ਲੋਹੜੀ ਤੋਂ ਪਹਿਲਾਂ ਹੀ ਚਾਈਨਾ ਡੋਰ ਨਾਲ ਵਾਪਰਨ ਲੱਗੇ ਹਾਦਸਿਆਂ ਵਧਾਈ ਚਿੰਤਾ
ਲੋਹੜੀ ਤੋਂ ਪਹਿਲਾਂ ਹੀ ਚਾਈਨਾ ਡੋਰ ਨਾਲ ਵਾਪਰਣ ਲੱਗੇ ਹਾਦਸਿਆਂ ਵਧਾਈ ਚਿੰਤਾ
Publish Date: Thu, 08 Jan 2026 07:47 PM (IST)
Updated Date: Fri, 09 Jan 2026 04:09 AM (IST)

ਆਏ ਦਿਨ ਸ਼ੋਸ਼ਲ ਮੀਡੀਆ ’ਤੇ ਆ ਰਹੀਆਂ ਹਨ ਜ਼ਖ਼ਮੀ ਲੋਕਾਂ ਦੀਆਂ ਤਸਵੀਰਾਂ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ ਜਿਵੇਂ ਜਿਵੇਂ ਲੋਹੜੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ, ਉਵੇਂ ਹੀ ਪਤੰਗਬਾਜ਼ੀ ਦੇ ਸ਼ੌਕੀਨ ਡੋਰ ਤੇ ਪਤੰਗਾਂ ਦੀ ਖਰੀਦਦਾਰੀ ਕਰਨ ’ਚ ਸਰਗਰਮ ਹੋ ਗਏ ਹਨ। ਇਸੇ ਦੌਰਾਨ ਪਲਾਸਟਿਕ ਦੀ ਡੋਰ ਦੀ ਵਿਕਰੀ ਵੀ ਜ਼ੋਰਾਂ ’ਤੇ ਹੋ ਗਈ ਹੈ। ਬੇਸ਼ੱਕ ਇਸ ਡੋਰ ਨੂੰ ਖਰੀਦਣ ਤੇ ਵੇਚਣ ਉੱਪਰ ਪੂਰਨ ਤੌਰ ’ਤੇ ਪਬੰਦੀ ਹੈ ਪਰ ਫਿਰ ਵੀ ਕੁਝ ਦੁਕਾਨਦਾਰ ਮੁਨਾਫ਼ਾ ਲੈਣ ਲਈ ਇਸ ਡੋਰ ਨੂੰ ਵੇਚਣ ’ਚ ਲੱਗੇ ਹਨ। ਹਾਲਾਂਕਿ ਸਰਦ ਰੁੱਤ ਦੇ ਸ਼ੁਰੂ ਹੋਣ ਦੇ ਨਾਲ ਹੀ ਪਤੰਗਬਾਜ਼ੀ ਵੀ ਸ਼ੁਰੂ ਹੋ ਗਈ ਹੈ ਤੇ ਡਰੈਗਨ ਡੋਰ ਦੇ ਨਾਂ ਨਾਲ ਜਾਣੀ ਜਾਂਦੀ ਚਾਈਨਾ ਡੋਰ ਨਾਲ ਹਾਦਸੇ ਵਾਪਰਣਨ ਦੀਆਂ ਘਟਨਾਵਾਂ ਵੀ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਲੱਗੀਆਂ ਹਨ, ਜੋ ਗਹਿਰੀ ਚਿੰਤਾ ਦਾ ਵਿਸ਼ਾ ਹੈ। ਸੂਤਰਾਂ ਦੀ ਮੰਨੀਏ ਤਾਂ ਪਹਿਲਾਂ ਇਸ ਡੋਰ ਦੀ ਵਿਕਰੀ ਸ਼ਹਿਰ ’ਚ ਹੀ ਹੁੰਦੀ ਸੀ ਪਰ ਹੁਣ ਇਸ ਪਿੰਡਾਂ ’ਚ ਵੀ ਡੋਰ ਦੇ ਗੱਟੂ ਮਿਲ ਰਹੇ ਹਨ ਤੇ ਪਾਬੰਦੀ ਦੇ ਚੱਲਦਿਆਂ ਇਹ ਮਹਿੰਗੇ ਵੇਚੇ ਜਾ ਰਹੇ ਹਨ। ਬਾਕਸ- ਪਤੰਗਬਾਜ਼ ਪਲਾਸਟਿਕ ਡੋਰ ਦੀ ਵਰਤੋਂ ਤੋਂ ਕਰਨ ਗੁਰੇਜ਼ : ਗੁਰਭੇਜ ਸਿੰਘ ਅਮਨਦੀਪ ਵੈੱਲਫੇਅਰ ਸੁਸਾਇਟੀ ਦੇ ਆਗੂ ਗੁਰਭੇਜ ਸਿੰਘ ਨੇ ਕਿਹਾ ਕਿ ਪਲਾਸਟਿਕ ਦੀ ਡੋਰ ਬਾਰੇ ਪਿਛਲੇ ਸਾਲ ਵੀ ਵੱਡੀ ਪੱਧਰ ’ਤੇ ਬੱਚਿਆਂ ਤੇ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਗਿਆ ਸੀ। ਇਸ ਲਈ ਹੁਣ ਵੀ ਇਸ ਦੀ ਜਗ੍ਹਾ ਧਾਗਾ ਡੋਰ ਦੀ ਵਰਤੋਂ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਤੰਗਬਾਜ਼ ਆਪਣਾ ਫਰਜ਼ ਸਮਝਦੇ ਹੋਏ ਇਸ ਦੀ ਵਰਤੋਂ ਤੋਂ ਗੁਰੇਜ਼ ਕਰਨ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਪ੍ਰਸ਼ਾਸਨ ਸਖਤ ਕਦਮ ਚੁੱਕੇ ਤਾਂ ਜੋ ਇਸ ਘਾਤਕ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਖਤਮ ਕੀਤਾ ਜਾ ਸਕੇ। ਬਾਕਸ- ਕਾਨੂੰਨ ਮੁਤਾਬਿਕ ਮਿਲੇ ਮਿਸਾਲੀ ਸਜ਼ਾ : ਠੁਕਰਾਲ ਐਡਵੋਕੇਟ ਮਨਮੋਹਨ ਸਿੰਘ ਠੁਕਰਾਲ ਦਾ ਕਹਿਣਾ ਹੈ ਕਿ ਪਲਾਸਟਿਕ ਦੀ ਡੋਰ ਵੇਚਣ ਜਾਂ ਵਰਤਣ ਵਾਲੇ ਵਿਰੁੱਧ ਪਾਬੰਦੀ ਦੀ ਉਲੰਘਣਾ ਕਰਨ ਵਾਲੀਆਂ ਧਾਰਾਵਾਂ ਤੋਂ ਇਲਾਵਾ ਵਾਤਾਵਰਣ ਸੁਰੱਖਿਆ ਐਕਟ ਦੀ ਧਾਰਾ ਤਹਿਤ ਕੇਸ ਦਰਜ ਕਰਨ ਦਾ ਰਾਹ ਖੁੱਲ੍ਹਾ ਹੈ, ਜਿਸ ਤਹਿਤ ਜੁਰਮਾਨਾ ਤੇ ਕੈਦ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਡੋਰ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ, ਜਿੱਥੇ ਲੋੜ ਹੈ। ਉਥੇ ਹੀ ਡੋਰ ਦੀ ਵਰਤੋਂ ਬੱਚੇ ਨਾ ਕਰਨ। ਇਸ ਲਈ ਉਨ੍ਹਾਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਜਾਗਰੂਕ ਕਰਨ। ਬਾਕਸ- ਹਰ ਸਾਲ ਹਾਦਸਿਆਂ ਦੀਆਂ ਘਟਨਾਵਾਂ ਆਉਂਦੀਆਂ ਹਨ ਸਾਹਮਣੇ : ਡਾ. ਲੋਹੁਕਾ ਸਮਾਜ-ਸੇਵੀ ਡਾ. ਸੁਖਦੇਵ ਸਿੰਘ ਲੋਹੁਕਾ ਦਾ ਕਹਿਣਾ ਹੈ ਕਿ ਹਰ ਸਾਲ ਹੀ ਪਲਾਸਟਿਕ ਦੀ ਡੋਰ ਨਾਲ ਅਨੇਕਾਂ ਹਾਦਸੇ ਵਾਪਰਦੇ ਹਨ ਤੇ ਕਈ ਜਾਨਾਂ ਵੀ ਚਲੀਆਂ ਜਾਂਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਪਤੰਗਬਾਜ਼ੀ ਦੇ ਸ਼ੌਕੀਨ ਇਸ ਡੋਰ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਹਰ ਸਾਲ ਹੀ ਸੋਸ਼ਲ ਮੀਡੀਆ ’ਤੇ ਡੋਰ ਨਾਲ ਵਾਪਰਨ ਵਾਲੇ ਹਾਦਸਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਹਨ, ਜਿਸ ਨੂੰ ਵੇਖ ਕੇ ਦਿਲ ਦਹਿਲ ਜਾਂਦਾ ਹੈ, ਜਿਨ੍ਹਾਂ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ। ਬਾਕਸ- ਮਾਪੇ ਆਪਣੇ ਬੱਚਿਆਂ ਨੂੰ ਨਾ ਵਰਤਣ ਦਿਓ ਪਲਾਸਟਿਕ ਡੋਰ : ਧਾਮੀ ਸਿਟੀਜ਼ਨ ਕੌਂਸਲਰ ਤਰਨਤਾਰਨ ਦੇ ਪ੍ਰਧਾਨ ਤੇ ਉੱਘੇ ਸਮਾਜ-ਸੇਵੀ ਸੁਖਵੰਤ ਸਿੰਘ ਧਾਮੀ ਨੇ ਕਿਹਾ ਕਿ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਦੀ ਡੋਰ ਦੀ ਵਰਤੋਂ ਕਰਨ ਤੋਂ ਬੱਚਿਆਂ ਨੂੰ ਵਰਜਣ, ਕਿਉਂਕਿ ਪਤੰਗ ਉਡਾਉਣ ਵਾਲਾ ਬੱਚਾ ਵੀ ਇਸ ਦੀ ਲਪੇਟ ’ਚ ਆ ਕੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਇਹ ਡੋਰ ਮਨੁੱਖਾਂ ਲਈ ਖਤਰਨਾਕ ਤਾਂ ਹੈ ਹੀ ਨਾਲ ਹੀ ਪੰਛੀਆਂ ਦਾ ਵੀ ਵੱਡਾ ਨੁਕਸਾਨ ਕਰਦੀ ਹੈ। ਇਸ ਤੋਂ ਜਾਗਰੂਕ ਰਹਿਣ ਦੀ ਲੋੜ ਹੈ ਤਾਂ ਕਿ ਕਿਸੇ ਦਾ ਵੀ ਨੁਕਸਾਨ ਨਾ ਹੋ ਸਕੇ। ਉਨ੍ਹਾਂ ਕਿਹਾ ਕੇ ਹਰ ਸਾਲ ਬੇਕਸੂਰ ਲੋਕ ਇਸ ਦੀ ਦਾ ਸ਼ਿਕਾਰ ਹੋ ਰਹੇ ਹਨ। ਬਾਕਸ- ਡੀਸੀ ਨੇ ਚਾਈਨਾ ਡੋਰ ਦੀ ਵਰਤੋਂ ਰੋਕਣ ਲਈ ਜ਼ਿਲ੍ਹਾ ਵਾਸੀਆਂ ਦਾ ਸਹਿਯੋਗ ਮੰਗਿਆ ਡਿਪਟੀ ਕਮਿਸ਼ਨਰ ਰਾਹੁਲ ਨੇ ਜ਼ਿਲ੍ਹਾ ਵਾਸੀਆਂ ਕੋਲੋਂ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪਤੰਗਬਾਜ਼ੀ ਦੌਰਾਨ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਸਮਝਾਉਣਾ ਚਾਹੀਦਾ ਹੈ ਤਾਂ ਜੋ ਇਸ ਮਾੜੇ ਰੁਝਾਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਇਸ ਸਬੰਧੀ ਵਿਸ਼ੇਸ਼ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਪਲਾਸਟਿਕ/ਸੰਥੈਟਿਕ ਡੋਰ ਦੀ ਵਿਕਰੀ ਜਾਂ ਵਰਤੋਂ ਕਰੇਗਾ ਉਸ ਖਿਲਾਫ ਸਖਤ ਧਾਰਾ 188 ਤਹਿਤ ਕਾਨੂੰਨੀ ਕਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਪਾਬੰਦੀਸ਼ੁਦਾ ਸਿੰਥੈਟਿਕ ਡੋਰ ਨੂੰ ਵੇਚਣ ਤੇ ਵਰਤੋਂ ਕਰਨ ਵਾਲੇ ਵਿਅਕਤੀਆਂ ਨੂੰ ਤਾੜਨਾ ਕੀਤੀ ਕਿ ਉਹ ਮਨੁੱਖੀ ਜਾਨਾਂ ਨਾਲ ਖੇਡਣ ਵਾਲੇ ਇਸ ਧੰਦੇ ਨੂੰ ਤੁਰੰਤ ਬੰਦ ਕਰ ਦੇਣ ਨਹੀਂ ਤਾਂ ਪ੍ਰਸ਼ਾਸਨ ਵੱਲੋਂ ਉਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।