ਮਨਰੇਗਾ ਖ਼ਤਮ ਕਰ ਕੇ ਔਰਤਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ : ਸੀਮਾ ਸੋਹਲ
ਮਨਰੇਗਾ ਖ਼ਤਮ ਕਰਕੇ ਔਰਤਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ - ਸੀਮਾ ਸੋਹਲ
Publish Date: Fri, 09 Jan 2026 06:35 PM (IST)
Updated Date: Sat, 10 Jan 2026 04:06 AM (IST)

ਉਮਰ ਖਾਲਿਦ ਸ਼ਰਜੀਲ ਤੇ ਵੈਨਜੂਏਲਾ ਦੇ ਰਾਸ਼ਟਰਪਤੀ ਦੀ ਤੁਰੰਤ ਰਿਹਾਈ ਕੀਤੀ ਜਾਵੇ : ਦਵਿੰਦਰ ਸੋਹਲ ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ, ਝਬਾਲ ਅੱਜ ਪੰਜਾਬ ਇਸਤਰੀ ਸਭਾ ਤਰਨਤਾਰਨ ਵੱਲੋਂ ਝਬਾਲ ਇਲਾਕੇ ਦੇ ਪਿੰਡ ਮੰਨਣ ’ਚ ਜ਼ਿਲ੍ਹਾ ਪ੍ਰਧਾਨ ਸੀਮਾ ਸੋਹਲ ਦੀ ਅਗਵਾਈ ’ਚ ਇਕ ਇਕੱਠ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਰਣਜੀਤ ਕੌਰ ਨੇ ਕੀਤੀ। ਸੀਮਾ ਸੋਹਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਨਰੇਗਾ ਦਾ ਨਾਂ ਤੇ ਸਰੂਪ ਬਦਲ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਨਰੇਗਾ ਨੂੰ ਖ਼ਤਮ ਕਰ ਦਿੱਤਾ ਜਾਵੇ, ਜਿਸ ਨਾਲ ਲੱਖਾਂ ਹੀ ਲੋਕ ਬੇਰੁਜ਼ਗਾਰ ਹੋ ਜਾਣਗੇ ਤੇ ਖਾਸ ਕਰ ਕੇ ਔਰਤਾਂ, ਕਿਉਂਕਿ ਮਨਰੇਗਾ ’ਚ ਜ਼ਿਆਦਾਤਰ ਔਰਤਾਂ ਨੂੰ ਕੰਮ ਮਿਲਦਾ ਹੈ ਤੇ ਪੇਂਡੂ ਔਰਤਾਂ ਆਪਣੇ ਜੋਗੀ ਕਮਾਈ ਕਰਨ ਦੇ ਕਾਬਲ ਹੋਈਆਂ ਸਨ। ਉਨ੍ਹਾਂ ਕੋਲੋਂ ਰੁਜ਼ਗਾਰ ਖੋਹ ਕੇ ਫਿਰ ਉਨ੍ਹਾਂ ਨੂੰ ਡੂੰਘੇ ਖੂਹ ’ਚ ਸੁੱਟਿਆ ਜਾ ਰਿਹਾ ਹੈ। ਸੀਮਾ ਸੋਹਲ ਨੇ ਦੱਸਿਆ ਕਿ ਅਸੀਂ ਇਕੱਠੇ ਹੋ ਕੇ ਹੀ ਆਪਣੇ ਹੱਕਾਂ ਲਈ ਲੜ ਸਕਦੇ ਹਾਂ, ਜਿਸ ਤਰ੍ਹਾਂ ਲੋਕਾਂ ਦੇ ਵਿਰੋਧ ਨੇ ਪੀੜਤਾਂ ਤੇ ਅਰਾਵਲੀ ਪਰਬਤ ਬਾਰੇ ਸੁਪਰੀਮ ਕੋਰਟ ਨੂੰ ਆਪਣਾ ਫੈਸਲਾ ਬਦਲਣ ’ਤੇ ਮਜਬੂਰ ਕਰ ਦਿੱਤਾ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ ਨੇ ਦੱਸਿਆ ਕਿ ਸਾਡੇ ਦੇਸ਼ ’ਚ ਹੱਕ ਤੇ ਸੱਚ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਟਿੰਗ ਵਿਚ ਅਮਰੀਕਾ ਦੀ ਧੱਕੜਸ਼ਾਹੀ ਦੀ ਨਿੰਦਾ ਵੀ ਕੀਤੀ ਗਈ ਕਿ ਅਮਰੀਕਾ ਦੁਨੀਆ ’ਚ ਵੱਡੇ ਡਾਕੂ ਵਾਂਗੂ ਵਿਚਰ ਰਿਹਾ ਹੈ। ਕਦੇ ਇਰਾਨ ਤੇ ਕਦੇ ਲਿਬੀਆ ਤੇ ਕਦੇ ਯਮਨ ’ਤੇ ਹਮਲਾ ਕਰਦਾ ਹੈ। ਅਫ਼ਗਾਨਿਸਤਾਨ ’ਚ ਲੰਮੇ ਸਮੇਂ ਤੱਕ ਆਪਣੀਆਂ ਫੌਜਾਂ ਰੱਖੀਆਂ ਤੇ ਅਖੀਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਹੁਣ ਸਭ ਤੋਂ ਬੇਸ਼ਰਮੀ ਭਰਿਆ ਕੰਮ ਜੋ ਟਰੰਪ ਸਰਕਾਰ ਨੇ ਕੀਤਾ ਹੈ ਕਿ ਵੈਨਜੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਸ ਦੀ ਪਤਨੀ ਨੂੰ ਅਗਵਾ ਕਰ ਲਿਆ ਹੈ, ਨਾਲ ਹੀ ਗਰੀਨ ਲੈਂਡ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਸਾਰੀ ਦੁਨੀਆਂ ਦੇ ਅਮਨ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਅਮਰੀਕਾ ਦੀ ਇਸ ਧੱਕੜ ਕਾਰਵਾਈ ਦੀ ਨਿੰਦਾ ਕੀਤੀ ਜਾਵੇ। ਇਸ ਮੀਟਿੰਗ ਦਾ ਪ੍ਰਬੰਧ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਕੌਂਸਲ ਮੈਂਬਰ ਅਮਰਜੀਤ ਕੌਰ, ਸੁਖਵੰਤ ਸਿੰਘ, ਕਾਰਜ ਸਿੰਘ, ਰਣਜੀਤ ਕੌਰ ਨੇ ਕੀਤਾ। ਇਸ ਮੌਕੇ ਗੁਰਮੀਤ ਕੌਰ, ਗੁਰਮੀਤ ਕੌਰ ਮੰਨਣ, ਕੁਲਵਿੰਦਰ ਕੌਰ, ਵੀਰ ਕੌਰ, ਪ੍ਰਕਾਸ਼ ਸਿੰਘ, ਕੁਲਵੰਤ ਕੌਰ ਆਦਿ ਨੇ ਵੀ ਹਾਜ਼ਰੀ ਲਗਵਾਈ।