ਐੱਸਕੇਐੱਮ ਨੇ ਕੇਂਦਰ ਤੇ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਕੀਤਾ ਮੁਜ਼ਾਹਰਾ
ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਤੇ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨ
Publish Date: Fri, 09 Jan 2026 07:48 PM (IST)
Updated Date: Sat, 10 Jan 2026 04:07 AM (IST)

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗੈਰ-ਹਾਜ਼ਰੀ ’ਚ ਵਿਧਾਇਕ ਧੁੰਨ ਨੂੰ ਦਿੱਤਾ ਮੰਗ-ਪੱਤਰ ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਨਾਲ ਸਬੰਧਤ ਮੁੱਦਿਆਂ ਦੀਆਂ ਮੰਗਾਂ ਮਨਵਾਉਣ ਲਈ ਪੱਟੀ ਵਿਖੇ ਪੰਜਾਬ ਸਰਕਾਰ ਦੇ ਨਾਂ ’ਤੇ ਮੰਗ-ਪੱਤਰ ਦਿੱਤਾ ਗਿਆ। ਅੱਜ ਦੇ ਰੋਸ ਧਰਨੇ ਦੀ ਅਗਵਾਈ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਆਗੂਆਂ ਸਾਹਿਬ ਸਿੰਘ ਸਭਰਾ, ਕਾਰਜ ਸਿੰਘ ਘਰਿਆਲਾ, ਬਾਬਾ ਪ੍ਰਗਟ ਸਿੰਘ ਪ੍ਰਿੰਗੜੀ, ਸੁਖਵੰਤ ਸਿੰਘ ਦੁਬਲੀ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਨੌਨਿਹਾਲ ਸਿੰਘ, ਸੀਤੋ ਪਰਮਜੀਤ ਸਿੰਘ ਗੁਦਾਈਕੇ, ਸਿਕੰਦਰਪਾਲ ਸਿੰਘ ਨੱਥੂਪੁਰ ਨੇ ਕੀਤੀ। ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗੈਰ-ਮੌਜੂਦਗੀ ’ਚ ਮੰਗ-ਪੱਤਰ ਨੂੰ ਖੇਮਕਰਨ ਤੋਂ ਹਲਕਾ ਵਿਧਾਇਕ ਸਰਵਣ ਸਿੰਘ ਧੁੰਨ ਨੇ ਪ੍ਰਾਪਤ ਕੀਤਾ। ਇਸ ਮੌਕੇ ਸੰਯੁਕਤ ਮੋਰਚੇ ’ਚ ਸ਼ਾਮਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰ ਕੇ ਮਤਾ ਕੇਂਦਰ ਸਰਕਾਰ ਕੋਲ ਭੇਜਿਆ ਜਾਵੇ ਤੇ ਸਮਾਰਟ ਮੀਟਰ ਲਾਉਣਾ ਤੇ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਨੂੰ ਵੇਚਣ ਤੋਂ ਰੋਕਿਆ ਜਾਵੇ। ਹੜ੍ਹ ਪੀੜਤਾਂ ਨੂੰ ਬਹੁਤ ਘੱਟ 20 ਹਜ਼ਾਰ ਰੁਪਏ ਮੁਆਵਜ਼ਾ ਵੀ ਮਕੁੰਮਲ ਰੂਪ ’ਚ ਨਹੀਂ ਦਿੱਤਾ ਗਿਆ। ਉਨ੍ਹਾਂ ਕਿਸਾਨਾਂ ਦੇ ਮਕਾਨ, ਟਿਊਬਵੈੱਲ ਤੇ ਫ਼ਸਲਾਂ ਦੇ ਨੁਕਸਾਨ ਦੀ 100 