ਸੜਕਾਂ ’ਤੇ ਅਣਜਾਣ ਈ-ਰਿਕਸ਼ਾ ਚਾਲਕ ਦੇ ਰਹੇ ਹਨ ਹਾਦਸਿਆਂ ਨੂੰ ਅੰਜਾਮ
ਸ਼ਹਿਰ ਦੀਆਂ ਸੜਕਾਂ ’ਤੇ ਅਣਜਾਣ ਈਰਿਕਸ਼ਾ ਚਾਲਕ ਦੇ ਰਹੇ ਹਨ ਹਾਦਸਿਆਂ ਨੂੰ ਅੰਜ਼ਾਮ
Publish Date: Fri, 09 Jan 2026 07:42 PM (IST)
Updated Date: Sat, 10 Jan 2026 04:07 AM (IST)

ਰੋਜ਼ਗਾਰ ਦੇ ਨਾਂ ’ਤੇ ਆਮ ਰਾਹਗੀਰਾਂ ਲਈ ਮੁਸੀਬਤ ਬਣ ਚੁੱਕੇ ਹਨ ਰਿਕਸ਼ੇ ਗੁਰਪ੍ਰੀਤ ਸਿੰਘ ਕੱਦਗਿੱਲ•, ਪੰਜਾਬੀ ਜਾਗਰਣ, ਤਰਨਤਾਰਨ ਵਾਤਾਵਰਣ ਦੀ ਸੁਰੱਖਿਆ ਲਈ ਹੋਂਦ ’ਚ ਆਏ ਬੈਟਰੀ ਚਲਿਤ ਈ-ਰਿਕਸ਼ੇ ਬੇਸ਼ੱਕ ਕਈ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਬਣੇ ਤੇ ਪ੍ਰਦੂਸ਼ਣ ਵੀ ਘਟਿਆ ਹੋਵੇਗਾ ਪਰ ਈ ਰਿਕਸ਼ਿਆਂ ਦੀ ਧੜਾਧੜ ਵਧੀ ਗਿਣਤੀ ਨੇ ਆਮ ਰਾਹਗੀਰਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ, ਕਿਉਂਕਿ ਇਹ ਰਿਕਸ਼ੇ ਚਲਾਉਣ ਵਾਲੇ ਬਹੁਤੇ ਅਣਜਾਣ ਚਾਲਕ ਹਾਦਸਿਆਂ ਨੂੰ ਅੰਜਾਮ ਦੇ ਰਹੇ ਹਨ, ਜਦੋਂਕਿ ਟਰੈਫਕ ਜਾਮ ਦਾ ਵੀ ਇਹ ਰਿਕਸ਼ੇ ਕਾਰਨ ਬਣਦੇ ਦਿਖਾਈ ਦਿੰਦੇ। ਇੰਨਾ ਹੀ ਨਹੀਂ ਵਧੇਰੇ ਗਿਣਤੀ ਇਹ ਰਿਕਸ਼ਿਆਂ ’ਤੇ ਨੰਬਰ ਪਲੇਟ ਤੱਕ ਨਹੀਂ ਲੱਗੀ ਹੁੰਦੀ, ਜਿਸ ਤੋਂ ਹਾਦਸਾ ਕਰਨ ਵਾਲੇ ਦਾ ਪਤਾ ਲੱਗ ਸਕੇ ਤੇ ਉਸ ਖਿਲਾਫ ਕੋਈ ਕਾਰਵਾਈ ਹੋ ਸਕੇ। ਕੁਝ ਸਾਲ ਪਹਿਲਾਂ ਈ ਰਿਕਸ਼ੇ ਸੜਕਾਂ ’ਤੇ ਉਤਾਰੇ ਗਏ ਤਾਂ ਜੋ ਡੀਜਲ ਜਾਂ ਪੈਟਰੋਲ ਨਾਲ ਚੱਲਣ ਵਾਲੇ ਆਟੋਆਂ ਦੇ ਧੂੰਏ ਨਾਲ ਹੁੰਦੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ। ਇਹ ਕਾਰਜ ਕਾਫੀ ਹੱਦ ਤੱਕ ਰਾਸ ਹੁੰਦਾ ਵੀ ਦਿਖਾਈ ਦਿੱਤਾ ਪਰ ਈ-ਰਿਕਸ਼ਿਆਂ ਦੀ ਧੜਾਧੜ ਵਧੀ ਗਿਣਤੀ ਨੇ ਹੋਰ ਹੀ ਮੁਸੀਬਤ ਖੜ੍ਹੀ ਕਰ ਦਿੱਤੀ। ਚੌਕ-ਚੌਰਾਹਿਆਂ ’ਚ ਈ-ਰਿਕਸ਼ਿਆਂ ਦਾ ਘੜਮੱਸ ਹੋਣ ਲੱਗਾ ਤੇ ਇਹ ਜਾਮ ਦਾ ਕਾਰਨ ਬਣਨ ਲੱਗੇ। ਉਸ ਤੋਂ ਵੀ ਵੱਡੀ ਸਮੱਸਿਆ ਇਹ ਬਣ ਗਈ ਹੈ ਕਿ ਈ-ਰਿਕਸ਼ੇ ਚਲਾਉਣ ਵਾਲਿਆਂ ’ਚ ਕਈ ਦਿਵਿਆਂਗ, ਬਹੁਤ ਜ਼ਿਆਦਾ ਬਜੁਰਗ ਤੇ ਨਾਬਾਲਿਗ ਤੱਕ ਵੀ ਸ਼ਾਮਲ ਹੋ ਗਏ। ਡਰਾਈਵਿੰਗ ਤੋਂ ਅਣਜਾਣ ਜਾਂ ਸਹੀ ਢੰਗ ਨਾਲ ਵਾਹਨ ਨਾ ਚਲਾ ਸਕਣ ਵਾਲਿਆਂ ਦੀ ਇਸ ਧੰਦੇ ’ਚ ਘੁਸਪੈਠ ਨੇ ਹਾਦਸਿਆਂ ਨੂੰ ਜਨਮ ਦੇਣਾ ਸ਼ੁਰੂ ਕਰ ਦਿੱਤਾ ਹੈ। ਅੱਜ ਹਰ ਰੋਜ਼ ਈ-ਰਿਕਸ਼ਿਆਂ ਨਾਲ ਹਾਦਸੇ ਵਾਪਰਣ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ। ਲੋਕਾਂ ਦੇ ਕੀਮਤੀ ਵਾਹਨਾਂ ਦਾ ਨੁਕਸਾਨ ਕਰਨ ਦੇ ਨਾਲ-ਨਾਲ ਅੱਗੋਂ ਝਗੜਾ ਵੀ ਕਈ ਰਿਕਸ਼ਾ ਚਾਲਕ ਕਰਨ ਲੱਗ ਜਾਂਦੇ ਹਨ। ਦੂਜੇ ਪਾਸੇ ਸ਼ਹਿਰ ਦੇ ਤੰਗ ਬਾਜ਼ਾਰਾਂ ਤੇ ਸੜਕਾਂ ’ਤੇ ਈ ਰਿਕਸ਼ਿਆਂ ਦੀ ਭਰਮਾਰ ਹੋਣ ਨਾਲ ਰਾਹਗੀਰ ਤੰਗ ਹੋ ਰਹੇ ਹਨ। ਸ਼ਹਿਰ ਦੇ ਅੰਦਰੂਨੀ ਖੇਤਰ ’ਚੋਂ ਸੜਕ ’ਤੇ ਨਿਕਲਦੇ ਬਾਜ਼ਾਰਾਂ ਦੇ ਅੱਗੇ ਈ ਰਿਕਸ਼ੇ ਲਾ ਕੇ ਸਵਾਰੀਆਂ ਦੀ ਉਡੀਕ ਹੁੰਦੀ ਹੈ ਤਾਂ ਬਾਜ਼ਾਰਾਂ ਅੰਦਰ ਜਾਣ ਆਉਣ ਵਾਲਾ ਟਰੈਫਿਕ ਜਾਮ ਹੋ ਜਾਂਦਾ ਹੈ। ਸਾਰਾ ਦਿਨ ਟਰੈਫਿਕ ਪੁਲਿਸ ਦੇ ਕਰਮਚਾਰੀ ਇਨ੍ਹਾਂ ਨੂੰ ਹਟਾਉਣ ਦਾ ਯਤਨ ਕਰਦੇ ਰਹਿੰਦੇ ਹਨ ਪਰ ਉਨ੍ਹਾਂ ਦੀ ਵਾਹ ਘੱਟ ਹੀ ਚੱਲ ਪਾਉਂਦੀ ਹੈ, ਕਿਉਂਕਿ ਈ ਰਿਕਸ਼ਿਆਂ ਦੀ ਗਿਣਤੀ ਕਾਫੀ ਵਧ ਚੁੱਕੀ ਹੈ। ਬਾਕਸ- ਵਧੇਰੇ ਈ-ਰਿਕਸ਼ੇ ਨੰਬਰ ਤੋਂ ਬਿਨਾਂ ਦੌੜ ਰਹੇ ਹਨ ਸੜਕਾਂ ’ਤੇ ਸ਼ਹਿਰ ਵਿਚ ਚੱਲ ਦੇ ਈ ਰਿਕਸ਼ਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ’ਚੋਂ ਬਹੁਤਿਆਂ ਉੱਪਰ ਕੋਈ ਨੰਬਰ ਵੀ ਨਹੀਂ ਲੱਗਾ ਹੈ, ਜੇਕਰ ਕੋਈ ਈ ਰਿਕਸ਼ਾ ਹਾਦਸੇ ਦਾ ਸਬੱਬ ਬਣਦਾ ਹੈ ਤਾਂ ਉਸ ਦਾ ਨੰਬਰ ਨਾ ਹੋਣ ਕਾਰਨ ਪਛਾਣ ਕਰਨੀ ਵੀ ਔਖੀ ਹੋ ਜਾਂਦੀ ਹੈ। ਦੂਜੇ ਪਾਸੇ ਜੋ ਵਾਹਨ ਚਲਾਉਣ ਦੇ ਕਾਬਲ ਨਹੀਂ ਹਨ, ਉਨ੍ਹਾਂ ਉੱਪਰ ਕਾਰਵਾਈ ਦੀ ਮੰਗ ਵੀ ਉੱਠਣ ਲੱਗੀ ਹੈ, ਕਿਉਂਕਿ ਅਜਿਹੇ ਚਾਲਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਸਬੰਧੀ ਟਰੈਫਿਕ ਇੰਚਾਰਜ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਈ ਰਿਕਸ਼ਿਆਂ ਦੇ ਚਲਾਨ ਕੀਤੇ ਜਾਂਦੇ ਹਨ, ਜਿਨ੍ਹਾਂ ਦੇ ਨੰਬਰ ਨਹੀਂ ਉਨ੍ਹਾਂ ਉੱਪਰ ਵੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਚੌਕ-ਚੌਰਾਹਿਆਂ ’ਚ ਇਹ ਈ-ਰਿਕਸ਼ੇ ਜਾਮ ਦਾ ਕਾਰਨ ਨਾ ਬਣਨ, ਇਸ ਲਈ ਟਰੈਫਿਕ ਵਿੰਗ ਦੇ ਕਰਮਚਾਰੀ ਹਮੇਸ਼ਾ ਤਾਇਨਾਤ ਰਹਿੰਦੇ ਹਨ।