ਲੋਹੜੀ ’ਤੇ ਲਈਏ ਕੰਨਿਆ ਭਰੂਣ ਹੱਤਿਆ ਤੇ ਨਸ਼ੇ ਰੋਕਣ ਦਾ ਸੰਕਲਪ
ਲੋਹੜੀ ਦੇ ਤਿਉਹਾਰ ’ਤੇ ਲਈਏ ਕੰਨਿਆ ਭਰੂਣ ਹੱਤਿਆ ਤੇ ਨਸ਼ੇ ਰੋਕਣ ਦਾ ਸੰਕਲਪ
Publish Date: Fri, 09 Jan 2026 08:27 PM (IST)
Updated Date: Sat, 10 Jan 2026 04:09 AM (IST)

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ ਲੋਹੜੀ ਦੇ ਤਿਉਹਾਰ ਨੂੰ ਮਨਾਉਣ ਲਈ ਸੰਗੀਤਮਈ ਮਾਹੌਲ ਦੇ ਨਾਲ-ਨਾਲ ਭੁੱਗਾ ਬਾਲਣ ਦੀ ਰਸਮ ਵੀ ਨਿਭਾਈ ਜਾਂਦੀ ਹੈ। ਉੱਥੇ ਹੀ ਰਿਉੜੀਆਂ, ਮੂੰਗਫਲੀ ਤੇ ਗੁੜ ਵੀ ਵੰਡਿਆ ਜਾਂਦਾ ਹੈ। ਦੁੱਲਾ-ਭੱਟੀ ਨਾਲ ਜੁੜੇ ਲੋਹੜੀ ਦੇ ਤਿਉਹਾਰ ਨੂੰ ਮਨਾਉਣ ਲਈ ਹਰ ਵਰਗ ਦੇ ਲੋਕਾਂ ਵੱਲੋਂ ਜਿੱਥੇ ਖਰਚ ਕਰਨ ’ਚ ਕਮੀ ਨਹੀ ਕੀਤੀ। ਉੱਥੇ ਹੀ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਹਰ ਕਿਸੇ ਨੂੰ ਵਧਾਈਆਂ ਦੇ ਸੰਦੇਸ਼ ਦਿੰਦਾ ਵੀ ਨਜ਼ਰ ਆਉਂਦਾ ਹੈ। ਕੁਝ ਸਾਲਾਂ ਤੋਂ ਕੁੜੀਆਂ ਦੀ ਲੋਹੜੀ ਮਨਾਉਣ ਦਾ ਪ੍ਰਚਲਨ ਵੀ ਸ਼ੁਰੂ ਹੋਇਆ ਹੈ, ਜੋ ਸਮਾਜ ਲਈ ਚੰਗੀ ਗੱਲ ਹੈ ਤੇ ਲੋਹੜੀ ਦੇ ਕੁਝ ਦਿਨ ਬਾਅਦ ਆਉਣ ਵਾਲੇ ਤਿਉਹਾਰ ’ਤੇ ਸਾਨੂੰ ਕੰਨਿਆ ਭਰੂਣ ਹੱਤਿਆ ਤੇ ਨਸ਼ੇ ਰੋਕਣ ਦਾ ਸੰਕਲਪ ਲੈਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ਼ਹਿਰ ਦੇ ਵੱਖ ਵੱਖ ਆਗੂਆਂ ਨੇ ਕੀਤਾ ਹੈ। ਬਾਕਸ- ਧੀਆਂ ਨੂੰ ਬਚਾਉਣ ਦਾ ਯਤਨ ਕਰੀਏ : ਰੁਪਿੰਦਰ ਕੌਰ ਸੰਧੂ ਆਮ ਆਦਮੀ ਪਾਰਟੀ ਦੀ ਹਲਕਾ ਤਰਨਤਾਰਨ ਤੋਂ ਸੰਗਠਨ ਇੰਚਾਰਜ ਰੁਪਿੰਦਰ ਕੌਰ ਸੰਧੂ ਨੇ ਇਲਾਕਾ ਵਾਸੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਅਗਾਮੀ ਵਧਾਈ ਦਿੰਦਿਆਂ ਆਖਿਆ ਕਿ ਅੱਜ ਦੇ ਦਿਨ ਧੀਆਂ ਨੂੰ ਬਚਾਉਣ ਤੇ ਨਸ਼ੇ ਦਾ ਖਾਤਮਾ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਧੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਖੇਤਰ ’ਚ ਪਿੱਛੇ ਨਹੀਂ। ਦਫਤਰਾਂ ’ਚ ਵੱਡੇ ਵੱਡੇ ਅਹੁਦਿਆਂ ’ਤੇ ਬਿਰਾਜਮਾਨ ਔਰਤਾਂ ਸਾਡਾ ਗੌਰਵ ਹੋਰ ਵਧਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਧੀਆਂ ਦੇ ਮਾਪੇ ਹੋਣਾ ਅੱਜ ਲੋਕ ਖੁਸ਼ਕਿਸਮਤੀ ਮੰਨਦੇ ਹਨ ਪਰ ਉਨ੍ਹਾਂ ਲੋਕਾਂ ਨੂੰ ਵੀ ਜਾਗਰੂਕ ਕਰਨ ਦੀ ਲੋੜ ਹੈ, ਜੋ ਅਜੇ ਵੀ ਧੀਆਂ ਨੂੰ ਬੋਝ ਸਮਝਦੇ ਹਨ। ਉਨ੍ਹਾਂ ਸਮਾਜ ’ਚ ਫੈਲੇ ਨਸ਼ੇ ਦੇ ਕੋਹੜ ਨੂੰ ਵੀ ਰਲ-ਮਿਲ ਕੇ ਖ਼ਤਮ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਬਾਕਸ- ਸਮਾਜਿਕ ਬੁਰਾਈਆਂ ਖਿਲਾਫ ਇਕਜੁੱਟ ਹੋਣ ਦੀ ਲੋੜ : ਗਗਨਦੀਪ ਕੌਰ ਤਰਨਤਾਰਨ ਦੀ ਵਾਰਡ ਨੰ. 