ਬੰਦ ਕਮਰਿਆਂ ’ਚ ਅੰਗੀਠੀ ਬਾਲਣ ਤੋਂ ਗੁਰੇਜ਼ ਕੀਤਾ ਜਾਵੇ : ਸਿਵਲ ਸਰਜਨ
ਸਿਹਤ ਵਿਭਾਗ ਨੇ ਵਧੀ ਠੰਡ ਦੇ ਮੱਦੇਨਜ਼ਰ ਕੀਤੀ ਵਿਸ਼ੇਸ਼ ਐਡਵਾਈਜਰੀ ਜਾਰੀ
Publish Date: Fri, 09 Jan 2026 06:14 PM (IST)
Updated Date: Sat, 10 Jan 2026 04:06 AM (IST)

ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ ਸੀਤ ਲਹਿਰ ਅਤੇ ਡਿੱਗ ਰਹੇ ਤਾਪਮਾਨ ਕਾਰਨ ਵੱਧਦੀ ਠੰਡ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਸਿਹਤ ਵਿਭਾਗ ਨੇ ਵਿਸ਼ੇਸ਼ ਸਲਾਹਕਾਰੀ ਜਾਰੀ ਕੀਤੀ ਹੈ। ਜ਼ਿਲ੍ਹਾ ਤਰਨਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਸੀਤ ਲਹਿਰ ਦੇ ਮੌਸਮ ਦੌਰਾਨ ਗਰਮ ਕੱਪੜੇ ਪਾ ਕੇ ਜ਼ਰੂਰ ਰੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਧੀ ਠੰਡ ਦੇ ਮੌਸਮ ਦੌਰਾਨ ਛੋਟੇ ਬੱਚਿਆਂ, ਗਰਭਵਤੀ ਔਰਤਾਂ ਤੇ ਬਜ਼ੁਰਗ ਵਿਅਕਤੀਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਵਧੀ ਠੰਢ ਦੇ ਮੱਦੇਨਜ਼ਰ ਕੁਝ ਵਿਅਕਤੀ ਬੰਦ ਕਮਰਿਆਂ ’ਚ ਹੀਟਰ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਹਵਾ ’ਚੋਂ ਨਮੀਂ ਖਤਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਮਰੇ ’ਚ ਹੀਟਰ ਲਾਇਆ ਜਾਵੇ ਤਾਂ ਉਸ ਕਮਰੇ ਦੇ ਇਕ ਨੁੱਕਰ ’ਚ ਗਿੱਲੇ ਕੱਪੜੇ ਸੁੱਕਣੇ ਪਾ ਦੇਣੇ ਚਾਹੀਦੇ ਹਨ ਜਾਂ ਫਿਰ ਬਾਲਟੀ ’ਚ ਪਾਣੀ ਭਰ ਕੇ ਰੱਖ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਕਮਰੇ ਦੇ ਅੰਦਰ ਹਵਾ ’ਚ ਨਮੀਂ ਬਰਕਰਾਰ ਰਹਿੰਦੀ ਹੈ। ਸਿਵਲ ਸਰਜਨ ਨੇ ਕਿਹਾ ਕਿ ਬਿਜਲੀ ਵਾਲੇ ਗੀਜ਼ਰ ਜਾਂ ਫਿਰ ਗੈਸ ਗੀਜਰਾਂ ਨੂੰ ਬਾਥਰੂਮ ਤੋਂ ਬਾਹਰ ਰੱਖਣਾ ਚਾਹੀਦਾ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਰਦ ਰੁੱਤ ਦੇ ਮੌਸਮ ’ਚ ਲਗਾਤਾਰ ਘੱਟ ਰਹੇ ਤਾਪਮਾਨ ’ਚ ਸਿਹਤ ਪ੍ਰਤੀ ਲਾਪਰਵਾਹੀ ਖਤਰਨਾਕ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸੀਤ ਲਹਿਰ ਦੌਰਾਨ ਆਮ ਤੌਰ ’ਤੇ ਧੂਣੀ, ਚੁੱਲ੍ਹਾ ਤੇ ਅੰਗੀਠੀ ਬਾਲੀ ਜਾਂਦੀ ਹੈ ਤੇ ਕਈ ਵਾਰ ਲੋਕ ਅੰਗੀਠੀ ਨੂੰ ਬਾਲ ਕੇ ਆਪਣੇ ਬੰਦ ਕਮਰਿਆਂ ਚ ਰੱਖ ਲੈਂਦੇ ਹਨ, ਜੋ ਕਿ ਬਹੁਤ ਹੀ ਖਤਰਨਾਕ ਤੇ ਜਾਨਲੇਵਾ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਕਸਰ ਹੀ ਰਾਤ ਸਮੇਂ ਬੰਦ ਕਮਰੇ ’ਚ ਅੰਗੀਠੀ ਬਾਲਣ ਕਾਰਨ ਆਕਸੀਜਨ ਖ਼ਤਮ ਹੋ ਜਾਂਦੀ ਹੈ ਤੇ ਕਾਰਬਨ ਮਾਨੋਅਕਸਾਈਡ ਵਰਗੀ ਜ਼ਹਿਰੀਲੀ ਗੈਸ ਨਿਕਲਦੀ ਹੈ, ਜੋ ਕਿ ਜਾਨੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕੋਲੇ ਜਾਂ ਫਿਰ ਅੰਗੀਠੀ ਬਾਲਦਾ ਹੈ ਤਾਂ ਉਸ ਨੂੰ ਬੰਦ ਕਮਰੇ ’ਚ ਰੱਖਣ ਤੋਂ ਪੂਰੀ ਤਰ੍ਹਾਂ ਗੁਰੇਜ ਕੀਤਾ ਜਾਵੇ। ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਸਿਹਤ ਵਿਭਾਗ ਦੇ ਕਰਮੀਆਂ ਵਲੋਂ ਵਧੀ ਠੰਢ ਦੇ ਮੱਦੇਨਜ਼ਰ ਨਰੋਈ ਸਿਹਤ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਠੰਢ ਕਾਰਨ ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਸਿਹਤ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਖੇ ਆ ਕੇ ਆਪਣੀ ਸਿਹਤ ਜਾਂਚ ਤੇ ਇਲਾਜ ਕਰਵਾਏ।