ਚਾਇਨਾ ਡੋਰ ਨੂੰ ਕਹੋ ਨਾਂਹ, ਜ਼ਿੰਦਗੀ ਨੂੰ ਆਖੋ ਹਾਂ........
ਚਾਇਨਾ ਡੋਰ ਨੂੰ ਕਹੋ ਨਾਂਹ, ਜ਼ਿੰਦਗੀ ਨੂੰ ਆਖੋ ਹਾਂ........
Publish Date: Fri, 09 Jan 2026 06:58 PM (IST)
Updated Date: Sat, 10 Jan 2026 04:06 AM (IST)

ਚਾਈਨਾ ਡੋਰ ਨੂੰ ਖਤਮ ਕਰਨ ਲਈ ਬੱਚਿਆਂ ’ਚ ਜਾਗਰੂਕਤਾ ਬਹੁਤ ਜ਼ਰੂਰੀ ਬੱਲੂ ਮਹਿਤਾ, ਪੰਜਾਬੀ ਜਾਗਰਣ, ਪੱਟੀ ਤਿੰਨ ਦਿਨਾਂ ਬਾਅਦ ਲੋਹੜੀ ਦਾ ਤਿਉਹਾਰ ਹੈ ਤੇ ਮਾਝੇ ਅੰਦਰ ਪਤੰਗਬਾਜ਼ੀ ਦਾ ਦੌਰ ਇਕ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਪਹਿਲਾਂ ਤਾਂ ਪਤੰਗਬਾਜ਼ੀ ਲਈ ਧਾਗੇ ਦੀ ਡੋਰ ਵਰਤੀ ਜਾਂਦੀ ਸੀ। ਫਿਰ ਬਾਅਦ ’ਚ ਬਰੇਲੀ, ਯੂਪੀ, ਡੋਰ ਧਾਗੇ ਦੀ ਆਈ ਪਰ ਪਿਛਲੇ ਕੁਝ ਸਾਲਾਂ ਤੋਂ ਪਲਾਸਟਿਕ ਦੀ ਡੋਰ, ਜਿਸ ਨੂੰ ਚਾਈਨਾ ਡੋਰ ਦੀ ਵਰਤੋਂ ਹੋ ਰਹੀ ਹੈ। ਪਲਾਸਟਿਕ ਦੀ ਡੋਰ ਹੋਣ ਕਾਰਨ ਕਾਫੀ ਸਖ਼ਤ ਹੁੰਦੀ ਹੈ ਤੇ ਜਲਦ ਨਾ ਟੁੱਟਣ ਕਰ ਕੇ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਇਸ ਸਬੰਧੀ ਸਮਾਜ ਸੇਵੀ ਤੇ ਵਾਤਾਵਰਣ ਪ੍ਰੇਮੀਆਂ ਨੇ ਬੱਚਿਆਂ ਨੂੰ ਜਾਗਰੂਕ ਕਰਨ ਦੀ ਸਲਾਹ ਦਿੱਤੀ ਹੈ। ਬਾਕਸ- ਡੋਰ ਦੇ ਨੁਕਸਾਨ ਬਾਰੇ ਮਾਪੇ ਬੱਚਿਆਂ ਨੂੰ ਜਾਗਰੂਕ ਕਰਨ : ਪ੍ਰਿੰਸੀਪਲ ਰਾਜਿੰਦਰ ਸ਼ਰਮਾ ਪ੍ਰਿੰਸੀਪਲ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਇਹ ਡੋਰ ਪੰਛੀਆਂ ਤੇ ਇਨਸਾਨਾਂ ਲਈ ਇਹ ਬੇਹੱਦ ਘਾਤਕ ਸਿੱਧ ਹੁੰਦੀ ਹੈ। ਇਸ ਕਾਰਨ ਸਰਕਾਰ ਵੱਲੋਂ ਬੇਸ਼ੱਕ ਇਸ ’ਤੇ ਪਾਬੰਦੀ ਲਾਈ ਗਈ ਹੈ ਪਰ ਜਿਆਦਾਤਰ ਨੌਜਵਾਨ ਅੱਜ ਵੀ ਇਸ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨੁਕਸਾਨ ਬਾਰੇ ਆਪਣੇ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਬਾਕਸ- ਪਲਾਸਟਿਕ ਦੀ ਡੋਰ ਨੇ ਪਤੰਗਬਾਜ਼ੀ ਦਾ ਸੁਆਦ ਖਰਾਬ ਕੀਤਾ : ਮੌਂਟੀ ਅਰੋੜਾ ਪਤੰਗਬਾਜ਼ੀ ਦੇ ਸ਼ੌਕੀਨ ਮੌਂਟੀ ਅਰੋੜਾ ਨੇ ਕਿਹਾ ਜਦੋ ਦੀ ਪਲਾਸਟਿਕ ਦੀ ਡੋਰ ਨਾਲ ਪਤੰਗਬਾਜ਼ੀ ਸ਼ੁਰੂ ਹੋਈ ਹੈ, ਉਦੋਂ ਤੋਂ ਪਤੰਗ ਉਡਾਉਣ ਦਾ ਸੁਆਦ ਹੀ ਜਾਂਦਾ ਰਿਹਾ ਹੈ। ਪਹਿਲਾਂ ਧਾਗੇ ਦੀ ਡੋਰ ਨਾਲ ਪਤੰਗਬਾਜ਼ ਆਪਣੇ ਹੁਨਰ ਨਾਲ ਹੋਰ ਪਤੰਗਾਂ ਨੂੰ ਕੱਟਦਾ ਸੀ ਪਰ ਇਹ ਡੋਰ ਆਉਣ ਨਾਲ ਹੁਨਰ ਦੀ ਕਦਰ ਨਹੀਂ ਰਹੀ। ਇਸ ਨੂੰ ਖਿੱਚਦੇ ਸਮੇਂ ਹੱਥ ਦੀਆਂ ਉਂਗਲਾਂ ਉੱਪਰ ਤਿੱਖੇ ਚੀਰੇ ਆ ਜਾਂਦੇ ਹਨ ਤੇ ਕਈ ਵਾਰ ਤਾਂ ਉਹ ਚੀਰੇ ਬੇਹੱਦ ਡੂੰਘੇ ਹੋਣ ਕਾਰਨ ਟਾਂਕੇ ਲਾਉਣ ਦੀ ਨੌਬਤ ਵੀ ਆ ਜਾਂਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਡੋਰ ਨੂੰ ਤੁਰੰਤ ਬੰਦ ਕੀਤਾ ਜਾਵੇ। ਬਾਕਸ- ਦੋਪਹੀਆ ਵਾਹਨ ਸਵਾਰ ਲਪੇਟ ’ਚ ਆਉਣ ਕਾਰਨ ਹੋ ਜਾਂਦੇ ਜ਼ਖ਼ਮੀ : ਗੁਰਬਚਨ ਸਿੰਘ ਲਾਲੀ ਸੇਵਾਮੁਕਤ ਅਧਿਕਾਰੀ ’ਤ ਲੇਖਕ ਗੁਰਬਚਨ ਸਿੰਘ ਲਾਲੀ ਨੇ ਇਸ ਸਬੰਧੀ ਵਿਚਾਰ ਪੇਸ਼ ਕਰਦਿਆ ਕਿਹਾ ਕਿ ਅਨੇਕਾਂ ਵਾਰ ਵੇਖਣ ’ਚ ਆਇਆ ਹੈ ਕਿ ਕਈ ਦੋਪਹੀਆ ਵਾਹਨ ਸਵਾਰ ਇਸ ਡੋਰ ਦੀ ਲਪੇਟ ’ਚ ਆਉਣ ਕਾਰਨ ਗੰਭੀਰ ਜ਼ਖ਼ਮੀ ਹੋਏ ਹਨ ਤਾਂ ਕਈ ਕੇਸਾਂ ਵਿਚ ਇਹ ਡੋਰ ਜਾਨਲੇਵਾ ਵੀ ਸਾਬਤ ਹੋਈ ਹੈ। ਪਤਾ ਨਹੀਂ ਸਰਕਾਰ ਇਹ ਡੋਰ ਬਣਾਉਣ ਵਾਲਿਆਂ ਖ਼ਿਲਾਫ ਕਾਰਵਾਈ ਕਿਉ ਨਹੀਂ ਕਰਦੀ। ਉਨ੍ਹਾਂ ਆਖਿਆ ਕਿ ਸਾਨੂੰ ਹੀ ਆਪਣੇ ਬੱਚਿਆਂ ਨੂੰ ਇਹ ਡੋਰ ਨਾ ਵਰਤਣ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਬਾਕਸ- ਨਗਰ ਕੌਂਸਲ ਪੱਟੀ ਵੱਲੋਂ ਕੀਤੀ ਜਾ ਰਹੀ ਹੈ ਦੁਕਾਨਾਂ ’ਤੇ ਛਾਪਾਮਾਰੀ : ਜੁਗਰਾਜ ਸਿੰਘ ਜੁਗਰਾਜ ਸਿੰਘ ਸੁਪਰਡੈਂਟ ਸੈਨੀਟੇਸ਼ਨ ਦਾ ਕਹਿਣਾ ਹੈ ਕਿ ਨਗਰ ਕੌਂਸਲ ਪੱਟੀ ਵੱਲੋਂ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਸ਼ਹਿਰ ਵਿਖੇ ਚਾਈਨਾ ਡੋਰ ਦੀ ਚੈਕਿੰਗ ਜਾ ਰਹੀ ਹੈ। ਨਗਰ ਕੌਂਸਲ ਦੀ ਟੀਮ ਵੱਲੋਂ ਦੁਕਾਨਦਾਰ ਤੇ ਆਮ ਸ਼ਹਿਰੀਆਂ ਨੂੰ ਜਾਗਰੂਕ ਕਰਦੇ ਹੋਏ ਇਹ ਹੋਕਾ ਦਿੱਤਾ ਗਿਆ ਕਿ ਕੋਈ ਵੀ ਚਾਈਨਾ ਡੋਰ ਦੀ ਵਰਤੋਂ ਨਾ ਕਰੇ, ਜੋ ਕੋਈ ਚਾਈਨਾ ਡੋਰ ਦੀ ਵਿਕਰੀ ਕਰਦਾ ਹੈ ਤਾਂ ਉਸ ਬਾਰੇ ਸੂਚਨਾ ਦਿੱਤੀ ਜਾਵੇ ਤਾਂ ਜੋ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਬਾਕਸ- ਡਰੈਗਨ ਡੋਰ ਦੀਆਂ ਫੈਕਟਰੀਆਂ ਬੰਦ ਹੋਣ : ਵਿੱਪੀ ਸ਼ਾਹ ਡਰੈਗਨ ਡੋਰ ’ਤੇ ਪ੍ਰਤੀਕਿਰਿਆ ਦਿੰਦਿਆਂ ਸਮਾਜਸੇਵੀ ਵਿੱਪੀ ਸ਼ਾਹ ਨੇ ਕਿਹਾ ਕਿ ਬੇਜ਼ੁਬਾਨ ਪੰਛੀ ਇਸ ਲਪੇਟ ’ਚ ਆ ਕੇ ਆਪਣੀ ਜਾਨ ਅਜਾਈਂ ਗੁਆ ਬੈਠਦੇ ਹਨ। ਨੌਜਵਾਨ ਆਪਣੇ ਸ਼ੌਕ ਲਈ ਇਨ੍ਹਾਂ ਬੇਜ਼ੁਬਾਨਾਂ ਦੀ ਜਾਨ ਨਾਲ ਖੇਡ ਦੇ ਹਨ। ਉਨ੍ਹਾਂ ਕਿਹਾ ਕਿ ਡਰੈਗਨ ਡੋਰ ਦੀਆਂ ਫੈਕਟਰੀਆ ਬੰਦ ਹੋਣੀਆਂ ਚਾਹੀਦੀਆਂ ਹਨ। ਤਾਂ ਜੋ ਨਾ ਤਾਂ ਇਹ ਡੋਰ ਬਾਜ਼ਾਰ ’ਚ ਆਵੇ ਤੇ ਨਾ ਹੀ ਲੋਕ ਖਰੀਦਣ। ਬਾਕਸ- ਬੱਚਿਆਂ ’ਚ ਜਾਗਰੂਕਤਾ ਦੀ ਲੋੜ : ਰਾਜਨਪ੍ਰੀਤ ਸੱਗੂ ਐਡਵੋਕੇਟ ਰਾਜਨਪ੍ਰੀਤ ਸਿੰਘ ਸੱਗੂ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ, ਜਿਸ ਕਾਰਨ ਬੱਚਿਆਂ ’ਚ ਪਤੰਗਬਾਜ਼ੀ ਪ੍ਰਤੀ ਉਤਸ਼ਾਹ ਵੀ ਹੈ ਪਰ ਲੋਹੜੀ ਦੇ ਤਿਉਹਾਰ ਮੌਕੇ ਪਤੰਗਬਾਜ਼ੀ ਦਾ ਮਜ਼ਾ ਚਾਈਨਾ ਡੋਰ ਕਾਰਨ ਕਿਰਕਿਰਾ ਹੋ ਗਿਆ ਹੈ। ਉਨ੍ਹਾਂ ਚਾਈਨਾ ਡੋਰ ਦੀ ਵਿਕਰੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਚਾਈਨਾ ਡੋਰ ਤੋਂ ਹੋਣ ਵਾਲਿਆਂ ਹਾਦਸਿਆਂ ਕਾਰਨ ਆਪਣੇ ਬੱਚਿਆਂ ਨੂੰ ਪਤੰਗ ਉਡਾਉਣ ਤੋਂ ਰੋਕਿਆ ਹੋਇਆ ਹੈ। ਇਸ ਲਈ ਬੱਚਿਆਂ ’ਚ ਜਾਗਰੂਕਤਾ ਦੀ ਲੋੜ ਹੈ।