ਐੱਚਪੀਵੀ ਵੈਕਸੀਨ ਸਬੰਧੀ ਕੈਪਿਸਟੀ ਬਿਲਡਿੰਗ ਵਰਕਸ਼ਾਪ ਕਰਵਾਈ
ਤਰਨਤਾਰਨ ਸਿਹਤ ਵਿਭਾਗ ਨੇ ਐੱਚਪੀਵੀ ਵੈਕਸੀਨ ਸਬੰਧੀ ਕੈਪਿਸਟੀ ਬਿਲਡਿੰਗ ਵਰਕਸ਼ਾਪ ਕਰਵਾਈ
Publish Date: Thu, 08 Jan 2026 06:13 PM (IST)
Updated Date: Fri, 09 Jan 2026 04:07 AM (IST)

ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਵੇਗੀ ਐੱਚਪੀਵੀ ਵੈਕਸੀਨ ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ-ਕਮ-ਨੋਡਲ ਅਫ਼ਸਰ ਵਰਿੰਦਰਪਾਲ ਕੌਰ ਦੀ ਅਗਵਾਈ ਹੇਠ ਵੀਰਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਜ਼ਿਲ੍ਹਾ ਪੱਧਰੀ ਹਿਊਮਨ ਪੈਪੀਲੋਮਾ ਵਾਇਰਸ ਐੱਚਪੀਵੀ ਵੈਕਸੀਨ ਕੈਪਸਿਟੀ ਬਿਲਡਿੰਗ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ’ਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਮੈਡੀਕਲ ਅਫ਼ਸਰਾਂ, ਬਲਾਕ ਐਕਸਟੈਂਸ਼ਨ ਐਜੂਕੇਰਾਂ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰਜ ਫੀਮੇਲ ਤੇ ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਐੱਚਪੀਵੀ ਵੈਕਸੀਨ ਵਿਸ਼ੇਸ਼ ਤੌਰ ’ਤੇ 14 ਸਾਲਾਂ ਦੀ ਉਮਰ ਪੂਰੀ ਕਰ ਚੁੱਕੀਆਂ ਲੜਕੀਆਂ ਨੂੰ ਜ਼ਿਲ੍ਹੇ ਭਰ ’ਚ ਸਿਹਤ ਕਰਮੀਆਂ ਵੱਲੋਂ ਬਿਲਕੁਲ ਮੁਫ਼ਤ ਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਨੂੰ ਲਾਉਣ ਦਾ ਮੁੱਖ ਮੰਤਵ ਬੱਚਿਆਂ ਨੂੰ ਸਰਵਿਕਸ ‘ਬੱਚੇਦਾਨੀ ਦੇ ਮੂੰਹ’ ਦੇ ਕੈਂਸਰ ਤੋਂ ਬਚਾਉਣ ਦੇ ਨਾਲ ਗੁਪਤ ਅੰਗਾਂ ਦੇ ਰੋਗਾਂ ਤੋਂ ਬਚਾਉਣਾ ਹੈ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਔਰਤਾਂ ’ਚ ਹੋਣ ਵਾਲੇ ਸਰਵਿਕਸ ਕੈਂਸਰ ਦੀ ਰੋਕਥਾਮ ਲਈ ਐੱਚਪੀਵੀ ਵੈਕਸੀਨ ਭਾਰਤ ਸਮੇਤ ਕਈ ਮੁਲਕਾਂ ’ਚ ਪਹਿਲਾਂ ਤੋਂ ਹੀ ਲਾਈ ਜਾ ਰਹੀ ਹੈ ਤੇ ਇਹ ਟੀਕਾ ਵਿਸ਼ਵ ਸਿਹਤ ਸੰਸਥਾ ਤੋਂ ਪ੍ਰਮਾਣਿਤ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਸਿਹਤ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਇਹ ਵੈਕਸੀਨ ਬਿਲਕੁਲ ਮੁਫ਼ਤ ਲਾਈ ਜਾਵੇਗੀ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਕਰਮੀਆਂ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਉਣਾ ਕਿਸ ਜ਼ਿਲ੍ਹੇ ਭਰ ’ਚ ਯੋਗ ਬੱਚਿਆਂ ਨੂੰ ਬਿਨਾਂ ਕਿਸੇ ਦੇਰੀ ਦੇ ਐੱਚਪੀਵੀ ਦਾ ਟੀਕਾ ਲਾਇਆ ਜਾਵੇ ਤੇ ਮਿੱਥੇ ਗਏ 100 ਫੀਸਦੀ ਟੀਚੇ ਨੂੰ ਪ੍ਰਾਪਤ ਕੀਤਾ ਜਾਵੇ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਐੱਚਪੀਵੀ ਵੈਕਸੀਨ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦੌਰਾਨ ਦੱਸਿਆ ਗਿਆ ਕਿ ਐੱਚਪੀਵੀ ਵੈਕਸੀਨ ਦੀ ਡੋਜ਼ 14 ਸਾਲਾਂ ਦੇ ਲੜਕੀਆਂ ਨੂੰ ਲਾਈ ਜਾਵੇਗੀ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਐੱਚਪੀਵੀ ਵੈਕਸੀਨ ਲਾਉਣ ਲਈ ਸਿਹਤ ਵਿਭਾਗ ਵਲੋਂ ਵਿਸ਼ੇਸ਼ ਟੀਕਾਕਰਨ ਕੈਂਪਾਂ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਲਾਭਪਾਤਰੀ ਬੱਚੀਆਂ ਨੂੰ ਸਮੇਂ ਸਿਰ ਇਸ ਵੈਕਸੀਨ ਨੂੰ ਲਾਇਆ ਜਾ ਸਕੇ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਜੇਕਰ ਐੱਚਪੀਵੀ ਵੈਕਸੀਨ ਬੱਚੇ ਨੂੰ ਸਮੇਂ ਸਿਰ ਲਾਈ ਜਾਵੇ ਤਾਂ ਸਰਵਿਕਸ ਕੈਂਸਰ ਵਰਗੀ ਬਿਮਾਰੀ ਹੋਣ ਦੇ ਖਦਸ਼ੇ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਲਗਵਾਉਣ ਨਾਲ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਲੜਕੀ ਕਿਸੇ ਬਿਮਾਰੀ ਤੋਂ ਪਹਿਲਾਂ ਹੀ ਪੀੜਤ ਹੈ ਜਾਂ ਫਿਰ ਲੰਮਾ ਸਮਾਂ ਚੱਲਣ ਵਾਲੀ ਦਵਾਈ ਖਾ ਰਹੀ ਹੈ ਤਾਂ ਅਜਿਹਾ ਹਾਲਾਤਾਂ ’ਚ ਉਸ ਬੱਚੀ ਨੂੰ ਇਹ ਵੈਕਸੀਨ ਨਹੀਂ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਐੱਚਪੀਵੀ ਵੈਕਸੀਨ ਨੂੰ ਸਿਹਤ ਕਰਮੀਆਂ ਵੱਲੋਂ ਹਰ ਹਫ਼ਤੇ ਬੁੱਧਵਾਰ ਨੂੰ ਲੱਗਣ ਵਾਲੇ ਮਮਤਾ ਦਿਵਸ ਸੈਸ਼ਨਾ ਦੌਰਾਨ ਲਾਇਆ ਜਾਵੇਗਾ ਤੇ ਸਿਹਤ ਕਰਮੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸ਼ਹਿਰ ਤੇ ਪਿੰਡਾਂ ਤੋਂ ਇਲਾਵਾ ਹਾਈ ਰਿਸਕ ਆਬਾਦੀ ਜਿਵੇਂ ਕਿ ਇੱਟਾਂ ਦੇ ਭੱਠੇ, ਝੁੱਗੀਆਂ ਤੇ ਗੁੱਜਰਾਂ ਦੇ ਡੇਰਿਆਂ ’ਤੇ ਜਾ ਕੇ ਵੀ ਐੱਚਪੀਵੀ ਵੈਕਸੀਨ ਬਾਰੇ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਕਰਨ ਤਾਂ ਜੋ ਇਸ ਦਾ ਲਾਭ ਹਰ ਇਕ ਯੋਗ ਲਾਭਪਾਤਰੀ ਪ੍ਰਾਪਤ ਕਰ ਸਕੇ। ਜ਼ਿਲ੍ਹਾ ਟੀਕਾਕਰਨ ਡਾ. ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਇਸ ਵੈਕਸੀਨ ਦੀ ਐਂਟਰੀ ਸਿਹਤ ਕਰਮੀਆਂ ਵਲੋਂ ਯੂਵਿਨ ਪੋਰਟਲ ’ਤੇ ਕੀਤੀ ਜਾਵੇਗੀ ਤੇ ਨਾਲ ਹੀ ਕੋਲਡ ਚੇਨ ਮੈਨੇਜਮੈਂਟ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਡਾ. ਵਰਿੰਦਰਪਾਲ ਕੌਰ ਨੇ ਕਿਹਾ ਕਿ ਅੱਜ ਦੀ ਵਰਕਸ਼ਾਪ ਦੌਰਾਨ ਤਿਆਰ ਕੀਤੇ ਗਏ, ਟਰੇਨਰਾਂ ਵੱਲੋਂ ਆਪਣੇ ਬਲਾਕਾਂ ’ਚ ਐੱਚਪੀਵੀ ਵੈਕਸੀਨ ਕਪੈਸਿਟੀ ਬਿਲਡਿੰਗ ਟਰੇਨਿੰਗ ਵਰਕਸ਼ਾਪਾਂ ਲਾਈਆਂ ਜਾਣਗੀਆਂ ਤਾਂ ਜੋ ਹਰ ਇਕ ਸਿਹਤ ਕਰਮੀਆਂ ਨੂੰ ਐੱਚਪੀਵੀ ਵੈਕਸੀਨ ਬਾਰੇ ਪਤਾ ਚੱਲ ਸਕੇ। ਇਸ ਮੌਕੇ ਬੱਚਿਆਂ ਦੇ ਮਾਹਿਰ ਡਾ. ਵਿਪੂਲ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ, ਵੀਸੀਸੀਐੱਮ ਮਨਦੀਪ ਸਿੰਘ, ਕੰਪਿਊਟਰ ਸਹਾਇਕ, ਸੰਦੀਪ ਸਿੰਘ ਆਦਿ ਮੌਜੂਦ ਰਹੇ।