ਆਤਿਸ਼ੀ ਦੀ ਗੁਰੂ ਸਾਹਿਬ ਬਾਰੇ ਟਿੱਪਣੀ ਨਿੰਦਣਯੋਗ: ਔਲਖ
’ਆਪ’ ਆਗੂ ਆਤਿਸ਼ੀ ਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਟਿੱਪਣੀ ਨਿੰਦਣਯੋਗ: ਔਲਖ
Publish Date: Fri, 09 Jan 2026 05:55 PM (IST)
Updated Date: Sat, 10 Jan 2026 04:03 AM (IST)

ਆਮ ਆਦਮੀ ਦੀ ਸਿੱਖ ਭਾਵਨਾਵਾਂ ਨਾਲ਼ ਖੇਡਣ ਵਾਲੀ ਘਟੀਆ ਸੋਚ ਬੇਨਕਾਬ ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਮੀਤ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਔਲਖ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਕੀਤੀ ਟਿੱਪਣੀ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਇਸ ਨੂੰ ’ਆਪ’ ਆਗੂਆਂ ਦੀ ਘਟੀਆ ਤੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਾਰ ਦਿੱਤਾ। ਔਲਖ ਨੇ ਕਿਹਾ ਕਿ ਆਤਿਸ਼ੀ ਵੱਲੋਂ ਦਿੱਤਾ ਗਿਆ ਬਿਆਨ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲਾ ਹੈ, ਜਿਸ ਨੂੰ ਸਿੱਖ ਸਮਾਜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਯਾਦ ਦਿਵਾਇਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਦੀ ਧਰਤੀ ’ਤੇ ਧਰਮ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਅਦੁੱਤੀ ਸ਼ਹਾਦਤ ਦਿੱਤੀ ਪਰ ਅੱਜ ਉਸੇ ਦਿੱਲੀ ਦੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਆਗੂ ਵੱਲੋਂ ਗੁਰੂ ਸਾਹਿਬ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਰਤਣਾ ਬੇਹੱਦ ਮੰਦਭਾਗਾ ਹੈ। ਜਥੇਦਾਰ ਔਲਖ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਦੀ ਮੈਂਬਰਸ਼ਿਪ ਤੁਰੰਤ ਰੱਦ ਕੀਤੀ ਜਾਵੇ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿੱਖ ਪੰਥ ਦੇ ਸਰਬਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਦਿੱਲੀ ਤੋਂ ’ਆਪ’ ਆਗੂ ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨ ਬਾਰੇ ਗ਼ਲਤ ਤੇ ਅਪਮਾਨਜਨਕ ਬਿਆਨਬਾਜ਼ੀ ਕਰ ਰਹੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਸਿਰਫ਼ ਵੋਟਾਂ ਦੀ ਖਾਤਰ ਧਾਰਮਿਕ ਭਾਵਨਾਵਾਂ ਨਾਲ਼ ਖੁੱਲ੍ਹੇਆਮ ਖੇਡ ਰਹੀ ਹੈ।