ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮਨਾਇਆ
ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮਨਾਇਆ
Publish Date: Wed, 04 Feb 2026 04:15 PM (IST)
Updated Date: Wed, 04 Feb 2026 04:17 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਨਰਸਿੰਗ ਟ੍ਰੇਨਿੰਗ ਸਕੂਲ ਸੰਗਰੂਰ ਵਿਖੇ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਗਿਆ। ਜ਼ਿਲ੍ਹਾ ਅਪੀਡੀਮੋਲੋਜਿਸਟ ਡਾ. ਰਮਨਦੀਪ ਕੌਰ ਨੇ ਕਿਹਾ ਕਿ ਵਿਗਿਆਨਿਕ ਯੁੱਗ ਵਿੱਚ ਕੈਂਸਰ ਨਾ ਮੁਰਾਦ ਜਾਂ ਲਾ-ਇਲਾਜ ਬਿਮਾਰੀ ਨਹੀਂ ਹੈ, ਮੁੱਢਲੀ ਸਟੇਜ ਅਤੇ ਸਮੇਂ ਸਿਰ ਇਸ ਦਾ ਪਤਾ ਲੱਗਣ ’ਤੇ ਇਸਦਾ ਇਲਾਜ ਸੌਖਾ ਤੇ ਸੰਭਵ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਕੈਂਸਰ ਦੁਨੀਆ ਦੀ ਅਜਿਹੀ ਦੂਜੀ ਬਿਮਾਰੀ ਹੈ, ਜਿਸ ਕਾਰਨ ਸਭ ਤੋਂ ਵੱਧ ਲੋਕ ਮਰ ਰਹੇ ਹਨ ਇਸ ਲਈ ਜਾਗਰੂਕ ਹੋ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ‘ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼’ ਤਹਿਤ 1.50 ਲੱਖ ਰੁਪਏ ਦੇ ਇਲਾਜ ਦੀ ਸੁਵਿਧਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਛਾਤੀ ਵਿੱਚ ਗਿਲਟੀ, ਲਗਾਤਾਰ ਖੰਘ, ਆਵਾਜ਼ ਵਿੱਚ ਭਾਰੀਪਣ, ਮਹਾਵਾਰੀ ਦੌਰਾਨ ਖੂਨ ਦਾ ਜ਼ਿਆਦਾ ਪੈਣਾ ਜਾਂ ਮਹਾਵਾਰੀ ਤੋਂ ਬਿਨਾਂ ਖੂਨ ਦਾ ਪੈਣਾ, ਨਾ ਠੀਕ ਹੋਣ ਵਾਲਾ ਮੂੰਹ ਦਾ ਅਲਸਰ ਆਦਿ ਕੈਂਸਰ ਦੇ ਮੁੱਖ ਲੱਛਣ ਹਨ। ਉਨ੍ਹਾਂ ਦੱਸਿਆ ਕਿ ਛਾਤੀ, ਕੋਲਨ, ਪਰੋਸਟੈੱਟ, ਪੇਟ, ਜਿਗਰ, ਚਮੜੀ, ਮੂੰਹ, ਗਰਦਨ, ਗਲੇ, ਬੱਚੇਦਾਨੀ, ਸਰਵਾਈਕਲ, ਗੁਰਦੇ, ਦਿਮਾਗ, ਥਾਈਰਾਈਡ, ਬਲੱਡ, ਅੱਖਾਂ ਅਤੇ ਰੀੜ੍ਹ ਦੀ ਹੱਡੀ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦਾ ਕੈਂਸਰ ਹੋ ਸਕਦਾ ਹੈ। ਕੈਂਸਰ ਸਿਗਰਟ, ਪਾਨ, ਤੰਬਾਕੂ, ਖੈਣੀ, ਗੁਟਕਾ, ਸ਼ਰਾਬ ਆਦਿ ਦੀ ਵਰਤੋਂ ਕਰ ਕੇ ਜ਼ਿਆਦਾ ਕੀਟ ਨਾਸ਼ਕ ਸਪਰੇਅ ਕਰਨ ਨਾਲ, ਮੋਟਾਪਾ ਤੇ ਮਿਲਾਵਟ ਵਾਲੀਆਂ ਚੀਜ਼ਾਂ ਦੇ ਖਾਣ ਪੀਣ ਨਾਲ ਹੋ ਸਕਦਾ ਹੈ। ਕਾਲਜ ਦੀ ਪ੍ਰਿੰਸੀਪਲ ਸੁਰਿੰਦਰ ਕੌਰ ਵੱਲੋਂ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਤ੍ਰਿਲੋਕ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਬਲਰਾਜ ਸਿੰਘ, ਵਾਈਸ ਪ੍ਰਿੰਸੀਪਲ ਹਰਵਿੰਦਰ ਕੌਰ, ਸਿਹਤ ਸੁਪਰਵਾਈਜ਼ਰ ਦੁਰਗਾ ਪ੍ਰਸ਼ਾਦ ਆਦਿ ਹਾਜ਼ਰ ਸਨ।