਲਾ ਤੇ ਕਾਜ਼ੀਕੋਟ ਪੰਚਾਇਤਾਂ ਦੀਆਂ ਆਮ ਚੋਣਾਂ ਸਬੰਧੀ ਵੱਖ-ਵੱਖ ਪਾਬੰਦੀ ਆਇਦ

ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੇ ਪਿੰਡਾਂ ਕੱਕਾ ਕੰਡਿਆਲਾ ਅਤੇ ਕਾਜ਼ੀਕੋਟ ਵਿਚ ਸਰਪੰਚਾਂ/ਪੰਚਾਂ ਦੀਆਂ ਆਮ ਚੋਣਾਂ 18 ਜਨਵਰੀ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤਕ ਕਰਵਾਈਆਂ ਜਾ ਰਹੀਆਂ ਹਨ ਅਤੇ ਵੋਟਾਂ ਦੀ ਗਿਣਤੀ ਵੀ ਉਨ੍ਹਾਂ ਪੋਲਿੰਗ ਸਟੇਸ਼ਨ/ਬੂਥਾਂ ਉੱਪਰ ਉਸੇ ਸ਼ਾਮ ਕਰ ਕੇ ਚੋਣਾਂ ਦਾ ਨਤੀਜਾ ਐਲਾਨਿਆ ਜਾਵੇਗਾ। ਗ੍ਰਾਮ ਪੰਚਾਇਤ ਕੱਕਾ ਕੰਡਿਆਲਾ ਦੇ ਬੂਥ ਨੰਬਰ 39, ਵਾਰਡ ਨੰਬਰ 3 ਦਾ ਬੂਥ ਸਰਕਾਰੀ ਐਲੀਮੈਂਟਰੀ ਸਕੂਲ ਕੱਕਾ ਕੰਡਿਆਲਾ ਸੱਜਾ ਪਾਸਾ ਅਤੇ ਪਿੰਡ ਕਾਜ਼ੀਕੋਟ ਦੇ ਬੂਥ ਨੰਬਰ 51, ਵਾਰਡ ਨੰਬਰ 05 ਦਾ ਬੂਥ ਸਰਕਾਰੀ ਐਲੀਮੈਂਟਰੀ ਸਕੂਲ ਕਾਜ਼ੀਕੋਟ ਖੱਬਾ ਪਾਸਾ ਹੋਵੇਗਾ।
ਇਨ੍ਹਾਂ ਚੋਣਾਂ ਮੌਕੇ ਅਮਨ-ਸ਼ਾਂਤੀ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ, ਲੋਕ ਹਿੱਤ ਵਿਚ ਸ਼ਾਂਤੀ ਬਰਕਰਾਰ ਰੱਖਣ ਅਤੇ ਚੋਣਾਂ ਨੂੰ ਸੁਚੱਜੇ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਪ੍ਰਾਪਤ ਨਿਯਮਾਂ ’ਤੇ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੀ ਧਾਰਾ 110 ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਰਾਹੁਲ ਨੇ 16 ਜਨਵਰੀ ਦੀ ਸ਼ਾਮ 4 ਤੋਂ 18 ਜਨਵਰੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤਕ, ਜ਼ਿਲ੍ਹੇ ਦੇ ਉਕਤ ਪੋਲਿੰਗ ਸਟੇਸ਼ਨਾਂ/ਬੂਥਾਂ ਦੇ 100 ਮੀਟਰ ਦੇ ਘੇਰੇ ਅੰਦਰ ਪਾਬੰਦੀਆਂ ਲਾ ਦਿੱਤੀਆਂ ਹਨ। ਜਿਨ੍ਹਾਂ ਵਿਚ ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਅੰਦਰ ਕਤਾਰ ਵਿਚ ਲੱਗੇ ਵੋਟਰਾਂ ਤੋਂ ਇਲਾਵਾ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਹੋਵੇਗੀ। ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਅੰਦਰ ਵੋਟਾਂ ਦਾ ਪ੍ਰਚਾਰ ਕਰਨਾਂ ਜਾਂ ਅਪੀਲ ਕਰਨ ’ਤੇ ਪਾਬੰਦੀ ਹੋਵੇਗੀ, ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਅੰਦਰ ਕੋਈ ਵੀ ਰਾਜਨੀਤਿਕ ਪਾਰਟੀ ਚੋਣ ਲੜ ਰਹੇ ਉਮੀਦਵਾਰ ਵੱਲੋਂ ਆਪਣਾ ਬੂਥ, ਟੈਂਟ ਨਹੀਂ ਲਾਇਆ ਜਾਵੇਗਾ, ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਅੰਦਰ ਕਿਸੇ ਵੀ ਕਿਸਮ ਦਾ ਚੋਣਾਂ ਨਾਲ ਸਬੰਧਿਤ ਰਾਜਨੀਤਿਕ ਪਾਰਟੀ, ਉਮੀਦਵਾਰਾਂ ਦਾ ਪੋਸਟਰ ਜਾਂ ਬੈਨਰ ਨਹੀਂ ਲਗਾਇਆ ਜਾਵੇਗਾ, ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਅੰਦਰ ਸੈਲੂਲਰ ਫੋਨ, ਕੋਰਡ ਲੈੱਸ ਫੋਨ, ਵਾਇਰਲੈੱਸ ਸੈੱਟ, ਲਾਊਡ ਸਪੀਕਰ ਆਦਿ ਦੀ ਵਰਤੋਂ ’ਤੇ ਪਾਬੰਦੀ ਹੋਵੇਗੀ।
ਚੋਣ ਡਿਊਟੀ ਵਿਚ ਤਇਨਾਤ ਚੋਣ ਆਬਜ਼ਰਵਰ, ਪੁਲਿਸ ਅਧਿਕਾਰੀ, ਡਿਊਟੀ ’ਤੇ ਤਇਨਾਤ ਸੁਰੱਖਿਆ ਕਰਮਚਾਰੀਆਂ, ਪੋਲਿੰਗ ਨਾਲ ਸਬੰਧਿਤ ਕਰਮਚਾਰੀਆਂ ਨੂੰ ਇਸ ਤੋਂ ਛੋਟ ਹੋਵੇਗੀ। ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਅੰਦਰ ਕੋਈ ਵੀ ਵਿਅਕਤੀ ਸਿਵਾਏ ਰਾਜ ਚੋਣ ਕਮਿਸ਼ਨ, ਪੰਜਾਬ, ਜ਼ਿਲ੍ਹਾ ਚੋਣ ਅਫ਼ਸਰ ਅਤੇ ਸਬੰਧਿਤ ਰਿਟਰਨਿੰਗ ਅਫ਼ਸਰ ਵਲੋਂ ਅਧਿਕਾਰਤ ਵਿਅਕਤੀ ਤੋਂ ਬਿਨਾਂ ਆਪਣਾ ਪ੍ਰਾਈਵੇਟ ਵ੍ਹੀਕਲ ਲੈ ਕੇ ਜਾਣ ਦੀ ਮਨਾਹੀ ਹੋਵੇਗੀ। ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਸਰਗਰਮੀ ਜੋ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀ ਹੋਵੇ ’ਤੇ ਮੁਕੰਮਲ ਪਾਬੰਦੀ ਹੋਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਆਪਣੇ ਮਨਾਹੀ ਦੇ ਹੁਕਮਾਂ ਵਿਚ ਕਿਹਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਉਸ ਵਿਰੁੱਧ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 223 ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਹ ਹੁਕਮ ਮਾਮਲੇ ਦੀ ਤੱਤਪਰਤਾ ਨੂੰ ਮੁੱਖ ਰੱਖਦੇ ਹੋਏ ਇਕ ਤਰਫ਼ਾ ਜਾਰੀ ਕਰ ਕੇ ਆਮ ਜਨਤਾ ਦੇ ਨਾਮ ਸੰਬੋਧਿਤ ਕੀਤੇ ਗਏ ਹਨ, ਜੋ 18 ਜਨਵਰੀ ਤਕ ਲਾਗੂ ਰਹਿਣਗੇ।