ਵਿਸ਼ਵ ਟੀਬੀ ਦਿਵਸ ਮਨਾਇਆ
ਵਿਸ਼ਵ ਟੀਬੀ ਦਿਵਸ ਮਨਾਇਆ
Publish Date: Wed, 25 Mar 2026 04:21 PM (IST)
Updated Date: Wed, 25 Mar 2026 04:25 PM (IST)

- ਟੀਬੀ ਦੀ ਬਿਮਾਰੀ ਇਲਾਜਯੋਗ ਹੈ : ਡਾ. ਮਹੀਪ ਕੌਰ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀਐਚਸੀ ਭਵਾਨੀਗੜ੍ਹ ਡਾ. ਮਹੀਪ ਕੌਰ ਦੀ ਅਗਵਾਈ ਵਿਚ ਸਿਹਤ ਬਲਾਕ ਭਵਾਨੀਗੜ੍ਹ ਵਿਖੇ ‘ਹਾਂ, ਅਸੀਂ ਟੀਬੀ ਨੂੰ ਖਤਮ ਕਰ ਸਕਦੇ ਹਾਂ, ਨਾਅਰੇ ਤਹਿਤ ਵਿਸ਼ਵ ਟੀਬੀ ਦਿਵਸ ਮਨਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਅੱਜ ਪੂਰੇ ਦੇਸ਼ ਵਿੱਚ ‘ਜਨ ਜਨ ਕਾ ਰੱਖੋ ਧਿਆਨ, ਟੀਬੀ ਮੁਕਤ ਭਾਰਤ ਮੁਹਿੰਮ ਤਹਿਤ 100 ਦਿਨਾਂ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਟੀਬੀ ਇੱਕ ਲਾਗ ਦੀ ਬਿਮਾਰੀ ਹੈ, ਜੋ ਇਕ ਰੋਗੀ ਤੋਂ ਸਿਹਤਮੰਦ ਇਨਸਾਨ ਤੱਕ ਫੈਲਦੀ ਹੈ। ਟੀਬੀ ਦੀ ਬਿਮਾਰੀ ਇਲਾਜਯੋਗ ਹੈ ਜੇਕਰ ਇਸ ਦੀ ਪਛਾਣ ਅਤੇ ਇਲਾਜ ਸਮੇਂ ਸਿਰ ਕਰਵਾ ਲਿਆ ਜਾਵੇ। ਉਨ੍ਹਾਂ ਨੇ ਟੀਬੀ ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਪੰਦਰਾਂ ਦਿਨ ਤੋਂ ਵੱਧ ਖਾਂਸੀ, ਭਾਰ ਦਾ ਘਟਣਾ, ਭੁੱਖ ਨਾ ਲੱਗਣੀ, ਰਾਤ ਨੂੰ ਤਰੇਲੀਆਂ ਆਉਣੀਆਂ, ਹਲਕਾ ਬੁਖਾਰ ਰਹਿਣਾ ਆਦਿ ਹੋ ਸਕਦੇ ਹਨ। ਕਿਸੇ ਵੀ ਵਿਅਕਤੀ ਵਿੱਚ ਅਜਿਹੇ ਲੱਛਣ ਮਿਲਦੇ ਹਨ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਰਕਰੀ ਹਸਪਤਾਲ ਵਿੱਚ ਪਹੁੰਚ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਬਿਮਾਰੀ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਹੈ। ਭਾਰਤ ਸਰਕਾਰ ਵੱਲੋਂ ਇਸ ਬਿਮਾਰੀ ਨੂੰ ਖ਼ਤਮ ਕਰਨ ਦਾ ਸੰਕਲਪ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਿਕਸ਼ੈ ਪੋਸ਼ਣ ਯੋਜਨਾ ਅਧੀਨ ਨਿਕਸ਼ੈ ਮਿੱਤਰ ਕੇਆਰਬੀਐੱਲ ਭਸੌੜ ਵੱਲੋਂ ਟੀਬੀ ਦੇ 50 ਮਰੀਜ਼ਾਂ ਨੂੰ ਖੁਰਾਕ ਕਿੱਟਾਂ ਦੀ ਵੰਡ ਕੀਤੀ ਗਈ।