ਹੜ੍ਹ ਪ੍ਰਭਾਵਿਤ ਖੇਤਰਾਂ ’ਚ ਬੁਨਿਆਦੀ ਢਾਂਚੇ ਦੇ 14 ਪ੍ਰੋਜੈਕਟਾਂ ਲਈ 161 ਲੱਖ ਰੁਪਏ ਮਨਜ਼ੂਰ : ਡੀਸੀ
ਹੜ੍ਹ ਪ੍ਰਭਾਵਿਤ ਖੇਤਰਾਂ ’ਚ ਬੁਨਿਆਦੀ ਢਾਂਚੇ ਦੇ 14 ਪ੍ਰੋਜੈਕਟਾਂ ਲਈ 161 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ- ਡੀਸੀ
Publish Date: Fri, 02 Jan 2026 06:11 PM (IST)
Updated Date: Sat, 03 Jan 2026 04:09 AM (IST)

ਸਟਾਫ਼ ਰਿਪੋਰਟਰ•ਪੰਜਾਬੀ ਜਾਗਰਣ, ਤਰਨਤਾਰਨ ਬੀਤੇ ਸਾਲ ਹੜ੍ਹਾਂ ਕਾਰਨ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਵਲੋਂ ਰੰਗਲਾ ਪੰਜਾਬ ਸੁਸਾਇਟੀ ਵਲੋਂ ਚਲਾਏ ਜਾ ਰਹੇ ਮਿਸ਼ਨ ਚੜ੍ਹਦੀਕਲਾ ਦੇ ਤਹਿਤ ਸੀਐੱਸਆਰ ਅਤੇ ਨਾਨ ਸੀਐੱਸਆਰ ਕੈਟਾਗਰੀ ਅਧੀਨ ਜ਼ਿਲ੍ਹਾ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ 14 ਪ੍ਰੋਜੈਕਟਾਂ ਜਿਨ੍ਹਾਂ ਦੀ ਕੁਲ ਲਾਗਤ 161 ਲੱਖ ਰੁਪਏ ਹੈ, ਲਈ ਵਿੱਤੀ ਮਨਜ਼ੂਰੀ ਅਤੇ ਪ੍ਰਬੰਧਕੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਤਰਨਤਾਰਨ ਰਾਹੁਲ ਨੇ ਦੱਸਿਆ ਕਿ ਇਨ੍ਹਾਂ 14 ਪ੍ਰੋਜੈਕਟਾਂ ਵਿਚ ਸੀਐੱਸਆਰ ਕੈਟਾਗਰੀ ਤਹਿਤ ਪਿੰਡ ਠੱਠੀਆਂ ਖੁਰਦ ਦੇ ਸਰਕਾਰੀ ਸਕੂਲ ਦੀ ਚਾਰਦੀਵਾਰੀ ਉਪਰ 24 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਸੇ ਤਰ੍ਹਾਂ ਹੀ ਪਿੰਡ ਰਾਏਪੁਰ ਬਲੀਮ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦੀ ਮੁਰੰਮਤ ’ਤੇ 21 ਲੱਖ ਰੁਪਏ, ਪਿੰਡ ਨੰਦਪੁਰ ਦੇ ਆਂਗਨਵਾੜੀ ਸੈਂਟਰ ’ਤੇ 10 ਲੱਖ ਰੁਪਏ, ਪਿੰਡ ਲਾਲਪੁਰ ਦੇ ਆਂਗਨਵਾੜੀ ਸੈਂਟਰ ’ਤੇ 10 ਲੱਖ ਰੁਪਏ, ਪਿੰਡ ਤੁੜ ਦੇ ਆਂਗਨਵਾੜੀ ਸੈਂਟਰ ’ਤੇ 10 ਲੱਖ ਰੁਪਏ, ਪਿੰਡ ਰਸੂਲਪੁਰ ਕਲਾਂ ਦੀ ਧਰਮਸ਼ਾਲਾ ਉਪਰ 5 ਲੱਖ ਰੁਪਏ, ਪਿੰਡ ਆਂਸਲ ਉਤਾੜ ਵਿਖੇ ਡਿਫੈਂਸ ਡਰੇਨ ਦੀ ਸੜਕ ਉਪਰ 5 ਲੱਖ ਰੁਪਏ, ਪਿੰਡ ਭੂਸੇ ਦੇ ਸਰਕਾਰੀ ਸਕੂਲ ਉਪਰ 18 ਲੱਖ ਰੁਪਏ ਅਤੇ ਪਿੰਡ ਬੁਰਜ਼ ਦੀ ਧਰਮਸ਼ਾਲਾ ਉਪਰ 20 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਨਾਨ ਸੀਐੱਸਆਰ ਕੈਟਾਗਰੀ ਤਹਿਤ ਪਿੰਡ ਬਨਵਾਲੀਪੁਰ ਦੀ ਐੱਸਸੀ ਸ਼ਮਸ਼ਾਨਘਾਟ ਉਪਰ 6 ਲੱਖ ਰੁਪਏ, ਮੁੰਡਾ ਪਿੰਡ ਦੀ ਸ਼ਮਸ਼ਾਨਘਾਟ ਉਪਰ 8 ਲੱਖ ਰੁਪਏ, ਗੁਜਰਪੁਰ ਪਿੰਡ ਦੀ ਸ਼ਮਸ਼ਾਨਘਾਟ ਉਪਰ 6 ਲੱਖ ਰੁਪਏ ਅਤੇ ਪਿੰਡ ਧੁਦੀਆਈਵਾਲਾ ਦੀ ਸ਼ਮਸ਼ਾਨਘਾਟ ਉਪਰ 8 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਾਰੇ ਪ੍ਰੋਜੈਕਟਾਂ ਲਈ ਵਿੱਤੀ ਮਨਜ਼ੂਰੀ ਅਤੇ ਪ੍ਰਬੰਧਕੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰਵਾਨਤ ਕੰਮ 28 ਫਰਵਰੀ ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਡਿਪਟੀ ਕਮਿਸ਼ਨਰ ਰਾਹੁਲ ਨੇ ਅੱਗੇ ਦੱਸਿਆ ਕਿ ਮਿਸ਼ਨ ਚੜ੍ਹਦੀ ਕਲਾ ਤਹਿਤ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ 13 ਹੋਰ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਜਿਨ੍ਹਾਂ ਉਪਰ 108 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਇਨ੍ਹਾਂ ਪ੍ਰੋਜੈਕਟਾਂ ਉਪਰ ਵੀ ਕੰਮ ਸ਼ੁਰੂ ਕੀਤਾ ਜਾਵੇਗਾ।