ਪਹਿਲਾਂ ਮਦਦ ਲਈ ਮੋਟਰਸਾਈਕਲ ਦਿੱਤਾ ’ਤੇ ਫਿਰ ਕਰ ’ਤਾ ਜਾਨਲੇਵਾ ਹਮਲਾ
ਪਹਿਲਾਂ ਮਦਦ ਲਈ ਮੋਟਰਸਾਈਕਲ ਦਿੱਤਾ ’ਤੇ ਫਿਰ ਕਰ ’ਤਾ ਜਾਨਲੇਵਾ ਹਮਲਾ
Publish Date: Fri, 09 Jan 2026 06:28 PM (IST)
Updated Date: Sat, 10 Jan 2026 04:06 AM (IST)

ਨੌਜਵਾਨ ਗੰਭੀਰ ਜ਼ਖ਼ਮੀ, 7 ਲੋਕਾਂ ਖਿਲਾਫ਼ ਪੁਲਿਸ ਨੇ ਦਰਜ ਕੀਤਾ ਕੇਸ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਪੈਟਰੋਲ ਪੰਪ ਤੋਂ ਤੇਲ ਲੈਣ ਜਾਣ ਵਾਸਤੇ ਪਹਿਲਾਂ ਨੌਜਵਾਨ ਨੂੰ ਮੋਟਰਸਾਈਕਲ ਦਿੱਤਾ ਤੇ ਫਿਰ ਪੈਟਰੋਲ ਪੰਪ ਗਏ ਉਕਤ ਨੌਜਵਾਨ ’ਤੇ ਕਥਿਤ ਤੌਰ ’ਤੇ ਜਾਨਲੇਵਾ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਪੱਟੀ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਦੋਂਕਿ ਥਾਣਾ ਹਰੀਕੇ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ 7 ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲਖਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਹਰੀਕੇ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਲੜਕਾ ਗੁਰਿੰਦਰ ਸਿੰਘ ਸ਼ਾਮ ਕਰੀਬ 6 ਵਜੇ ਆਪਣੀ ਕਾਰ ’ਤੇ ਹਰੀਕੇ ਦੇ ਬਾਜ਼ਾਰ ’ਚ ਆਇਆ ਸੀ, ਜਿੱਥੇ ਕਾਰ ਦਾ ਤੇਲ ਖਤਮ ਹੋਣ ਕਰ ਕੇ ਉਹ ਉਥੇ ਹੀ ਖੜ੍ਹ ਗਿਆ। ਇੰਨੇ ’ਚ ਜੁਗਰਾਜ ਸਿੰਘ ਗਾਜੀ ਪੁੱਤਰ ਕਸ਼ਮੀਰ ਸਿੰਘ ਵਾਸੀ ਹਰੀਕੇ ਉਸ ਕੋਲ ਆਇਆ ਤੇ ਬਾਜ਼ਾਰ ’ਚ ਖੜ੍ਹੇ ਹੋਣ ਦਾ ਕਾਰਨ ਪੁੱਛਿਆ। ਉਸ ਦੇ ਲੜਕੇ ਨੇ ਕਿਹਾ ਕਿ ਕਾਰ ਦਾ ਤੇਲ ਖਤਮ ਹੋ ਗਿਆ, ਜਿਸ ’ਤੇ ਗਾਜੀ ਨੇ ਉਸ ਦੇ ਲੜਕੇ ਨੂੰ ਤੇਲ ਲਿਆਉਣ ਲਈ ਮੋਟਰਸਾਈਕਲ ਦੇ ਦਿੱਤਾ, ਜਿਸ ਤੋਂ ਬਾਅਦ ਗੁਰਿੰਦਰ ਸਿੰਘ ਕੈਨੀ ਲੈ ਕੇ ਬੂਹ ਦੇ ਪੈਟਰੋਲ ਪੰਪ ਉੱਪਰ ਪੁੱਜਾ, ਜਿੱਥੇ ਕਾਰ ’ਚ ਸਵਾਰ ਆਏ ਅੱਧਾ ਦਰਜਨ ਲੋਕਾਂ ਨੇ ਉਸ ਦੇ ਲੜਕੇ ’ਤੇ ਹਮਲਾ ਕਰ ਦਿੱਤਾ ਤੇ ਸਿਰ ’ਚ ਗੰਭੀਰ ਸੱਟਾਂ ਲਾ ਦਿੱਤੀਆਂ। ਲਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਿੰਦਰ ਸਿੰਘ ਨੂੰ ਇਲਾਜ ਲਈ ਪੱਟੀ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦੋਂਕਿ ਉਸ ਦੇ ਲੜਕੇ ਨੇ ਹਮਲਾ ਕਰਨ ਵਾਲਿਆਂ ਦੀ ਪਛਾਣ ਸੰਨੀ ਪੁੱਤਰ ਪਰਮਜੀਤ ਸਿੰਘ, ਜੌਨਡੀਅਰਰ ਲਵ ਪੁੱਤਰ ਧੰਨਬੀਰ ਸਿੰਘ, ਗੁਰਭੇਜ ਸਿੰਘ ਭੇਜਾ ਪੁੱਤਰ ਸੁਰਜੀਤ ਸਿੰਘ ਵਾਸੀ ਹਰੀਕੇ, ਬੂਟਾ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਬੁਰਜ ਦੇਵਾ ਸਿੰਘ ਤੇ ਜੁਗਰਾਜ ਸਿੰਘ ਗਾਜੀ ਪੁੱਤਰ ਕਸ਼ਮੀਰ ਸਿੰਘ ਵਜੋਂ ਕੀਤੀ, ਜਦੋਂਕਿ ਹਮਲਾਵਰਾਂ ’ਚ 2 ਅਣਪਛਾਤੇ ਵੀ ਸ਼ਾਮਲ ਸਨ। ਉਨ੍ਹਾਂ ਸ਼ਿਕਾਇਤ ’ਚ ਇਹ ਵੀ ਦੱਸਿਆ ਕਿ ਇਹ ਹਮਲਾ ਜੁਗਰਾਜ ਸਿੰਘ ਗਾਜੀ ਨੇ ਕਰਵਾਇਆ ਹੈ। ਜਾਂਚ ਅਧਿਕਾਰੀ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਵਿਚ ਦੱਸੇ ਲੋਕਾਂ ਨੂੰ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।