ਲੁਟੇਰੇ ਰਾਹਗੀਰ ਕੋਲੋਂ ਮੋਬਾਈਲ ਫੋਨ ਖੋਹ ਕੇ ਫ਼ਰਾਰ
ਨਕਾਬਪੋਸ਼ ਲੁਟੇਰੇ ਰਾਹਗੀਰ ਕੋਲੋਂ ਮੋਬਾਈਲ ਫੋਨ ਖੋਹ ਕੇ ਫ਼ਰਾਰ
Publish Date: Fri, 09 Jan 2026 05:42 PM (IST)
Updated Date: Sat, 10 Jan 2026 04:03 AM (IST)

ਪੁਲਿਸ ਨੇ ਦਰਖ਼ਾਸਤ ਲੈਣ ਤੋਂ ਕੀਤਾ ਇਨਕਾਰ ਰਾਜਨ ਚੋਪੜਾ, •ਪੰਜਾਬੀ ਜਾਗਰਣ, ਭਿੱਖੀਵਿੰਡ ਭਿੱਖੀਵਿੰਡ ਸ਼ਹਿਰ ਅੰਦਰ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਤਾਜ਼ਾ ਮਾਮਲਾ ਭਿੱਖੀਵਿੰਡ ਦੇ ਪਹੁਵਿੰਡ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਬਿਨਾਂ ਨੰਬਰ ਦੀ ਐਕਟਿਵਾ ’ਤੇ ਸਵਾਰ ਦੋ ਨਕਾਬਪੋਸ਼ ਲੁਟੇਰੇ ਹਥਿਆਰਾਂ ਦੀ ਨੋਕ ’ਤੇ ਭਿੱਖੀਵਿੰਡ ਦੇ ਵਸਨੀਕ ਇਕ ਵਿਅਕਤੀ ਪਾਸੋਂ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਹਾਲਾਂਕਿ ਆਪਣੇ ਨਾਲ ਹੋਈ ਲੁੱਟ-ਖੋਹ ਸਬੰਧੀ ਦਰਖਾਸਤ ਦੇਣ ਗਏ ਉਕਤ ਵਿਅਕਤੀ ਪਾਸੋਂ ਭਿੱਖੀਵਿੰਡ ਪੁਲਿਸ ਨੇ ਦਰਖਾਸਤ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੰਤ ਰਾਏ ਪੁੱਤਰ ਪ੍ਰਕਾਸ਼ ਚੰਦ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਕਰੀਬ 7 ਵਜੇ ਆਪਣੇ ਕਿਸੇ ਨਿੱਜੀ ਕੰਮ ਲਈ ਪਹੁਵਿੰਡ ਰੋਡ ਤੋਂ ਖਾਲੜੇ ਰੋਡ ਦੇ ਬੱਸ ਅੱਡੇ ਨੂੰ ਜਾਣ ਵਾਲੀ ਗਲੀ ’ਚ ਜਾ ਰਿਹਾ ਸੀ। ਇਸ ਦੌਰਾਨ ਐਕਟਿਵਾ ’ਤੇ ਆਏ ਦੋ ਨਕਾਬਪੋਸ਼ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਉਸ ਪਾਸੋਂ ਮੋਬਾਈਲ ਫੋਨ ਖੋਹ ਲਿਆ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਰਾਏ ਨੇ ਦੱਸਿਆ ਕਿ ਜਦੋਂ ਉਹ ਇਸ ਮਾਮਲੇ ਸਬੰਧੀ ਦਰਖਾਸਤ ਦੇਣ ਲਈ ਥਾਣਾ ਭਿੱਖੀਵਿੰਡ ਵਿਖੇ ਪੁੱਜੇ ਤਾਂ ਉਸ ਵਕਤ ਡਿਊਟੀ ’ਤੇ ਹਾਜ਼ਰ ਮੁਲਾਜ਼ਮਾਂ ਨੇ ਉਸ ਦੀ ਦਰਖਾਸਤ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਗੁਆਚੇ ਹੋਏ ਮੋਬਾਈਲ ਫੋਨ ਦੀ ਦਰਖਾਸਤ ਸਾਂਝ ਕੇਂਦਰ ’ਚ ਦੇਣ। ਜਸਵੰਤ ਰਾਏ ਨੇ ਕਿਹਾ ਕਿ ਜਦੋਂ ਉਸ ਨਾਲ ਲੁੱਟ ਹੋਈ ਹੈ ਤਾਂ ਪੁਲਿਸ ਵੱਲੋਂ ਇਸ ਦਰਖਾਸਤ ਨੂੰ ਲੈਣ ਦੀ ਬਜਾਏ ਉਸ ਨੂੰ ਗੁਆਚੇ ਹੋਏ ਫੋਨ ਦੀ ਦਰਖਾਸਤ ਦੇਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਿੱਖੀਵਿੰਡ ’ਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਲੁਟੇਰੇ ਸ਼ਰੇਆਮ ਹੀ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ ਪਰ ਭਿੱਖੀਵਿੰਡ ਦੀ ਪੁਲਿਸ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਬਜਾਏ ਉਨ੍ਹਾਂ ਦਾ ਮਜ਼ਾਕ ਬਣਾ ਰਹੀ ਹੈ। ਰਾਏ ਨੇ ਜ਼ਿਲ੍ਹੇ ਦੇ ਐੱਸਐੱਸਪੀ ਪਾਸੋਂ ਇਸ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਕਰ ਕੇ ਉਸ ਦੀ ਦਰਖਾਸਤ ਨਾ ਲੈਣ ਵਾਲੇ ਮੁਲਾਜ਼ਮਾਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਨਰੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਇਸ ਦੀ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ।