ਕਾਰਪੋਰੇਟ ਘਰਾਣਿਆਂ ਦਾ ਸਰਦਾਰ ਬਣਿਆ ਟਰੰਪ : ਮਾੜੀਮੇਘਾ, ਮੇਜਰ ਸਿੰਘ
ਕਾਰਪੋਰੇਟ ਘਰਾਣਿਆਂ ਦਾ ਸਰਦਾਰ ਬਣਿਆ ਅਮਰੀਕਾ ਦਾ ਰਾਸ਼ਟਰਪਤੀ ਟਰੰਪ: ਮਾੜੀਮੇਘਾ, ਮੇਜਰ ਸਿੰਘ
Publish Date: Fri, 09 Jan 2026 06:31 PM (IST)
Updated Date: Sat, 10 Jan 2026 04:06 AM (IST)

ਰਾਜਨ ਚੋਪੜਾ•, ਪੰਜਾਬੀ ਜਾਗਰਣ, ਭਿੱਖੀਵਿੰਡ ਕਮਿਊਨਿਸਟ ਪਾਰਟੀਆਂ ਦੇ ਸੱਦੇ ’ਤੇ ਸੀਪੀਆਈ ਤੇ ਸੀਪੀਆਈਐੱਮ ਵੱਲੋਂ ਅਮਰੀਕਾ ਦੀ ਕਮਿਊਨਿਸਟ ਨੀਤੀ ਵਿਰੁੱਧ ਭਿੱਖੀਵਿੰਡ ਦੀਆਂ ਸੜਕਾਂ ’ਤੇ ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਭਿੱਖੀਵਿੰਡ ਚੌਕ ’ਚ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਪੁਤਲਾ ਫੂਕਿਆ ਗਿਆ। ਬੱਸ ਸਟੈਂਡ ’ਤੇ ਇਕੱਤਰ ਹੋਏ ਪਾਰਟੀਆਂ ਦੇ ਵਰਕਰਾਂ ਤੇ ਹਮਦਰਦਾਂ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਸੂਬਾਈ ਆਗੂਆਂ ਪ੍ਰਿਥੀਪਾਲ ਸਿੰਘ ਮਾੜੀਮੇਘਾ ਤੇ ਮੇਜ਼ਰ ਸਿੰਘ ਦਰਾਜਕੇ ਨੇ ਕਿਹਾ ਕਿ ਉੱਤਰੀ ਅਮਰੀਕਾ ’ਚ ਵੈਨੇਜੂਏਲਾ ਇਕ ਛੋਟਾ ਜਿਹਾ ਦੇਸ਼ ਹੈ ਤੇ ਉਥੇ ਕਮਿਊਨਿਸਟ ਤੇ ਸੋਸ਼ਲਿਸਟਾਂ ਦੀ ਸਰਕਾਰ ਹੈ। ਵੈਨੇਜੂਏਲਾ ਦੇਸ਼ ’ਚ ਕੁਦਰਤੀ ਸਰੋਤ ਤੇ ਤੇਲ ਦੇ ਬਹੁਤ ਭੰਡਾਰ ਹਨ। ਤੇਲ ਦੇ ਭੰਡਾਰਾਂ ਦਾ ਵੈਨੇਜੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਕੌਮੀਕਰਨ ਕਰ ਕੇ ਉਥੋਂ ਦੇ ਨਿਵਾਸੀਆਂ ਦੀ ਜਾਇਦਾਦ ਬਣਾ ਦਿੱਤੀ ਹੈ। ਕਾਰਪੋਰੇਸ਼ਨਾਂ ਦੇ ਸਰਦਾਰ ਟਰੰਪ ਨੂੰ ਮਾਦੁਰੋ ਦੇ ਇਹ ਕੰਮ ਪਸੰਦ ਨਹੀਂ ਹਨ, ਕਿਉਂਕਿ ਤੇਲ ਦੇ ਭੰਡਾਰਾਂ ਤੇ ਅਮਰੀਕੀ ਕਾਰਪੋਰੇਟ ਕਾਬਜ਼ ਸਨ। ਇਸ ਲਈ ਟਰੰਪ ਨੇ ਮਾਦੁਰੋ ਨੂੰ ਨਸ਼ੇ ਦਾ ਵਪਾਰੀ ਕਹਿਕੇ ਫੌ਼ਜੀ ਆਪ੍ਰੇਸ਼ਨ ਕੀਤਾ ਤੇ ਚੁੱਕ ਕੇ ਅਮਰੀਕਾ ਲੈ ਗਿਆ ਤੇ ਉਥੇ ਉਸ ’ਤੇ ਕੇਸ ਚਲਾ ਦਿੱਤਾ ਹੈ। ਮਾਦੁਰੋ ਤੋਂ ਬਾਅਦ ਵੈਨੇਜੂਏਲਾ ਦੀ ਜਨਤਾ ਨੇ ਫਿਰ ਇਕ ਔਰਤ ਡੈਲਸੀ ਰੋਡ੍ਰਿਗੇਜ਼ ਜੋ ਕਮਿਊਨਿਸਟ ਹੈ, ਉਸ ਨੂੰ ਰਾਸ਼ਟਰਪਤੀ ਚੁਣ ਲਿਆ ਹੈ। ਕਮਿਊਨਿਸਟਾਂ ਦੀ ਪੁਰਜ਼ੋਰ ਮੰਗ ਹੈ ਕਿ ਮਾਦੁਰੋ ਨੂੰ ਫੌਰੀ ਤੌਰ ’ਤੇ ਰਿਹਾਅ ਕੀਤਾ ਜਾਵੇ। ਟਰੰਪ ਨੇ ਉੱਤਰੀ ਅਮਰੀਕਾ ਦੇ ਬਾਕੀ ਕਮਿਊਨਿਸਟ ਦੇਸ਼ ਕੋਲੰਬੀਆ, ਕਿਊਬਾ ਤੇ ਮੈਕਸੀਕੋ ਨੂੰ ਵੀ ਦਬਕਾ ਮਾਰਿਆ ਹੈ ਕਿ ਉਨ੍ਹਾਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਨਰੇਗਾ ਕਾਨੂੰਨ ਖ਼ਤਮ ਕਰਨ ਦੇ ਰਾਹ ਤੁਰੀ ਹੈ। ਇਕੱਲਾ ਨਰੇਗਾ ਦਾ ਨਾਂ ਹੀ ਨਹੀਂ ਬਦਲਿਆ ਗਿਆ। ਇਸ ਕਾਨੂੰਨ ਤਹਿਤ ਕੰਮ ਦੇਣ ਦੇ ਅਧਿਕਾਰ ਆਪਣੇ ਅਧੀਨ ਕਰ ਲਏ ਹਨ। ਹੁਣ ਕੰਮ ਦੀ ਮਨਜ਼ੂਰੀ ਕੇਂਦਰ ਦੇਵੇਗਾ। ਨਰੇਗਾ ਦੇ ਕੰਮ ਦੇ ਪੈਸੇ ਦੀ ਵੰਡ ਵੀ ਜੋ ਪਹਿਲਾਂ ਸੈਂਟਰ 90 ਫ਼ੀਸਦੀ ਤੇ ਸਟੇਟ 10 ਫੀਸਦੀ ਹਿੱਸਾ ਪਾਉਂਦਾ ਸੀ। ਉਹ ਹੁਣ ਸੈਂਟਰ 60 ਫੀਸਦੀ ਤੇ ਸਟੇਟ ਦਾ 40 ਫ਼ੀਸਦੀ ਕਰ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਨਰੇਗਾ ਵਰਕਰਾਂ ਨੂੰ ਫੌਰੀ ਤੌਰ ’ਤੇ ਕੰਮ ਦਿੱਤਾ ਜਾਵੇ। ਅਗਲੇ ਕੁਝ ਦਿਨਾਂ ’ਚ ਨਰੇਗਾ ਕਾਮਿਆਂ ਦੇ ਕੰਮ ਲਈ ਭਿੱਖੀਵਿੰਡ ਬਲਾਕ ’ਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰੋਗਰਾਮ ਨੂੰ ਸੀਪੀਆਈ ਦੇ ਬਲਾਕ ਸਕੱਤਰ ਨਰਿੰਦਰ ਸਿੰਘ ਅਲਗੋਂ, ਹੀਰਾ ਸਿੰਘ ਦਰਾਜਕੇ, ਬਲਦੇਵ ਰਾਜ ਭਿੱਖੀਵਿੰਡ, ਚਾਨਣ ਸਿੰਘ ਭਲਵਾਨ ਕੇ, ਨਰੇਗਾ ਯੂਨੀਅਨ ਦੇ ਆਗੂ ਟਹਿਲ ਸਿੰਘ ਲੱਧੂ, ਜਸਵੰਤ ਸਿੰਘ ਸੁਰਵਿੰਡ, ਪੰਜਾਬ ਇਸਤਰੀ ਸਭਾ ਦੀ ਆਗੂ ਵੀਰੋ ਸਾਂਡਪੁਰਾ ਤੇ ਪਰਮਜੀਤ ਕੌਰ ਮਾੜੀਮੇਘਾ, ਨਿਸ਼ਾਨ ਸਿੰਘ ਮਾੜੀ ਕੰਬੋਕੀ, ਗੁਰਦੇਵ ਸਿੰਘ ਚੂੰਹਗ ਨੇ ਵੀ ਸੰਬੋਧਨ ਕੀਤਾ। ਮੁਜਾਹਰਾ ਕਰਨ ਤੋਂ ਬਾਅਦ ਭਿੱਖੀਵਿੰਡ ਚੌਕ ’ਚ ਟਰੰਪ ਦਾ ਪੁਤਲਾ ਫੂਕਿਆ ਗਿਆ।