ਇਕ ਪਾਸੇ ਬੋਰਡ ਦੇ ਪੇਪਰਾਂ ਦੀ ਡੇਟਸ਼ੀਟ ਜਾਰੀ, ਦੂਜਾ ਛੁੱਟੀਆਂ ’ਚ ਕਰ ’ਤਾ ਵਾਧਾ
ਇਕ ਪਾਸੇ ਬੋਰਡ ਦੇ ਪੇਪਰਾਂ ਦੀ ਡੇਟਸ਼ੀਟ ਜਾਰੀ, ਦੂਜਾ ਛੁੱਟੀਆਂ ‘ਚ ਕਰ ਦਿੱਤਾ ਵਾਧਾ
Publish Date: Fri, 09 Jan 2026 06:46 PM (IST)
Updated Date: Sat, 10 Jan 2026 04:06 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਸਰਕਾਰ ਵਲੋਂ ਬੀਤੇ ਦਿਨੀਂ ਸਰਦੀ ਦੀਆਂ ਛੁੱਟੀਆਂ ’ਚ ਵਾਧਾ ਕੀਤਾ ਗਿਆ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰੈਕਟੀਕਲ ਫਰਵਰੀ ਦੇ ਪਹਿਲੇ ਹਫ਼ਤੇ ਕਰਨ ਤੇ ਲਿਖਤੀ ਪੇਪਰ 17 ਫਰਵਰੀ ਤੋਂ ਸ਼ੁਰੂ ਕਰਨ ਦੀ ਡੇਟਸ਼ੀਟ ਜਾਰੀ ਕੀਤੀ ਹੋਈ ਹੈ। ਇਸ ਸਬੰਧ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਦੀ ਨਾਮਵਰ ਜਥੇਬੰਦੀ ਰਾਸਾ ਪੰਜਾਬ ਦੇ ਪ੍ਰਧਾਨ ਪ੍ਰਿੰਸੀਪਲ ਸਕੱਤਰ ਸਿੰਘ ਸੰਧੂ ਵਲੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਛੁੱਟੀਆਂ ਦੇ ਵਾਧੇ ਦਾ ਇਹ ਵਰਤਾਰਾ ਬੀਤੇ ਕਈ ਸਾਲਾਂ ਤੋਂ ਅਜਿਹਾ ਚੱਲ ਰਿਹਾ ਹੈ। ਸਾਲ 2023 ’ਚ ਵੀ ਜੁਲਾਈ ਦੀਆਂ ਬਰਸਾਤਾਂ ਕਰ ਕੇ 16 ਜੁਲਾਈ ਤੱਕ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ 16 ਦਿਨ ਸਕੂਲ ਬੰਦ ਰਹੇ ਸਨ। ਸਾਲ 2024 ’ਚ ਵੀ ਮੌਸਮ ਦੇ ਵਿਗਾੜ ਕਾਰਨ ਸਰਕਾਰ ਨੇ 3 ਵਾਰ ਸਕੂਲ ਬੰਦ ਕੀਤੇ ਸਨ ਤੇ ਜਨਵਰੀ 2024 ’ਚ ਵੀ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ 21 ਦਿਨਾਂ ਦੀਆਂ ਛੁੱਟੀਆਂ ਵੱਧ ਕੀਤੀਆਂ ਗਈਆਂ ਸਨ। ਇਸੇ ਸਾਲ 21 ਮਈ ਤੋਂ 31 ਮਈ ਤੱਕ ਜ਼ਿਆਦਾ ਗਰਮੀ ਦੀਆਂ ਛੁੱਟੀਆਂ ਕੀਤੀਆਂ ਗਈਆਂ ਸਨ। ਪਿਛਲੇ ਸਾਲ ਵੀ ਇਸੇ ਤਰ੍ਹਾਂ ਸਰਦੀਆਂ ’ਚ ਵੀ 2 ਹਫ਼ਤੇ ਦੀਆਂ ਛੁੱਟੀਆਂ ਦਾ ਇਜ਼ਾਫ਼ਾ ਕੀਤਾ ਗਿਆ ਸੀ ਪਰ ਹੈਰਾਨਗੀ ਤਾਂ ਇਸ ਗੱਲ ਦੀ ਹੈ ਕਿ ਹਰ ਸਾਲ ਬਦਲ ਰਹੇ ਮੌਸਮੀ ਸੰਤੁਲਨ ਦੇ ਅਨੁਸਾਰ ਸਕੂਲਾਂ ਦੀਆਂ ਛੁੱਟੀਆਂ ਦੀਆਂ ਮਿਤੀਆਂ ’ਚ ਕੋਈ ਬਦਲਾਅ ਨਹੀਂ ਹੋ ਸਕਦਾ। ਕੀ ਇਹ ਅੰਗਰੇਜ਼ਾਂ ਵੇਲੇ ਦਾ ਕਲੰਡਰ ਹੀ ਜਾਰੀ ਰਹੇਗਾ ਕਿ ਗਰਮੀਆਂ ਦੀਆਂ ਛੁੱਟੀਆਂ 1 ਜੂਨ ਨੂੰ ਤੇ ਸਰਦੀ ਦੀਆਂ ਛੁੱਟੀਆਂ 25 ਦਸੰਬਰ ਤੋਂ ਹੀ ਕਰਨੀਆਂ ਹਨ? ਕੀ ਦਮਗੱਜ਼ੇ ਮਾਰ ਰਹੀਆਂ ਸਰਕਾਰਾਂ ਕੋਲ ਇਸ ਮੌਸਮੀ ਬਦਲਾਅ ਸਬੰਧ ’ਚ ਕੋਈ ਵੀ ਢੁੱਕਵਾਂ ਪ੍ਰਬੰਧ ਨਹੀਂ। ਕੀ ਇਨ੍ਹਾਂ ਛੁੱਟੀਆਂ ’ਚ ਵਾਧਾ ਕਰਨ ਲੱਗਿਆਂ ਬੋਰਡ ਕਲਾਸਾਂ ਵਾਲੇ ਬੱਚਿਆਂ ਦੀ ਪੜ੍ਹਾਈ ਦੀ ਕੋਈ ਚਿੰਤਾ ਨਹੀਂ, ਕੀ ਉਨ੍ਹਾਂ ਨੂੰ ਵੀ ਛੁੱਟੀਆਂ ਬਾਕੀ ਬੱਚਿਆਂ ਵਾਂਗ ਕਰਨਾ ਮਜ਼ਬੂਰੀ ਆ। ਕੀ ਇਨ੍ਹਾਂ ਵਧੀਆਂ ਛੁੱਟੀਆਂ ਦੌਰਾਨ ਬੱਚੇ ਘਰਾਂ ’ਚ ਬੈਠ ਕੇ ਪੜਾਈ ਕਰ ਰਹੇ, ਘਰਾਂ ਤੋਂ ਬਾਹਰ ਕਿਧਰੇ ਨਹੀਂ ਜਾਦੇ। ਆਏ ਵਰ੍ਹੇ ਵਰਤ ਰਹੀ ਇਸ ਖੇਡ ਸਬੰਧੀ ਸਰਕਾਰ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਕੋਈ ਢੁੱਕਵਾਂ ਪ੍ਰਬੰਧ ਕਰਨ ਦੀ ਅਪੀਲ ਕਰਦੇ ਹਾਂ। ਅਜਿਹਾ ਫੁਰਮਾਨ ਜਾਰੀ ਕਰਨ ਲੱਗਿਆਂ ਬੋਰਡ ਕਲਾਸਾਂ ’ਚ ਪੜ੍ਹ ਰਹੇ ਬੱਚਿਆਂ ਦਾ ਤਾਂ ਖ਼ਿਆਲ ਰੱਖਿਆ ਜਾਵੇ। ਓਧਰ ਜਥੇਬੰਦੀ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮੰਗ ਕਰਦਿਆਂ ਕਿਹਾ ਕਿ ਬੋਰਡ ਵੱਲੋਂ ਪ੍ਰਯੋਗੀ ਪ੍ਰੀਖਿਆਵਾਂ ਦੀ ਡੇਟਸ਼ੀਟ ਰੱਦ ਕਰ ਕੇ ਇਹ ਪ੍ਰੀਖਿਆਵਾਂ ਲਿਖ਼ਤੀ ਪ੍ਰੀਖਿਆਵਾਂ ਤੋਂ ਬਾਅਦ ਕੀਤੀਆਂ ਜਾਣ।