ਫ਼ੀਸਦੀ ਮੁਆਵਜ਼ਾ ਮਾਲਕੀ ਜ਼ਮੀਨਾਂ ਸਮੇਤ ਕਾਸ਼ਤਕਾਰਾਂ ਨੂੰ ਦੇਣ ਦੀ ਮੰਗ ਕੀਤੀ। ਜ਼ਮੀਨਾਂ ’ਤੇ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਭਾਈਵਾਲੀ ਵਾਲੇ ਬੈਂਕਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ ਤੇ ਆੜ੍ਹਤੀ ਤੇ ਬੈਂਕ ਕਰਜ਼ੇ ’ਚ ਫਸੇ ਕਿਸਾਨਾਂ ਦੇ ਚੈੱਕ ਲਾਉਣਾ ਬੰਦ ਕਰੇ। ਸਰਕਾਰ ਵੱਲੋਂ ਪ੍ਰਦੂਸ਼ਣ ਫੈਲਾਉਣ ਦੇ ਬਹਾਨੇ ਕੀਤੇ ਗਏ ਪਰਚੇ ਤੇ ਜ਼ਮੀਨੀ ਰਿਕਾਰਡ ਅੰਦਰ ਕੀਤੀਆਂ ਗਈਆਂ ਲਾਲ ਐਂਟਰੀਆਂ ਖ਼ਤਮ ਕੀਤੀਆਂ ਜਾਣ ਤੇ ਪਰਾਲੀ ਸੰਭਾਲਣ ਵਾਲੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਕਿਸਾਨੀ ਮੁੱਦਿਆਂ ’ਤੇ ਕੇਂਦਰ ਸਰਕਾਰ ਨਾਲ ਚੱਲਦੀ ਗੱਲਬਾਤ ਦੌਰਾਨ ਟਰੈਕਟਰ-ਟਰਾਲੀਆਂ ਸਮੇਤ ਕੀਤੇ ਗਏ ਨੁਕਸਾਨ ਦਾ 100 ਫ਼ੀਸਦੀ ਮੁਆਵਜ਼ਾ ਦਿੱਤਾ ਜਾਵੇ। ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ। ਵਿਸ਼ਵ ਵਪਾਰ ਮੁਕਤ ਨੂੰ ਰੱਦ ਕਰਨ ਤੇ ਬੀਜ ਸੋਧ ਬਿੱਲ 2025 ਨੂੰ ਰੱਦ ਕਰਨ ਸਮੇਤ 23 ਫ਼ਸਲਾਂ ’ਤੇ ਸੁਆਮੀ ਨਾਥਨ ਰਿਪੋਰਟ ’ਤੇ ਐੱਮਐੱਸਪੀ ਦੇਣ ਲਈ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਅੰਦਰ ਮਤੇ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਦੀ ਅਣਦੇਖੀ ਕੀਤੀ ਤਾਂ ਸਖ਼ਤ ਅੰਦੋਲਨ ਕਰਨ ਤੋਂ ਗ਼ੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸੁੱਚਾ ਸਿੰਘ, ਭਾਈ ਲੱਧੂ ਸਤਨਾਮ ਸਿੰਘ ਸੋਨੂੰ, ਸਭਰਾ ਪ੍ਰਗਟ ਸਿੰਘ, ਪ੍ਰਿੰਗੜੀ ਪ੍ਰਗਟ ਸਿੰਘ ਚੰਬਾ, ਸੁਖਜਿੰਦਰ ਸਿੰਘ ਰੂੜੀਵਾਲਾ, ਹਰਜੀਤ ਸਿੰਘ ਜੌਹਲ, ਸੁਖਦੇਵ ਸਿੰਘ ਸਰਾਲੀ ਮੰਡ, ਦੀਦਾਰ ਸਿੰਘ ਲਾਖਨਾ, ਗੁਰਬੀਰ ਸਿੰਘ ਭਉਵਾਲ, ਸ਼ਿੰਦਰਪਾਲ ਸਿੰਘ ਰਸੂਲਪੁਰ, ਸਾਰਜ ਸਿੰਘ ਰਸੂਲਪੁਰ, ਲਖਵਿੰਦਰ ਸਿੰਘ ਭੰਗਾਲਾ, ਮੁਖਤਿਆਰ ਸਿੰਘ ਤਲਵੰਡੀ, ਸੁਖਦੇਵ ਸਿੰਘ ਸੀਤੋ, ਗੁਰਵੇਲ ਸਿੰਘ ਸੀਤੋ, ਗੁਰਮੇਲ ਸਿੰਘ ਮਾਣਕਪੁਰ, ਸੇਵਾ ਸਿੰਘ, ਰਾਮ ਸਿੰਘ ਵਾਲਾ ਅਦਿ ਹਾਜ਼ਰ ਸਨ।