15 ਤੋਂ ਕੌਂਸਲਰ ਗਗਨਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਲ ਹੀ ’ਚ ਹੋਈਆਂ ਸਥਾਨਕ ਚੋਣਾਂ ’ਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਕਰ ਕੇ ਇਹ ਸੰਦੇਸ਼ ਦਿੱਤਾ ਕਿ ਔਰਤਾਂ ਦਾ ਸਨਮਾਨ ਸਮਾਜ ’ਚ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਵੱਡੀ ਸਮਾਜਿਕ ਬੁਰਾਈ ਸੀ ਪਰ ਕਾਫੀ ਹੱਦ ਤੱਕ ਇਸ ਉੱਪਰ ਕਾਬੂ ਪੈ ਚੁੱਕਾ ਹੈ ਪਰ ਅਜੇ ਵੀ ਕੁਝ ਲੋਕ ਇਸ ਨੂੰ ਉਤਸ਼ਾਹ ਦੇ ਰਹੇ ਹਨ, ਜਿਨ੍ਹਾਂ ਨੂੰ ਸੇਧ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਹੜੀ ਦਾ ਤਿਉਹਾਰ 2 ਦਿਨ ਬਾਅਦ ਆ ਰਿਹਾ ਹੈ। ਇਕ ਸਮਾਂ ਸੀ ਜਦੋਂ ਲੜਕੇ ਦੇ ਜਨਮ ਤੇ ਪੁੱਤ ਦੇ ਵਿਆਹ ’ਤੇ ਲੋਹੜੀ ਵੰਡੀ ਜਾਂਦੀ ਸੀ ਪਰ ਅੱਜ ਧੀਆਂ ਦੇ ਜਨਮ ’ਤੇ ਵੀ ਸਮਾਗਮ ਹੁੰਦੇ ਹਨ। ਇਨ੍ਹਾਂ ਸਮਾਗਮਾਂ ਰਾਹੀ ਸਮਾਜ ਨੂੰ ਸੁਚੇਤ ਕਰਨ ਵਾਲੇ ਵਧਾਈ ਦੇ ਪਾਤਰ ਹਨ। ਬਾਕਸ- ਔਰਤਾਂ ਨੂੰ ਦੇਣਾ ਚਾਹੀਦਾ ਸਨਮਾਨ : ਕਲਿਆਣ ਤਰਨਤਾਰਨ ਤੋਂ ‘ਆਪ’ ਦੀ ਹਲਕਾ ਸਕੱਤਰ ਬਲਵਿੰਦਰ ਕੌਰ ਕਲਿਆਣ ਨੇ ਕਿਹਾ ਕਿ ਜਿਸ ਦੇਸ਼ ’ਚ ਦੇਵੀ ਮਾਂ ਦੀ ਪੂਜਾ ਹੁੰਦੀ ਹੋਵੇ, ਉਥੇ ਕੰਨਿਆ ਭਰੂਣ ਹੱਤਿਆ ਵਰਗੀ ਸਮਾਜਿਕ ਕੁਰੀਤੀ ਦਾ ਫੈਲਣਾ ਮਹਾ ਪਾਪ ਹੈ। ਉਨ੍ਹਾਂ ਕਿਹਾ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ ਤੇ ਖਾਸ ਕਰ ਕੇ ਪੰਜਾਬ ਜਿਸ ਨੂੰ ਗੁਰੂਆਂ ਪੀਰਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ, ’ਚ ਅਜਿਹਾ ਪਾਪ ਕਦੇ ਵੀ ਨਹੀਂ ਹੋਣਾ ਚਾਹੀਦਾ। ਸਾਡੇ ਗੁਰੂ ਸਾਹਿਬਾਨ ਨੇ ਵੀ ਔਰਤ ਨੂੰ ਬਹੁਤ ਵਡਿਆਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਹੜੀ ਦੇ ਤਿਉਹਾਰ ’ਤੇ ਜਿਸ ਦੁੱਲਾ ਭੱਟੀ ਦਾ ਜ਼ਿਕਰ ਆਉਂਦਾ ਹੈ, ਉਸ ਨੇ ਵੀ ਧੀਆਂ ਦਾ ਸਤਿਕਾਰ ਕੀਤਾ ਸੀ, ਜਿਸ ਕਰ ਕੇ ਅੱਜ ਵੀ ਉਹ ਗੀਤਾਂ ’ਚ ਅਮਰ ਹਨ। ਉਨ੍ਹਾਂ ਕਿਹਾ ਕਿ ਲੋਹੜੀ 13 ਜਨਵਰੀ ਨੂੰ ਮਨਾਈ ਜਾ ਰਹੀ ਹੈ ਤੇ ਇਸ ਦਿਨ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਾਂਗੇ।