ਕੱਚੇ ਅਧਿਆਪਕ ਯੂਨੀਅਨ ਦੇ ਮੈਂਬਰ ਦਾਦੇਹਾਂਤ
ਨਵੇਂ ਸਾਲ ਦੇ ਪਹਿਲੇ ਦਿਨ ਕੱਚੇ ਅਧਿਆਪਕ ਯੂਨੀਅਨ ਦੇ ਮੈਂਬਰ ਦਾ ਹੋਇਆ ਦੇਹਾਂਤ
Publish Date: Fri, 02 Jan 2026 04:03 PM (IST)
Updated Date: Sat, 03 Jan 2026 04:03 AM (IST)
ਯੂਨੀਅਨ ਨੇ ਕਿਹਾ ਨਾ ਮਾਤਰ ਤਨਖਾਹ ’ਤੇ ਨਿਭਾਈਆਂ 12 ਸਾਲ ਸੇਵਾਵਾਂ
-ਮਾਮੂਲੀ ਤਨਖਾਹ ਕਾਰਨ ਪਰੇਸ਼ਾਨ ਰਹਿੰਦਾ ਸੀ ਅਧਿਆਪਕ ਗੌਰਵ ਹਾਂਡਾ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਗੌਰਵ ਹਾਂਡਾ ਵਾਸੀ ਜਲਾਲਾਬਾਦ, ਪਿਛਲੇ 12 ਸਾਲਾਂ ਤੋਂ ਮਾਮੂਲੀ ਤਨਖਾਹ 6 ਹਜ਼ਾਰ ਵਿਚ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾ ਰਿਹਾ ਸੀ। ਨਾ ਮਾਤਰ ਤਨਖਾਹ ਦੀ ਨੌਕਰੀ ਤੋਂ ਪ੍ਰੇਸ਼ਾਨ ਹੋ ਕੇ ਮਾਨਸਿਕ ਪੀੜਾ ਚੱਲਦਿਆਂ ਖ਼ਰਾਬ ਹੋਈ ਸਿਹਤ ਕਾਰਨ ਨਵੇਂ ਸਾਲ ਦੇ ਪਹਿਲੇ ਦਿਨ ਇਸ ਅਧਿਆਪਕ ਨੇ ਪੱਕੇ ਹੋਣ ਦੀ ਉਡੀਕ ਵਿਚ ਦਮ ਤੋੜ ਦਿੱਤਾ।
ਇਹ ਜਾਣਕਾਰੀ ਦਿੰਦਿਆਂ ਦਸ ਸਾਲ ਸਰਵਿਸ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਜਸਪਾਲ ਸਿੰਘ ਨੇ ਦੱਸਿਆ ਕਿ ਗੌਰਵ ਹਾਂਡਾ ਬਹੁਤ ਜੁਝਾਰੂ ਅਧਿਆਪਕ ਸਾਥੀ ਸੀ, ਜੋ ਹਮੇਸ਼ਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਰਿਹਾ। ਪਿਛਲੇ ਕਈ ਦਿਨਾਂ ਤੋਂ ਉਹ ਆਪਣੀ ਮਾਮੂਲੀ ਤਨਖਾਹ ਵਾਲੀ ਨੌਕਰੀ ਤੋਂ ਬਹੁਤ ਪਰੇਸ਼ਾਨੀ ਹੋ ਚੁੱਕਾ ਸੀ। ਜਿਸ ਕਰਕੇ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ ਤੇ ਇਸੇ ਦੌਰਾਨ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਤੇ ਨਵੇਂ ਸਾਲ ਦੇ ਦਿਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ।
ਉਨ੍ਹਾਂ ਕਿਹਾ ਕੇ ਹੋਰ ਵੀ ਬਹੁਤ ਸਾਥੀ ਡਿਪਰੈਸ਼ਨ ਦਾ ਸ਼ਿਕਾਰ ਹਨ ਤੇ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਜਲਦੀ ਆਰਡਰ ਨਾ ਦਿੱਤੇ ਤਾਂ ਹੋਰ ਵੀ ਅਣਸੁਖਾਵੀਆਂ ਘਟਨਾਵਾਂ ਵਾਪਰ ਸਕਦੀਆ ਹਨ। ਇਸ ਲਈ ਸਰਕਾਰ ਜਲਦੀ ਮੰਗ ਪੂਰੀ ਕਰੇ। ਉਨ੍ਹਾਂ ਨੇ ਯੂਨੀਅਨ ਤੌਰ ’ਤੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਬਿਮਾਰ ਹੋ ਕੇ ਮੌਤ ਦੇ ਮੂੰਹ ਵਿਚ ਗਏ ਅਧਿਆਪਕ ਦੇ ਪਰਿਵਾਰ ਨੂੰ ਸਰਕਾਰ ਤਰਸ ਦੇ ਅਧਾਰ ’ਤੇ ਮਾਲੀ ਸਹਾਇਤਾ ਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਵੇ।
ਇਸ ਮੌਕੇ ਯੂਨੀਅਨ ਦੇ ਮੈਂਬਰ ਬਲਜਿੰਦਰ ਮੁਕਤਸਰ, ਨੀਲਮ ਰਾਣੀ, ਮਮਤਾ ਫਿਰੋਜ਼ਪੁਰ ਨੇ ਅਧਿਆਪਕ ਗੌਰਵ ਹਾਂਡਾ ਦੇ ਦੇਹਾਂਤ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ।