10 ਜਨਵਰੀ ਦੀ ਮੋਗਾ ਕਨਵੈਨਸ਼ਨ ਦੀ ਤਿਆਰੀ ਮੁਕੰਮਲ
10 ਜਨਵਰੀ ਦੀ ਮੋਗਾ ਕਨਵੈਨਸ਼ਨ ਦੀ ਤਿਆਰੀ ਮੁਕੰਮਲ
Publish Date: Fri, 09 Jan 2026 05:46 PM (IST)
Updated Date: Sat, 10 Jan 2026 04:03 AM (IST)

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀਆਂ ਜ਼ਿਲ੍ਹਾ ਆਗੂ ਟੀਮਾਂ ਕਰਨਗੀਆਂ ਸ਼ਮੂਲੀਅਤ ਪੁਰਾਣੇ ਸਕੇਲ ਪੈਨਸ਼ਨ ਤੇ ਭੱਤੇ ਬਹਾਲੀ ਮੋਰਚੇ ਦੀ ਅਗਵਾਈ ’ਚ ਹੋਵੇਗੀ ਕਨਵੈਨਸ਼ਨ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ ਪੰਜਾਬ ਦੀਆਂ ਵੱਖ-ਵੱਖ ਸੰਘਰਸ਼ੀ ਜਥੇਬੰਦੀਆਂ ਵੱਲੋਂ ਪ੍ਰਮੁੱਖ ਵਿੱਤੀ ਮੰਗਾਂ ਨੂੰ ਲੈ ਕੇ ਗਠਿਤ ਪੁਰਾਣੇ ਸਕੇਲ, ਪੈਨਸ਼ਨ ਤੇ ਭੱਤੇ ਬਹਾਲੀ ਮੋਰਚਾ ਦੇ ਬੈਨਰ ਹੇਠ 10 ਜਨਵਰੀ ਨੂੰ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਹਾਲ ਮੋਗਾ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਦੀਆਂ ਜਥੇਬੰਦਕ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਾਂਝੇ ਮੋਰਚੇ ਦਾ ਅਹਿਮ ਅੰਗ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੀਪੀਪੀਐੱਫ ਵੱਲੋਂ ਸੂਬਾਈ ਕਨਵੈਨਸ਼ਨ ’ਚ ਸਰਗਰਮ ਕਾਰਕੁੰਨਾਂ ਤੇ ਜ਼ਿਲ੍ਹਾ ਆਗੂਆਂ ਦੀ ਸ਼ਮੂਲੀਅਤ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਕਨਵੀਨਰ ਕੰਵਰਦੀਪ ਸਿੰਘ ਢਿੱਲੋਂ ਤੇ ਜ਼ਿਲ੍ਹਾ ਕਮੇਟੀ ਆਗੂ ਸਰਬਜੀਤ ਸਿੰਘ ਖਾਲੜਾ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਦੀ ਆਗੂ ਟੀਮ ਵੱਲੋਂ ਮੋਗਾ ਕਨਵੈਨਸ਼ਨ ’ਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਰਾਣੇ ਸਕੇਲ, ਪੈਨਸ਼ਨ ਤੇ ਭੱਤੇ ਬਹਾਲੀ ਮੋਰਚੇ ਵਲੋਂ ਮੋਗਾ ਕਨਵੈਨਸ਼ਨ ’ਚ ਮੁਲਾਜ਼ਮਾਂ ਨਾਲ ਸਬੰਧਤ ਪ੍ਰਮੁੱਖ ਵਿੱਤੀ ਮੰਗਾਂ ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਲਾਗੂ ਕਰਨ ਤੇ ਪੇਂਡੂ ਤੇ ਬਾਰਡਰ ਏਰੀਆ ਭੱਤਾ ਸਮੇਤ ਕੱਟੇ ਗਏ 37 ਕਿਸਮ ਦੇ ਭੱਤੇ, ਏਸੀਪੀ ਤੇ ਪੈਂਡਿੰਗ 16 ਫ਼ੀਸਦੀ ਡੀਏ ’ਤੇ ਚਰਚਾ ਕੀਤੀ ਜਾਵੇਗੀ ਤੇ ਇਸ ਉਪਰੰਤ ਮੋਗਾ ਸ਼ਹਿਰ ’ਚ ਸੰਕੇਤਕ ਰੋਸ ਮਾਰਚ ਕੀਤਾ ਜਾਵੇਗਾ। ਉਨ੍ਹਾਂ ਰੋਸ ਜ਼ਾਹਰ ਕੀਤਾ ਕਿ ’ਆਪ’ ਸਰਕਾਰ ਆਪਣੇ 4 ਸਾਲ ਦੇ ਕਾਰਜਕਾਲ ’ਚ ਮੁਲਾਜ਼ਮਾਂ ਦੇ ਵਿੱਤੀ ਮਸਲਿਆਂ ਨੂੰ ਹੱਲ ਕਰਨ ’ਚ ਨਾਕਾਮ ਸਾਬਤ ਹੋਈ ਹੈ। ਖ਼ਜ਼ਾਨੇ ਦੀ ਵਿੱਤੀ ਹਾਲਤ ਨੂੰ ਸੁਧਾਰਨ ਦੇ ਦਮਗਜ਼ੇ ਮਾਰਨ ਵਾਲੀ ’ਆਪ’ ਸਰਕਾਰ ਹੁਣ ਸੂਬੇ ਦੇ ਵਿੱਤੀ ਸੰਕਟ ਦਾ ਵੱਡਾ ਭਾਰ ਮੁਲਾਜ਼ਮਾਂ ’ਤੇ ਸੁੱਟ ਕੇ ਆਪਣੇ ਚੋਣ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ, ਜਿਸ ਖਿਲਾਫ਼ ਵੱਡੀ ਸੰਘਰਸ਼ੀ ਚੁਣੌਤੀ ਦੇਣ ਲਈ ਮੋਗਾ ਕਨਵੈਨਸ਼ਨ ਅਹਿਮ ਪੜਾਅ ਸਾਬਤ ਹੋਵੇਗੀ। ਮੋਰਚੇ ਵਲੋਂ ਕਨਵੈਨਸ਼ਨ ’ਚੋਂ ਅਗਲੇ ਸੂਬਾ ਪੱਧਰੀ ਐਕਸ਼ਨ ਦਾ ਐਲਾਨ ਵੀ ਕੀਤਾ ਜਾਵੇਗਾ। ਇਸ ਮੌਕੇ ਡੀਟੀਐੱਫ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਠੱਠਗੜ੍ਹ, ਜਨਰਲ ਸਕੱਤਰ ਅਮਰਦੀਪ ਸ਼ਰਮਾ, ਵਿੱਤ ਸਕੱਤਰ ਭੁਪਿੰਦਰ ਸਿੰਘ ਨਾਗੀ, ਪ੍ਰੈੱਸ ਸਕੱਤਰ ਪ੍ਰਿੰਸਦੀਪ ਸਿੰਘ, ਜਸਕੀਰਤ ਸਿੰਘ, ਸਰਬਜੀਤ ਸਿੰਘ, ਬਲਰਾਜ ਸਿੰਘ, ਹਰਸਿਮਰਤ ਕੌਰ, ਇੰਦਰਬੀਰ ਸਿੰਘ ਲਾਡੀ, ਗੁਰਪ੍ਰੀਤ ਪਾਲ, ਬਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ ਤੇ ਹੋਰ ਆਗੂ ਹਾਜ਼ਰ ਰਹੇ।