ਏਟਕ ਜਥੇਬੰਦੀ ਨੇ ਨਵੇਂ ਸਾਲ ਦਾ ਕੈਲੰਡਰ ਤੇ ਡਾਇਰੀ ਕੀਤੀ ਰਿਲੀਜ਼
ਬਿਜਲੀ ਕਾਮਿਆਂ ਦੀ ਏਟਕ ਜਥੇਬੰਦੀ ਨੇ ਨਵੇਂ ਸਾਲ ਦਾ ਕੈਲੰਡਰ ਤੇ ਡਾਇਰੀ ਰਲੀਜ਼ ਕੀਤੀ
Publish Date: Thu, 08 Jan 2026 06:18 PM (IST)
Updated Date: Fri, 09 Jan 2026 04:07 AM (IST)

ਪਾਵਰ ਮੈਨੇਜਮੈਂਟ ਖਿਲਾਫ਼ ਚੱਲ ਰਹੇ ਸੰਘਰਸ਼ ’ਚ ਵੱਧ ਚੜ੍ਹ ਕੇ ਹਿੱਸਾ ਲਵੋ : ਗੰਡੀਵਿੰਡ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀਐੱਸਈਬੀ ਇੰਪਲਾਈਜ਼ ਫੈੱਡਰੇਸ਼ਨ ਏਟਕ ਪੰਜਾਬ ਨੇ ਹਰੇਕ ਸਾਲ ਦੀ ਤਰ੍ਹਾਂ ਅੱਜ ਸਥਾਨਕ 132 ਕੇਵੀ ਬਿਜਲੀ ਘਰ ਵਿਖੇ ਨਵੇਂ ਸਾਲ 2026 ਦਾ ਕੈਲੰਡਰ ਤੇ ਡਾਇਰੀ ਰਿਲੀਜ਼ ਕੀਤੀ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਸਰਕਲ ਸਕੱਤਰ ਪੂਰਨ ਦਾਸ, ਐੱਸਐੱਸਈ ਇੰਜੀਨੀਅਰ ਸੁਰਜੀਤ ਸਿੰਘ, ਏਏਈ ਇੰਜੀਨੀਅਰ ਗੁਰਜਿੰਦਰ ਸਿੰਘ, ਇੰਜੀਨੀਅਰ ਗੁਰਪ੍ਰੀਤ ਸਿੰਘ ਜੇਈ, ਸੰਦੀਪ ਸਿੰਘ, ਸੰਗਮ ਥਿੰਦ, ਦਵਿੰਦਰ ਸਿੰਘ ਫੌਜੀ, ਬਲਜੀਤ ਕੌਰ ਆਦਿ ਸ਼ਾਮਲ ਹੋਏ। ਇਸ ਮੌਕੇ ਹਾਜ਼ਰੀਨ ਨਾਲ ਗੱਲ ਕਰਦੇ ਹੋਏ ਗੰਡੀਵਿੰਡ ਨੇ ਕਿਹਾ ਕਿ ਜੁਆਇੰਟ ਫੌਰਮ, ਏਕਤਾ ਮੰਚ ਤੇ ਸਹਿਯੋਗੀ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਸਾਂਝੇ ਸੱਦੇ ’ਤੇ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਖਿਲਾਫ਼ ਤੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਪਾਵਰ ਮੈਨੇਜਮੈਂਟ ਖਿਲਾਫ਼ 1 ਜਨਵਰੀ ਤੋਂ ਲਗਾਤਾਰ 24 ਘੰਟੇ ਦੀ ਲੜੀਵਾਰ ਚਲ ਰਹੀ ਭੁੱਖ ਹੜਤਾਲ ਦੇ ਅਖੀਰਲੇ ਦਿਨ ਅੱਜ 9 ਜਨਵਰੀ ਨੂੰ ਕੀਤੇ ਜਾਣ ਵਾਲੇ ਸੰਘਰਸ਼ ਪ੍ਰੋਗਰਾਮ ’ਚ ਮੁਲਾਜ਼ਮ ਤੇ ਪੈਨਸ਼ਨਰ ਵਰਗ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ। ਗੰਡੀਵਿੰਡ ਨੇ ਕਿਹਾ ਕੇ ਜੇਕਰ ਸਰਕਾਰ ਤੇ ਮੈਨੇਜਮੈਂਟ ਦੀਆਂ ਅਦਾਰੇ ਦਾ ਆਕਾਰ ਘਟਾਉਣ ਵਾਲੀਆਂ ਨੀਤੀਆਂ ਤਹਿਤ ਅਦਾਰੇ ਦੀਆਂ ਬੇਸ਼ਕੀਮਤੀ ਜਾਇਦਾਦਾਂ ਆਪਣੀਆਂ ਰਾਜਸੀ ਲੋੜਾਂ ਲਈ ਵੇਚ ਦਿੱਤੀਆਂ ਤਾਂ ਭਵਿੱਖ ’ਚ ਅਦਾਰੇ ਦੀਆਂ ਆਪਣੀਆਂ ਲੋੜਾਂ ਲਈ ਮਤਲਬ ਨਵੇਂ ਗਰਿੱਡ ਦਫ਼ਤਰ ਬਣਾਉਣ ਲਈ ਜ਼ਮੀਨਾਂ ਵੱਡੇ ਸ਼ਹਿਰਾਂ ’ਚ ਦੁਬਾਰਾ ਨਹੀਂ ਮਿਲ ਸਕਣਗੀਆਂ, ਜਿਸ ਨਾਲ ਜਿੱਥੇ ਅਦਾਰੇ ਦਾ ਪਸਾਰ ਰੁਕੇਗਾ ਉਥੇ ਆਕਾਰ ਛੋਟਾ ਹੋਣ ਨਾਲ ਇਹ ਪਬਲਿਕ ਸੈਕਟਰ ਵਾਲਾ ਵੱਡੇ ਅਕਾਰ ਦਾ ਮਹਿਕਮਾ ਨਿੱਜੀ ਕੰਪਨੀਆਂ ਹਵਾਲੇ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ। ਗੰਡੀਵਿੰਡ ਨੇ 10 ਜਨਵਰੀ ਦੀਆਂ ਸਾਂਝੀਆ ਜ਼ਿਲ੍ਹਾ ਮੀਟਿੰਗਾਂ, 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਿਜਲੀ ਸੋਧ ਬਿੱਲ 2025 ਤੇ ਹੋਰ ਲੋਕ ਮਾਰੂ ਨੀਤੀਆਂ ਖਿਲਾਫ਼ ਦਿੱਤੇ ਜਾ ਰਹੇ ਰੋਸ ਧਰਨਿਆਂ ਤੇ 21 ਜਨਵਰੀ ਨੂੰ ਪਾਵਰਕਾਮ ਦੇ ਮੁੱਖ ਦਫ਼ਤਰ ਪਟਿਆਲਾ ਅੱਗੇ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨੂੰ ਕਾਮਯਾਬ ਕਰਨ ਦਾ ਸੱਦਾ ਦਿੱਤਾ।