ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਦਾ ਸਨਮਾਨ
ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲੇ ਚੂਸਲੇਵੜ੍ਹ ’ਚ ਭਾਵਪੂਰਤ ਸਨਮਾਨ ਨਾਲ ਨਿਵਾਜੇ
Publish Date: Thu, 08 Jan 2026 05:50 PM (IST)
Updated Date: Fri, 09 Jan 2026 04:07 AM (IST)

ਦੀਪਕ ਕੁਮਾਰ, •ਪੰਜਾਬੀ ਜਾਗਰਣ, ਪੱਟੀ ਮੋੜ ਪਿਛਲੇ ਸਮਿਆਂ ਦੌਰਾਨ ਹੜ੍ਹਾਂ ਦੇ ਭਿਆਨਕ ਕਹਿਰ ਵੇਲੇ ਦਰਿਆਵਾਂ ਨੂੰ ਬੰਨ੍ਹ ਲਾ ਕੇ ਲੱਖਾਂ ਮਨੁੱਖੀ ਜਾਨਾਂ ਤੇ ਹਜ਼ਾਰਾਂ ਏਕੜ ਕਾਬਿਲ-ਕਾਸ਼ਤ ਜ਼ਮੀਨਾਂ ਨੂੰ ਬਚਾਉਣ ’ਚ ਅਹਿਮ ਯੋਗਦਾਨ ਪਾਉਣ ਵਾਲੇ ਸੰਤ-ਮਹਾਪੁਰਖ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਨੂੰ ਪਿੰਡ ਚੂਸਲੇਵੜ੍ਹ ਦੀ ਸਮੂਹ ਸੰਗਤ ਵੱਲੋਂ ਬਾਬਾ ਸੁਖਰਾਜ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਇਸ ਮੌਕੇ ਬੋਲਦਿਆਂ ਬਾਬਾ ਸੁਖਰਾਜ ਸਿੰਘ ਨੇ ਕਿਹਾ ਕਿ ਜਦੋਂ ਹੜ੍ਹਾਂ ਨੇ ਦਰਿਆਵਾਂ ਦਾ ਰੂਪ ਧਾਰ ਕੇ ਪਿੰਡਾਂ, ਫ਼ਸਲਾਂ ਤੇ ਘਰਾਂ ਨੂੰ ਖ਼ਤਰੇ ’ਚ ਪਾ ਦਿੱਤਾ ਸੀ। ਉਸ ਸਮੇਂ ਬਾਬਾ ਸੁੱਖਾ ਸਿੰਘ ਨੇ ਨਿਸ਼ਕਾਮ ਭਾਵਨਾ ਨਾਲ ਮੈਦਾਨ ’ਚ ਉਤਰ ਕੇ ਬੰਨ੍ਹ ਬਣਾ ਕੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਸੁੱਖਾ ਸਿੰਘ ਦੀ ਸੇਵਾ ਸਿਰਫ਼ ਧਾਰਮਿਕ ਨਹੀਂ ਸਗੋਂ ਮਨੁੱਖਤਾ ਦੀ ਮਹਾਨ ਮਿਸਾਲ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਰਹੇਗੀ। ਇਸ ਮੌਕੇ ਪਿੰਡ ਚੂਸਲੇਵੜ੍ਹ ਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਪਹੁੰਚੀ ਸੰਗਤ ਨੇ ਬਾਬਾ ਸੁੱਖਾ ਸਿੰਘ ਨੂੰ ਸਿਰੋਪਾਓ, ਫੁੱਲਾਂ ਦੇ ਹਾਰ ਤੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਆਪਣੀ ਸ਼ਰਧਾ ਤੇ ਆਦਰ ਪ੍ਰਗਟਾਇਆ ਤੇ ਸੰਗਤ ਵੱਲੋਂ ਸੰਤ-ਮਹਾਪੁਰਖਾਂ ਦੀ ਨਿਸ਼ਕਾਮ ਸੇਵਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਗਈ। ਸਮਾਗਮ ’ਚ ਇਲਾਕੇ ਦੇ ਪ੍ਰਮੁੱਖ ਸੇਵਾਦਾਰਾਂ, ਸਮਾਜ-ਸੇਵੀ ਸੱਜਣਾਂ ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਵੀ ਸ਼ਿਰਕਤ ਕਰਦਿਆਂ ਬਾਬਾ ਸੁੱਖਾ ਸਿੰਘ ਦੀਆਂ ਸੇਵਾਵਾਂ ਨੂੰ ਸਲਾਮ ਕੀਤਾ। ਅਖੀਰ ’ਚ ਧੰਨਵਾਦੀ ਅਰਦਾਸ ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ, ਜਿਸ ’ਚ ਸੰਗਤ ਨੇ ਭਾਵਪੂਰਤ ਹਾਜ਼ਰੀ ਭਰੀ।