ਜ਼ਿਲ੍ਹਾ ਪ੍ਰਸ਼ਾਸਨ ਨੇ ਪੱਟੀ ਦੇ ਨਸ਼ਾ ਤਸਕਰ ਦੇ ਘਰ ’ਤੇ ਚਲਾਇਆ ਪੀਲਾ ਪੰਜਾ
ਜ਼ਿਲ੍ਹਾ ਪ੍ਰਸ਼ਾਸਨ ਨੇ ਪੱਟੀ ਦੇ ਨਸ਼ਾ ਤਸਕਰ ਦੇ ਘਰ ਉੱਪਰ ਚਲਾਇਆ ਪੀਲਾ ਪੰਜਾ
Publish Date: Fri, 02 Jan 2026 06:28 PM (IST)
Updated Date: Sat, 03 Jan 2026 04:09 AM (IST)
ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਘਰ ਉੱਪਰ ਕੀਤੀ ਗਈ ਹੈ ਕਾਰਵਾਈ : ਪ੍ਰਸ਼ਾਸਨ
ਜਸਪਾਲ ਜੱਸੀ/ਬੱਲੂ ਮਹਿਤਾ•, ਪੰਜਾਬੀ ਜਾਗਰਣ,
ਤਰਨਤਾਰਨ/ਪੱਟੀ : ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁਕਰਵਾਰ ਨੂੰ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਤਸਕਰ ਦੱਸੇ ਜਾਂਦੇ ਵਿਅਕਤੀ ਦੇ ਵਾਰਡ ਨੰਬਰ ਦੋ ਪੱਟੀ ਵਿਚਲੇ ਰਿਹਾਇਸ਼ੀ ਮਕਾਨ ਨੂੰ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ। ਪ੍ਰਸ਼ਾਸਨ ਨੇ ਖੁਲਾਸਾ ਕੀਤਾ ਕਿ ਇਹ ਘਰ ਨਸ਼ਾ ਤਸਕਰ ਮੇਵਾ ਸਿੰਘ ਪੁੱਤਰ ਮੁਖਤਾਰ ਸਿੰਘ ਦਾ ਸੀ ਜੋ ਉਸ ਨੇ ਸਰਕਾਰੀ ਜ੍ਹਗਾ ’ਤੇ ਨਾਜਾਇਜ਼ ਕਬਜ਼ਾ ਕਰਕੇ ਬਣਾਇਆ ਹੋਇਆ ਸੀ। ਇਸੇ ਕਰਕੇ ਉਕਤ ਘਰ ਨੂੰ ਢਾਹਿਆ ਗਿਆ ਹੈ।
ਇਸ ਮੌਕੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਮੇਵਾ ਸਿੰਘ ਵਾਸੀ ਵਾਰਡ ਨੰਬਰ 2 ਪੱਟੀ ਦੇ ਖ਼ਿਲਾਫ਼ ਥਾਣਾ ਸਿਟੀ ਪੱਟੀ ਵਿਚ ਦੋ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਹ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦੇ ਧੰਦੇ ਵਿਚ ਸ਼ਾਮਲ ਹੈ। ਐੱਸਐੱਸਪੀ ਲਾਂਬਾ ਨੇ ਦੱਸਿਆ ਕਿ ਮੇਵਾ ਸਿੰਘ ਨੇ ਇਹ ਨਾਜਾਇਜ਼ ਉਸਾਰੀ ਕੀਤੀ ਹੋਈ ਸੀ, ਜਿਸ ਨੂੰ ਅੱਜ ਜ਼ਿਲ੍ਹਾ ਪ੍ਰਾਸ਼ਸਨ ਤਰਨਤਾਰਨ ਨੇ ਢਾਹ ਦਿੱਤਾ ਹੈ। ਇਸ ਮੌਕੇ ਐੱਸਪੀ ਇਨਵੈਸਟੀਗੇਸ਼ਨ ਰਿਪੂਤਾਪਨ ਸਿੰਘ, ਡੀਐੱਸਪੀ ਐੱਨਡੀਪੀਐੱਸ ਜਗਬੀਰ ਸਿੰਘ, ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਕਵਲਜੀਤ ਰਾਏ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜਰ ਸਨ।
------
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਾਇਆ ਜਾ ਰਿਹੈ ਨਸ਼ੇ ’ਤੇ ਕਾਬੂ : ਐੱਸਐੱਸਪੀ
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਵੱਲੋਂ ਨਸ਼ੇ ’ਤੇ ਕਾਬੂ ਪਾਉਣ, ਨਸ਼ਾ ਤਸਕਰਾਂ ਅਤੇ ਵੱਡੀਆਂ ਮੱਛੀਆਂ ਨੂੰ ਫੜਨ ਲਈ ਕਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਮੁਹਿੰਮ ਤਹਿਤ ਹੀ ਤਰਨਤਾਰਨ ਪੁਲਿਸ ਵੱਲੋਂ ਪਹਿਲਾਂ ਵੀ ਨਸ਼ਾ ਤਸਕਰਾਂ ਦੀਆਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਜਾਇਦਾਦਾਂ ’ਤੇ ਬੁਲਡੋਜ਼ਰ ਚਲਾਇਆ ਜਾ ਚੁੱਕਾ ਹੈ।