ਸਟਾਫ਼ ਦੀ ਘਾਟ ਕਰਕੇ ਅਮਰਕੋਟ ਦਾ ਡਾਕਘਰ ਲੋਕਾਂ ਲਈ ਬਣਿਆ ਮੁਸੀਬਤ
ਸਟਾਫ਼ ਦੀ ਘਾਟ ਕਰਕੇ ਅਮਰਕੋਟ ਦਾ ਡਾਕਘਰ ਲੋਕਾਂ ਲਈ ਬਣਿਆ ਮੁਸੀਬਤ
Publish Date: Fri, 02 Jan 2026 06:01 PM (IST)
Updated Date: Sat, 03 Jan 2026 04:08 AM (IST)
ਦਲਜਿੰਦਰ ਰਾਜਪੂਤ•, ਪੰਜਾਬੀ ਜਾਗਰਣ,
ਅਲਗੋਂ ਕੋਠੀ : ਲੋਕਾਂ ਦੀਆਂ ਕਈ ਮੁੱਢਲੀਆਂ ਸੇਵਾਵਾਂ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਵਲੋਂ ਪਿੰਡਾਂ ਵਿਚ ਡਾਕਘਰ ਸਥਾਪਤ ਕੀਤੇ ਗਏ ਸਨ। ਜਿਨ੍ਹਾਂ ਰਾਹੀਂ ਲੋਕਾਂ ਨੂੰ ਚਿੱਠੀ ਪੱਤਰ ਦੇ ਨਾਲ ਪਾਰਸਲ, ਪਾਸਪੋਰਟ ਜਾਂ ਡਾਕ ਘਰਾਂ ਵਿਚ ਪੈਸੇ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਦੀ ਸਹੂਲਤ ਦਿੱਤੀ ਗਈ ਸੀ। ਪਰ ਅਮਰਕੋਟ ਦਾ ਡਾਕਘਰ ਸਟਾਫ਼ ਦੀ ਘਾਟ ਹੋਣ ਕਰਕੇ ਲੋਕਾਂ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਡਾਕਘਰ ਵਿਚ ਸਟਾਫ਼ ਦੀ ਘਾਟ ਕਰਕੇ ਹਾਜ਼ਰ ਸਟਾਫ਼ ਆਪਣੀ ਮਰਜ਼ੀ ਨਾਲ ਉਨ੍ਹਾਂ ਤੱਕ ਪਾਰਸਲ ਅਤੇ ਹੋਰ ਡਾਕ ਸੇਵਾਵਾਂ ਪਹੁੰਚਾ ਰਿਹਾ ਹੈ ਅਤੇ ਜੋ ਸਟਾਫ਼ ਇਥੇ ਤਾਇਨਾਤ ਕੀਤਾ ਗਿਆ ਹੈ, ਉਹ ਅਕਸਰ ਦੇਰੀ ਨਾਲ ਦਫ਼ਤਰ ਆਉਂਦਾ ਹੈ। ਜਦੋਂਕਿ ਸਮੇਂ ਤੋਂ ਪਹਿਲਾਂ ਹੀ ਡਾਕਘਰ ਬੰਦ ਕਰਕੇ ਚਲਾ ਜਾਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੱਡਾ ਅਮਰਕੋਟ ਦੇ ਵਸਨੀਕ ਡਾਕਟਰ ਗੁਰਬੀਰ ਸਿੰਘ ਨੇ ਦੱਸਿਆ ਕਿ ਡਾਕ ਘਰ ਵਿਚ ਉਨ੍ਹਾਂ ਇਕ ਪਾਰਸਲ ਭੇਜਣਾ ਸੀ। ਪਰ ਬ੍ਰਾਂਚ ਪੋਸਟ ਮਾਸਟਰ ਗੁਰਸੇਵਕ ਸਿੰਘ ਕਿਸੇ ਸਮੇਂ ਵੀ ਡਾਕਘਰ ਵਿਚ ਮੌਜੂਦ ਨਹੀਂ ਰਹਿੰਦਾ। ਜਿਸ ਕਾਰਨ ਲੋਕ ਖੱਜਲ ਖਵਾਰ ਹੁੰਦੇ ਰਹਿੰਦੇ ਹਨ। ਜਦੋਂ ਉਸਨੇ ਗੁਰਸੇਵਕ ਸਿੰਘ ਨਾਲ ਇਸ ਸਬੰਧ ਵਿਚ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਠੰਢ ਬਹੁਤ ਹੈ, ਜਿਸ ਕਰਕੇ ਉਹ ਇਕ ਘੰਟੇ ਤੱਕ ਹੀ ਡਿਊਟੀ ਕਰ ਸਕਦਾ ਹੈ। ਇਸ ਤੋਂ ਜ਼ਿਆਦਾ ਉਸ ਦੇ ਕੋਲ ਟਾਈਮ ਨਹੀਂ ਹੈ।
ਉਸ ਨੇ ਸਪੱਸ਼ਟ ਕੀਤਾ ਕਿ ਉਸਦਾ ਡਿਊਟੀ ਕਰਨ ਦਾ ਇਹੋ ਤਰੀਕਾ ਹੈ। ਇਸ ਸਬੰਧੀ ਡਾ. ਗੁਰਬੀਰ ਸਿੰਘ ਨੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਡਾਕਖਾਨੇ ਦੇ ਇਸ ਗੈਰ ਜ਼ਿੰਮੇਵਾਰ ਕਰਮਚਾਰੀ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਸਟਾਫ਼ ਦੀ ਡਿਊਟੀ ਯਕੀਨੀ ਬਣਾਈ ਜਾਵੇ। ਤਾਂ ਜੋ ਲੋਕਾਂ ਨੂੰ ਆ ਰਹੀ ਖੱਜਲ ਖੁਆਰੀ ਤੋਂ ਰਾਹਤ ਮਿਲ ਸਕੇ।
ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਬ੍ਰਾਂਚ ਪੋਸਟ ਮਾਸਟਰ ਗੁਰਸੇਵਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੂੰ ਡਾਕਟਰ ਗੁਰਬੀਰ ਸਿੰਘ ਦਾ ਫੋਨ ਆਇਆ ਸੀ ਕਿ ਉਸਦੀ ਦੁਕਾਨ ਤੋਂ ਪਾਰਸਲ ਲੈ ਲਿਆ ਜਾਵੇ। ਪਰ ਘਰ ਦੇ ਕੁਝ ਰਝੇਵਿਆਂ ਕਾਰਨ ਉਸ ਕੋਲੋਂ ਪਾਰਸਲ ਲੈਣ ਨਹੀਂ ਜਾਇਆ ਗਿਆ।