'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਅਧਿਆਪਕਾਂ ਨੂੰ ਦਿੱਤੀ ਵਿਸ਼ੇਸ਼ ਸਿਖਲਾਈ
ਤਰਨਤਾਰਨ ਦੇ ਸਕੂਲਾਂ ਵਿਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ
Publish Date: Fri, 09 Jan 2026 05:25 PM (IST)
Updated Date: Sat, 10 Jan 2026 04:03 AM (IST)

ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹੇ ਦੇ 2 ਪ੍ਰਮੁੱਖ ਸਕੂਲਾਂ ’ਚ ਯੁੱਧ ਨਸ਼ਿਆਂ ਵਿਰੁੱਧ ਵਿਸ਼ੇ ’ਤੇ ਜ਼ਿਲ੍ਹਾ ਪੱਧਰੀ ਵਿਸ਼ੇਸ਼ ਸਿਖਲਾਈ ਦਾ ਆਯੋਜਨ ਕੀਤਾ ਗਿਆ। ਇਹ ਸਿਖਲਾਈ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਤੇ ਸਕੂਲ ਆਫ਼ ਐਮੀਨੈਂਸ ਖਡੂਰ ਸਾਹਿਬ ਵਿਖੇ ਕਰਵਾਈ ਗਈ। ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਦੀ ਪ੍ਰਧਾਨਗੀ ਪ੍ਰਿੰਸੀਪਲ ਰਵਿੰਦਰ ਕੌਰ ਆਹਲੂਵਾਲੀਆ ਤੇ ਪ੍ਰਿੰਸੀਪਲ ਗੁਰਦੀਪ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਰਿਸੋਰਸ ਪਰਸਨ ਸੂਰੀਆ, ਮਾਨਸੀ ਸ਼ੁਕਲਾ, ਮਿਹਰ ਸਹਿਗਲ, ਦੀਕਸ਼ਾ ਤੇ ਰੰਗਤ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ’ਚੋਂ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਪੂਰੀ ਸੁਹਿਰਦਤਾ ਨਾਲ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ’ਚ ਅਧਿਆਪਕ ਵਰਗ ਵਿਸ਼ੇਸ਼ ਰੋਲ ਨਿਭਾਅ ਸਕਦਾ ਹੈ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਸਕੂਲਾਂ ’ਚ ਪੜ੍ਹਾਈ ਦੇ ਨਾਲ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਵੀ ਜਾਣੂ ਕਰਵਾਉਣ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕੋਹੜ ਨੂੰ ਰੋਕ ਕੇ ਅਸੀਂ ਤੰਦਰੁਸਤ ਤੇ ਸੱਭਿਅਕ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਇਸ ਮੌਕੇ ਉਨ੍ਹਾਂ ਪਹਿਲੀ ਸਟੇਜ ਉਪਰ ਨਸ਼ਿਆਂ ਦੇ ਸ਼ਿਕਾਰ ਹੋਣ ਵਾਲੇ ਨੌਜਵਾਨਾਂ ਦੀਆਂ ਆਦਤਾਂ ਤੇ ਲੱਛਣਾਂ ਬਾਰੇ ਵਿਸਥਾਰ ’ਚ ਦੱਸਿਆ ਤਾਂ ਜੋ ਅਜਿਹੇ ਨੌਜਵਾਨਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਸਮੇਂ ਸਿਰ ਨਸ਼ਿਆਂ ਦੀ ਦਲਦਲ ’ਚ ਪੈਣ ਤੋਂ ਬਚਾਇਆ ਜਾ ਸਕੇ। ਸੈਮੀਨਾਰ ਦੌਰਾਨ ਸਕੂਲ ਸਟਾਫ਼ ਤੇ ਪ੍ਰਬੰਧਕੀ ਮੈਂਬਰਾਂ ਨੇ ਆਪਣਾ ਭਰਪੂਰ ਸਹਿਯੋਗ ਦਿੱਤਾ। ਪ੍ਰਿੰਸੀਪਲ ਰਵਿੰਦਰ ਕੌਰ ਆਹਲੂਵਾਲੀਆ ਨੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਉਹ ਅੱਗੇ ਵਿਦਿਆਰਥੀਆਂ ਤੇ ਸਮਾਜ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰ ਸਕਣ। ਇਸ ਮੌਕੇ ਮਨਜਿੰਦਰ ਸਿੰਘ ਲੈਕਚਰਾਰ ਬਾਇਓਲੋਜੀ, ਹਰਮਨ ਕੌਰ ਨੋਡਲ ਇੰਚਾਰਜ, ਬਲਦੇਵ ਸਿੰਘ ਸਾਇੰਸ ਮਾਸਟਰ, ਸਿਮਰਨਜੀਤ ਕੌਰ ਡੀਪੀਈ, ਨਿਸ਼ਾਨ ਸਿੰਘ ਕਲਰਕ, ਪ੍ਰਭਜੀਤ ਕੌਰ ਤੇ ਰਾਜਦੀਪ ਕੌਰ ਕੰਪਿਊਟਰ ਫੈਕਲਟੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।