ਬੰਦ ਕਮਰੇ ’ਚ ਅੰਗੀਠੀ ਜਾਂ ਹੀਟਰ ਵਰਤਣ ਵੇਲੇ ਰੱਖੋ ਸਾਵਧਾਨੀ : ਡਾ. ਲਾਲਪੁਰਾ
ਬੰਦ ਕਮਰੇ ’ਚ ਅੰਗੀਠੀ ਜਾਂ ਹੀਟਰ ਵਰਤਣ ਵੇਲੇ ਰੱਖੋ ਸਾਵਧਾਨੀ : ਡਾਕਟਰ ਲਾਲਪੁਰਾ
Publish Date: Fri, 16 Jan 2026 04:35 PM (IST)
Updated Date: Fri, 16 Jan 2026 04:36 PM (IST)

ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸੀਤ ਲਹਿਰ ਦੌਰਾਨ ਆਮ ਤੌਰ ’ਤੇ ਧੂਣੀ, ਚੁੱਲ੍ਹਾ ਤੇ ਅੰਗੀਠੀ ਬਾਲੀ ਜਾਂਦੀ ਹੈ ਤੇ ਕਈ ਵਾਰ ਲੋਕ ਅੰਗੀਠੀ ਨੂੰ ਬਾਲ ਕੇ ਆਪਣੇ ਬੰਦ ਕਮਰਿਆਂ ’ਚ ਰੱਖ ਲੈਂਦੇ ਹਨ, ਜੋ ਕਿ ਬਹੁਤ ਹੀ ਖ਼ਤਰਨਾਕ ਤੇ ਜਾਨਲੇਵਾ ਸਾਬਤ ਹੁੰਦਾ ਹੈ। ਇਸ ਲਈ ਬੰਦ ਕਮਰੇ ਵਿਚ ਅੰਗੀਠੀ ਜਾਂ ਹੀਟਰ ਬਾਲਣ ਸਮੇਂ ਸਾਵਧਾਨੀ ਵਰਤੀ ਜਾਣੀ ਜ਼ਰੂਰੀ ਹੈ। ਇਹ ਪ੍ਰਗਟਾਵਾ ਆਮ ਆਦਮੀ ਕਲੀਨਿਕ ਫਤਿਆਬਾਦ ਦੇ ਮੈਡੀਕਲ ਅਫ਼ਸਰ ਡਾ. ਤਲਵਿੰਦਰ ਸਿੰਘ ਲਾਲਪੁਰਾ ਨੇ ਕੀਤਾ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਸੀਤ ਲਹਿਰ ਦੇ ਮੌਸਮ ਦੌਰਾਨ ਗਰਮ ਕੱਪੜੇ ਪਾ ਕੇ ਜ਼ਰੂਰ ਰੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਕਸਰ ਹੀ ਰਾਤ ਸਮੇਂ ਬੰਦ ਕਮਰੇ ’ਚ ਅੰਗੀਠੀ ਬਾਲਣ ਕਾਰਨ ਆਕਸੀਜਨ ਖ਼ਤਮ ਹੋ ਜਾਂਦੀ ਹੈ ਤੇ ਕਾਰਬਨ ਮੋਨੋਅਕਸਾਈਡ ਵਰਗੀ ਜਹਿਰੀਲੀ ਗੈਸ ਨਿਕਲਦੀ ਹੈ, ਜੋ ਕਿ ਜਾਨੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕੋਲੇ ਜਾਂ ਫਿਰ ਅੰਗੀਠੀ ਬਾਲਦਾ ਹੈ, ਤਾਂ ਉਸ ਨੂੰ ਬੰਦ ਕਮਰੇ ’ਚ ਰੱਖਣ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ। ਇਸ ਮੌਕੇ ਡਾ. ਲਾਲਪੁਰਾ ਨੇ ਕਿਹਾ ਕਿ ਵਧੀ ਠੰਢ ਦੇ ਮੱਦੇਨਜ਼ਰ ਕੁਝ ਵਿਅਕਤੀ ਬੰਦ ਕਮਰਿਆਂ ’ਚ ਹੀਟਰ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਹਵਾ ’ਚੋਂ ਨਮੀਂ ਖਤਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਮਰੇ ’ਚ ਹੀਟਰ ਲਾਇਆ ਜਾਵੇ, ਤਾਂ ਉਸ ਕਮਰੇ ਦੇ ਇਕ ਨੁੱਕਰ ’ਚ ਗਿੱਲੇ ਕੱਪੜੇ ਸੁੱਕਣੇ ਪਾ ਦੇਣੇ ਚਾਹੀਦੇ ਹਨ ਜਾਂ ਫਿਰ ਬਾਲਟੀ ’ਚ ਪਾਣੀ ਭਰ ਕੇ ਰੱਖ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਕਮਰੇ ਦੇ ਅੰਦਰ ਹਵਾ ’ਚ ਨਮੀਂ ਬਰਕਰਾਰ ਰਹਿੰਦੀ ਹੈ। ਡਾਕਟਰ ਲਾਲਪੁਰਾ ਨੇ ਕਿਹਾ ਕਿ ਬਿਜਲੀ ਵਾਲੇ ਗੀਜ਼ਰ ਜਾਂ ਫਿਰ ਗੈਸ ਗੀਜਰਾਂ ਨੂੰ ਬਾਥਰੂਮ ਤੋਂ ਬਾਹਰ ਰੱਖਣਾ ਚਾਹੀਦਾ ਹੈ, ਤਾਂ ਜੋ ਕਿਸੇ ਤਰ੍ਹਾਂ ਦੀ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਦ ਰੁੱਤ ਦੇ ਮੌਸਮ ’ਚ ਲਗਾਤਾਰ ਘੱਟ ਰਹੇ ਤਾਪਮਾਨ ’ਚ ਸਿਹਤ ਪ੍ਰਤੀ ਲਾਪਰਵਾਹੀ ਖਤਰਨਾਕ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਕਰਮੀਆਂ ਵੱਲੋਂ ਵਧੀ ਠੰਢ ਦੇ ਮੱਦੇਨਜ਼ਰ ਨਰੋਈ ਸਿਹਤ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਠੰਢ ਕਾਰਨ ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਸਿਹਤ ਸਮੱਸਿਆ ਆਉਂਦੀ ਹੈ, ਤਾਂ ਤੁਰੰਤ ਨਜ਼ਦੀਕੀ ਆਮ ਆਦਮੀ ਕਲੀਨਿਕ ਜਾਂ ਸਰਕਾਰੀ ਸਿਹਤ ਕੇਂਦਰ ਵਿਖੇ ਸਿਹਤ ਜਾਂਚ ਤੇ ਇਲਾਜ ਕਰਵਾਇਆ ਜਾ ਸਕਦਾ ਹੈ।